ਖੇਤੀ ਕਾਨੂੰਨ: ਕਿਸਾਨ ਅੰਦੋਲਨ ਨੇ ਪੂਰੇ ਸੰਸਾਰ ਨੂੰ ਨਵੀਂ ਸੇਧ ਦਿੱਤੀ: ਹਮੀਰ ਸਿੰਘ

ਪ੍ਰੈਸ ਕਲੱਬ ਬਨੂੜ ਤੇ ਮਿਸ਼ਨ ਵਿੱਦਿਆ ਫਾਊਂਡੇਸ਼ਨ ਦੇ ਮੈਂਬਰ ਭੁੱਖ ਹੜਤਾਲ ’ਤੇ ਬੈਠੇ

ਕਿਸਾਨ ਮੋਰਚੇ ਦੇ ਹੱਕ ਵਿੱਚ ਲੜੀਵਾਰ ਭੁੱਖ-ਹੜਤਾਲ ਦੇ 49ਵੇਂ ਦਿਨ ਵਿੱਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਐਤਵਾਰ ਨੂੰ 49ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਅੱਜ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ (ਪੰਜਾਬੀ ਟ੍ਰਿਬਿਊਨ) ਦੀ ਅਗਵਾਈ ਹੇਠ ਪ੍ਰੈਸ ਕਲੱਬ ਬਨੂੜ ਅਤੇ ਵਿੱਦਿਆ ਫਾਊਂਡੇਸ਼ਨ ਬਨੂੜ ਦੇ ਕਾਰਕੁਨ ਭੁਪਿੰਦਰ ਸਿੰਘ (ਅਜੀਤ) ਗੁਰਪਾਲ ਸਿੰਘ (ਜੱਗਬਾਣੀ), ਅਸ਼ਵਿੰਦਰ ਸਿੰਘ (ਪੰਜਾਬੀ ਜਾਗਰਣ\ਦੈਨਿਕ ਭਾਸਕਰ), ਅਵਤਾਰ ਸਿੰਘ (ਦੇਸ਼ ਸੇਵਕ\ਰੋਜ਼ਾਨਾ ਸਪੋਕਸਮੈਨ), ਨਰਿੰਦਰ ਮਨੌਲੀ (ਅਮਰ ਉਜਾਲਾ), ਗੁਰਮੀਤ ਸਿੰਘ (ਨਵਾਂ ਜ਼ਮਾਨਾ), ਮਿਸ਼ਨ ਵਿੱਦਿਆ ਫਾਊਂਡੇਸ਼ਨ ਬਨੂੜ ਦੇ ਕਾਰਕੁਨ ਪ੍ਰੀਤਇੰਦਰ ਸਿੰਘ ਢੀਂਡਸਾ, ਵਰਿੰਦਰ ਸਿੰਘ ਨੀਲਾ ਕਰਾਲਾ, ਰਛਪਾਲ ਸਿੰਘ ਬੂਟਾ ਸਿੰਘ ਵਾਲਾ, ਚੰਦਨ ਸ਼ਰਮਾ ਬਨੂੜ, ਤੇਜਿੰਦਰ ਸਿੰਘ ਫਤਿਹ ਹੁਲਕਾ, ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਦਿਲਬਾਗ ਸਿੰਘ ਬਨੂੜ ਭੁੱਖ-ਹੜਤਾਲ ’ਤੇ ਬੈਠੇ। ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਨਛੱਤਰ ਸਿੰਘ ਬੈਦਵਾਨ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਸਿਆਊ, ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਪੁਆਧੀ ਮੰਚ ਦੇ ਨੁਮਾਇੰਦੇ ਹਰਦੀਪ ਸਿੰਘ ਬਠਲਾਣਾ, ਪਰਵਿੰਦਰ ਸਿੰਘ ਬੈਦਵਾਨ ਵੀ ਉਚੇਚੇ ਤੌਰ ’ਤੇ ਧਰਨੇ ਵਿੱਚ ਪਹੁੰਚੇ।
ਇਸ ਮੌਕੇ ਬੋਲਦਿਆਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਪੂਰੇ ਸੰਸਾਰ ਨੂੰ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਜਿਹੀ ਹਾਲਾਤ ਰਹੇ ਤਾਂ ਕਰੋਨਾ ਤਾਂ ਇਕ ਪਾਸੇ ਰਿਹਾ ਆਉਣ ਵਾਲੇ ਸਮੇਂ ਵਿੱਚ ਲੋਕ ਭੁੱਖਮਾਰੀ ਨਾਲ ਜ਼ਿਆਦਾ ਮਰਨਗੇ। ਅਜੋਕੇ ਸਮੇਂ ਵਿੱਚ ਇਕ ਮਿੰਟ ’ਚ 11 ਬੰਦੇ ਮਰ ਰਹੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬੀਬੀਆਂ ਦਾ ਧਰਨੇ ’ਤੇ ਬੈਠਣਾ ਨਵੇਂ ਇਨਕਲਾਬ ਦੀ ਸ਼ੁਰੂਆਤ ਹੈ। ਹਮੀਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਜਦੋਂ ਵੀ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਜਾਣ ਤਾਂ ਵਫ਼ਦ ਵਿੱਚ ਘੱਟੋ-ਘੱਟ 5-7 ਬੀਬੀਆਂ ਵੀ ਜ਼ਰੂਰ ਸ਼ਾਮਲ ਕੀਤੀਆਂ ਜਾਣ। ਕਿਉਂਕਿ ਪਿੰਡਾਂ ਵਿੱਚ ਸਿਆਸੀ ਆਗੂਆਂ ਨੂੰ ਬੀਬੀਆਂ ਸਾਫ਼ ਦਿਲ ਨਾਲ ਸਵਾਲ ਪੁੱਛਦੀਆਂ ਹਨ ਕਿਉਂਕਿ ਬੰਦੇ ਤਾਂ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਆਬਾਦੀ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਜੱਟਾਂ ਦੀ 21 ਫੀਸਦੀ ਅਤੇ ਦਲਿਤਾਂ ਦੀ 37 ਫੀਸਦੀ ਆਬਾਦੀ ਹੈ। ਜੇਕਰ ਇਹ ਦੋਵੇਂ ਵਰਗ ਇਕਜੁੱਟ ਹੋ ਜਾਣ ਤਾਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਸੰਭਵ ਹੈ।
ਇਸ ਤੋਂ ਪਹਿਲਾਂ ਲੋਕ ਸੰਪਰਕ ਵਿਭਾਗ ਦੇ ਸਾਬਕਾ ਸੰਯੁਕਤ ਡਾਇਰੈਕਟਰ ਡਾ. ਮੇਘਾ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਦੇਸ਼ ਦੇ ਹਰ ਨਾਗਰਿਕ ਨੂੰ ਕਿਸਾਨ ਅੰਦੋਨ ਦਾ ਹਿੱਸਾ ਬਣਨ ਦੀ ਲੋੜ ਹੈ। ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਸਫਲਤਾ ਲਈ ਬੀਬੀਆਂ ਦਾ ਅਹਿਮ ਰੋਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੀਬੀਆਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਗੀਆਂ।
ਇਸ ਮੌਕੇ ਕਰਮਜੀਤ ਸਿੰਘ ਚਿੱਲਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਜਿੰਨੀ ਮਰਜ਼ੀ ਡਰਾਮੇਬਾਜ਼ੀ ਕਰ ਲਵੇ ਲੇਕਿਨ ਕਿਸਾਨਾਂ ਆਪਣੇ ਹੱਕ ਲਏ ਬਿਨਾਂ ਵਾਪਸ ਘਰ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜ਼ਿੱਦ ਛੱਡ ਕੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ ਅਤੇ ਭਾਜਪਾ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨਾਲ ਵਿਗਾੜ ਕੇ ਕੋਈ ਵੀ ਸਿਆਸੀ ਧਿਰ ਕਾਮਯਾਬ ਨਹੀਂ ਹੋਈ ਅਤੇ ਨਾ ਹੀ ਹੋ ਸਕਦੀ ਹੈ। ਕਿਸਾਨ ਅੰਦੋਲਨ ਜਿੰਨਾ ਲੰਮਾ ਚੱਲੇਗਾ, ਭਾਜਪਾ ਨੂੰ ਇਸ ਦਾ ਉਨਾ ਹੀ ਵੱਧ ਨੁਕਸਾਨ ਝੱਲਣਾ ਪੈਣਾ ਹੈ।

ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਮਿੰਦਰ ਸਿੰਘ ਸੋਹਾਣਾ ਅਤੇ ਨੰਬਰਦਾਰ ਹਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ ਪ੍ਰੰਤੂ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਦੇਸ਼ ਦੇ ਹੁਕਮਰਾਨਾਂ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਈ ਜਾਵੇ ਕਿਉਂਕਿ ਜੇਕਰ ਕਿਸਾਨ ਗੁਪਤ ਐਕਸ਼ਨ ਕਰਨ ’ਤੇ ਉਤਾਰੂ ਹੋ ਗਏ ਤਾਂ ਸਰਕਾਰਾਂ ਨੂੰ ਮੌਕਾ ਸੰਭਾਲਣਾ ਫਿਰ ਅੌਖਾ ਹੋ ਜਾਵੇਗਾ। ਉਨ੍ਹਾਂ ਮੁੜ ਦੁਹਰਾਇਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਹਰੇਕ ਨਾਗਰਿਕ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਲੋੜ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਨਿਆਮੀਆਂ, ਰਣਜੀਤ ਸਿੰਘ ਰਾਣਾ, ਪੰਜਾਬ ਪਲੀਸ ਦੇ ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ, ਗੁਰਬਚਨ ਸਿੰਘ ਨਗਾਰੀ, ਦਵਿੰਦਰ ਸਿੰਘ ਬੌਬੀ, ਮਨਮੋਹਨ ਸਿੰਘ, ਯੂਥ ਆਗੂ ਖੁਸ਼ਇੰਦਰ ਸਿੰਘ ਬੈਦਵਾਨ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਿਤੈਸ਼ੀ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …