
ਖੇਤੀ ਕਾਨੂੰਨ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਲਲਕਾਰਿਆਂ
ਮੋਦੀ ਸਰਕਾਰ ਕੰਨ ਖੋਲ੍ਹ ਕੇ ਸੁਣ ਲਏ ਕਿਸਾਨ ਕਰੋਨਾ ਤੋਂ ਡਰ ਕੇ ਭੱਜਣ ਵਾਲੇ ਨਹੀਂ: ਰਾਕੇਸ਼ ਟਿਕੈਤ
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸੇ ਵੀ 26 ਤਰੀਕ ਨੂੰ ਹੋ ਸਕਦਾ ਹੈ ਕੋਈ ਵੱਡਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨ ਕਰੋਨਾ ਦੀ ਆੜ ਵਿੱਚ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪ੍ਰੰਤੂ ਮੋਦੀ ਸਰਕਾਰ ਕੰਨ ਖੋਲ੍ਹ ਕੇ ਇਹ ਗੱਲ ਸੁਣ ਲਵੇ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਦੇਸ਼ ਦੇ ਕਿਸਾਨ ਕਰੋਨਾ ਮਹਾਮਾਰੀ ਤੋਂ ਡਰ ਕੇ ਭੱਜਣ ਵਾਲੇ ਨਹੀਂ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਟਿਕੈਤ ਨੇ ਕਿਹਾ ਕਿ ਕਿਸਾਨ ਆਗੂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪ੍ਰੰਤੂ ਪ੍ਰਧਾਨ ਮੰਤਰੀ ਖ਼ੁਦ ਗੱਲਬਾਤ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪ੍ਰਧਾਨ ਦਫ਼ਤਰ ਦਫ਼ਤਰ ਅਤੇ ਨਿਵਾਸ ਤੋਂ ਥੋੜੇ ਹੀ ਫਰਕ ਨਾਲ ਧਰਨੇ ’ਤੇ ਬੈਠੇ ਹਨ ਲੇਕਿਨ ਪ੍ਰਧਾਨ ਮੰਤਰੀ ਸ਼ਾਇਦ ਅੰਨੇ ਅਤੇ ਬੋਲੇ ਹੋ ਗਏ ਹਨ। ਜਿਨ੍ਹਾਂ ਨੂੰ ਕਿਸਾਨਾਂ ਦੀ ਪੁਕਾਰ ਸੁਣਾਈ ਅਤੇ ਦਿਖਾਈ ਨਹੀਂ ਦੇ ਰਹੀ ਹੈ ਅਤੇ ਉਹ ਪਿੱਠ ਦਿਖਾ ਕੇ ਭੱਜ ਰਹੇ ਹਨ।

ਸ੍ਰੀ ਟਿਕੈਤ ਨੇ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਵਾਪਸ ਆਪਣੇ ਘਰਾਂ ਨੂੰ ਨਹੀਂ ਮੁੜਨਗੇ ਅਤੇ 26 ਮਈ ਨੂੰ ਕਾਲਾ ਦਿਨ ਮਨਾਇਆ ਜਾਵੇਗਾ। ਇਸ ਦਿਨ ਦਿੱਲੀ ਬਾਰਡਰ ’ਤੇ ਧਰਨੇ ਉੱਤੇ ਬੈਠੇ ਕਿਸਾਨ ਕਾਲੇ ਕੱਪੜੇ ਧਾਰਨ ਕਰਨਗੇ ਅਤੇ ਜਿਹੜੇ ਕਿਸਾਨ ਆਪਣੇ ਪਿੰਡਾਂ ਵਿੱਚ ਹਨ, ਉਨ੍ਹਾਂ ਨੂੰ ਵੀ ਕਾਲੇ ਕੱਪੜੇ ਪਾ ਕੇ ਰੋਸ ਪ੍ਰਗਟਾਉਣਾ ਚਾਹੀਦਾ ਹੈ। ਪਾਰਲੀਮੈਂਟ ਦੇ ਘਿਰਾਓ ਬਾਰੇ ਪੁੱਛੇ ਜਾਣ ’ਤੇ ਸ੍ਰੀ ਟਿਕੈਤ ਨੇ ਕਿਹਾ ਕਿ ਜਲਦੀ ਹੀ ਅਜਿਹਾ ਕੋਈ ਐਕਸ਼ਨ ਹੋ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਹਰੇਕ 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਮੁਤੱਲਕ ਕੋਈ ਵੱਡਾ ਐਲਾਨ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਬੀਤੀ 26 ਜਨਵਰੀ ਨੂੰ ਲਾਲ ਕਿੱਲੇ ’ਤੇ ਧਾਰਮਿਕ ਝੰਡਾ ਲਹਿਰਾਉਣਾ ਕੋਈ ਅਪਰਾਧ ਨਹੀਂ ਹੈ। ਲਾਲ ਕਿਲ੍ਹਾ ਹੁਕਮਰਾਨਾਂ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈ, ਬਲਕਿ ਇਸ ’ਤੇ ਪੂਰੇ ਦੇਸ਼ ਵਾਸੀਆਂ ਦਾ ਹੱਕ ਹੈ ਅਤੇ ਹਿੰਸਕ ਘਟਨਾ ਦੀ ਆੜ ਵਿੱਚ ਜਿਨ੍ਹਾਂ ਲੋਕਾਂ ’ਤੇ ਪੁਲੀਸ ਕੇਸ ਦਰਜ ਕੀਤੇ ਗਏ ਹਨ, ਉਹ ਸਾਰੇ ਬੇਕਸੂਰ ਹਨ। ਸ੍ਰੀ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਰੋਨਾ ਦੀ ਆੜ ਵਿੱਚ ਕਿਸਾਨੀ ਸੰਘਰਸ਼ ਬਾਰੇ ਸੋਚਣਾ ਬੰਦ ਕਰਕੇ ਮਹਾਮਾਰੀ ਦਾ ਇਲਾਜ ਲੱਭਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਦੇਸ਼ ਵਾਸੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਣ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਤੇ ਜੱਟ ਮਹਾਂ ਸਭਾ ਚੰਡੀਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ, ਪ੍ਰੋ. ਮੇਹਰ ਸਿੰਘ ਮੱਲ੍ਹੀ, ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਸੋਹਾਣਾ, ਕਾਂਗਰਸ ਆਗੂ ਸਤਵਿੰਦਰ ਸਿੰਘ ਚੈੜੀਆਂ, ਅਕਾਲੀ ਦਲ ਦੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ, ਸਾਬਕਾ ਕੌਂਸਲਰ ਕਮਲਜੀਤ ਕੌਰ, ਨੰਬਰਦਾਰ ਹਰਸੰਗਤ ਸਿੰਘ ਅਤੇ ਹਰਬੀਰ ਸਿੰਘ ਢੀਂਡਸਾ ਆਦਿ ਵੀ ਹਾਜ਼ਰ ਸਨ।