
ਖੇਤੀ ਕਾਨੂੰਨ: ਹਰੇਕ ਨਾਗਰਿਕ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਲੋੜ: ਚੜੂਨੀ
ਮਾਨਵਤਾ ਦੀ ਹੋਂਦ ਦੀ ਲੜਾਈ ਹੈ ਕਿਸਾਨੀ ਸੰਘਰਸ਼: ਗੁਰਨਾਮ ਸਿੰਘ ਚੜੂਨੀ
ਸੋਹਾਣਾ ਤੋਂ ਦਿੱਲੀ ਜਾਣ ਵਾਲੀ ਕਿਸਾਨ ਕਾਰ ਰੈਲੀ ਨੂੰ ਕੀਤਾ ਰਵਾਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਕਿਸਾਨੀ ਅੰਦੋਲਨ ਮਾਨਵਤਾ ਦੀ ਹੋਂਦ ਦੀ ਲੜਾਈ ਹੈ, ਜੋ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਖ਼ਤਮ ਨਹੀਂ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਨ ਅੰਦੋਲਨ ਹੋਰ ਵੀ ਮਜ਼ਬੂਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਇੱਥੇ ਸੋਹਾਣਾ ਤੋਂ ਦਿੱਲੀ ਲਈ ਕਿਸਾਨ ਕਾਰ ਰੈਲੀ ਨੂੰ ਰਵਾਨਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੀ ਲੜਾਈ ਹੈ ਬਲਕਿ ਇੱਕ ਧਰਮ ਯੁੱਧ ਹੈ। ਲਿਹਾਜ਼ਾ ਹਰੇਕ ਨਾਗਰਿਕ ਇੱਕ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਪੰਜਾਬੀ ਗਾਇਕ ਜੱਸ ਬਾਜਵਾ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਚੜੂਨੀ ਨੇ ਗੁਰਮੀਤ ਸਿੰਘ ਨੂੰ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦਾ ਐਲਾਨ ਵੀ ਕੀਤਾ।
ਸ੍ਰੀ ਚੜੂਨੀ ਨੇ ਕਿਹਾ ਕਿ ਕਿਸਾਨ ਸੰਘਰਸ਼ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਖ਼ਤਮ ਨਹੀਂ ਹੋਵੇਗਾ ਅਤੇ ਇਸ ਲਈ ਭਾਵੇਂ ਕਿੰਨਾ ਵੀ ਹੋਰ ਸਮਾਂ ਲੱਗੇ ਕਿਸਾਨ ਦਿਨ ਦੁੱਗਣੀ ਰਾਤ ਚੌਗਣੀ ਮਿਹਨਤ ਨਾਲ ਸੰਘਰਸ਼ ਕਰਦੇ ਰਹਿਣਗੇ। ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਸੋਹਾਣਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਕਿਸਾਨ ਹਿਤੈਸ਼ੀ ਪੁਆਧੀ ਹਲਕਾ ਮੁਹਾਲੀ ਵੱਲੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਮੁੱਖ ਗੇਟ ਦੇ ਬਾਹਰ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਦੇ 27ਵੇਂ ਦਿਨ ਭੁੱਖ ਹੜਤਾਲ ’ਤੇ ਬੈਠੇ ਜੀਐਸ ਪ੍ਰਾਪਰਟੀ ਬਾਕਰਪੁਰ ਦੇ ਮੈਂਬਰਾਂ ਦੀ ਹੌਸਲਾ ਅਫਜਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਆਕਸੀਜਨ ਅਤੇ ਦਵਾਈਆਂ ਦੀ ਬਲੈਕ ਹੁੰਦੀ ਹੋਵੇ ਅਤੇ ਹਸਪਤਾਲਾਂ ਵਿੱਚ ਬੈਡ ਲੈਣ ਲਈ ਵਾਧੂ ਪੈਸੇ ਦੇਣੇ ਪੈਂਦੇ ਹੋਣ ਉਸ ਦੇਸ਼ ਵਿੱਚ ਜੇਕਰ ਅਨਾਜ ਦਾ ਪੂਰਾ ਕੰਟਰੋਲ ਵਪਾਰੀ ਘਰਾਣਿਆਂ ਦੇ ਹੱਥਾਂ ਵਿੱਚ ਚਲਾ ਗਿਆ ਤਾਂ ਇਸ ਦੀ ਕਾਲਾਬਾਜ਼ਾਰੀ ਹੋਰ ਜ਼ਿਆਦਾ ਵਧ ਜਾਣ ਦਾ ਖ਼ਦਸ਼ਾ ਹੈ। ਇਸ ਮੌਕੇ ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਅਮਨ ਪੂਨੀਆ, ਅਮਰਜੀਤ ਸਿੰਘ ਨਰੈਣ, ਦਵਿੰਦਰ ਸਿੰਘ ਬੌਬੀ, ਮਿੰਦਰ ਸਿੰਘ ਸੋਹਾਣਾ, ਨੰਬਰਦਾਰ ਹਰਵਿੰਦਰ ਸਿੰਘ, ਯੂਥ ਕਲੱਬ ਸੋਹਾਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੁਰੀ ਬੈਦਵਾਨ ਅਤੇ ਹੋਰ ਕਿਸਾਨ ਮੌਜੂਦ ਸਨ।