
ਖੇਤੀ ਕਾਨੂੰਨ: ਦਿਸ਼ਾ ਟਰੱਸਟ ਦੀਆਂ ਬੀਬੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਵਿਸ਼ਾਲ ਟਰੈਕਟਰ ਮਾਰਚ
ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਮੁੜਾਂਗੀਆਂ: ਹਰਦੀਪ ਕੌਰ ਵਿਰਕ
ਅੰਤਰਰਾਸ਼ਟਰੀ ਗਾਇਕਾ ਆਰ ਦੀਪ ਰਮਨ ਨੇ ਕਿਸਾਨੀ ਗੀਤਾਂ ਰਾਹੀਂ ਭਰਿਆ ਰੈਲੀ ਵਿੱਚ ਜੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਸਮਾਜਿਕ ਪਰਿਵਰਤਨ ਅਤੇ ਅੌਰਤਾਂ ਵਿਰੁੱਧ ਅੱਤਿਆਚਾਰਾਂ ਖ਼ਿਲਾਫ਼ ਕਾਰਜਸ਼ੀਲ ਸਮਾਜ ਸੇਵੀ ਸੰਸਥਾ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਵੱਲੋਂ ਅੱਜ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ। ਜਿਸ ਵਿੱਚ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਅੌਰਤਾਂ ਨੇ ਸ਼ਿਰਕਤ ਕੀਤੀ। ਟਰੈਕਟਰ ਰੈਲੀ ਦੇ ਆਗਾਜ਼ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿਖੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਇਸ ਮਗਰੋਂ ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਖ਼ੁਦ ਟਰੈਕਟਰ ਚਲਾ ਕੇ ਰੈਲੀ ਦੀ ਅਗਵਾਈ ਕੀਤੀ। ਅੰਤਰਰਾਸ਼ਟਰੀ ਗਾਇਕਾ ਆਰਦੀਪ ਰਮਨ ਨੇ ਕਿਸਾਨੀ ਦੇ ਨਾਲ ਸਬੰਧਤ ਗੀਤ ਗਾ ਕੇ ਰੈਲੀ ਦੇ ਵਿੱਚ ਜੋਸ਼ ਭਰਿਆ। ਬੀਬੀ ਵਿਰਕ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਨਿਸ਼ਚੇ ਕਰਕੇ ਆਪਣੀ ਜਿੱਤ ਕਰਨ ਲਈ ਪ੍ਰੇਰਿਆ ਹੈ ਅਤੇ ਹੁਣ ਉਹ ਨਿਸਚੈ ਕਰ ਚੁੱਕੇ ਹਨ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਵਾਪਸ ਆਪਣੇ ਘਰਾਂ ਨੂੰ ਮੁੜਨਗੇ। ਬੀਬੀ ਗੁਰਪ੍ਰੀਤ ਕੌਰ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਟਰੈਕਟਰ ਰੈਲੀ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਲਾਲ ਬੱਤੀ ਚੌਕ ਫੇਜ਼-7 ਤੋਂ ਹੁੰਦੀ ਹੋਈ ਕੁੰਭੜਾ ਚੌਕ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪਹੁੰਚ ਕੇ ਸਮਾਪਤ ਹੋਈ। ਰੈਲੀ ਵਿੱਚ ਟਰੈਕਟਰ ਲੈ ਕੇ ਆਉਣ ਦੀ ਸੇਵਾ ਸ਼ੌਂਕੀ ਬਹਿਲੋਲਪੁਰ, ਬਿੱਟੂ ਗੁੱਜਰ, ਸ਼ੇਰ ਸਿੰਘ, ਕਾਲਾ, ਗੌਤਮ ਗੋਲਾ ਰੁੜਕਾ, ਮਿੰਟੂ ਗੁੱਜਰ, ਨਰੇਸ਼ ਥੰਬੜ, ਦੀਪੂ ਨਾਢਾ, ਅਰਣ ਘੰਡੋਲੀ, ਦੀਪ ਮੀਡੀਆ ਰਿਲੇਸ਼ਨ ਦੇ ਡਾਇਰੈਕਟਰ ਗਗਨਦੀਪ ਸਿੰਘ ਵਿਰਕ ਅਤੇ ਪ੍ਰੀਤ ਨੇ ਨਿਭਾਈ ਗਈ। ਇਸ ਮੌਕੇ ਦਿਸ਼ਾ ਟਰੱਸਟ ਦੇ ਮੀਤ ਪ੍ਰਧਾਨ ਕੁਲਦੀਪ ਕੌਰ, ਗੁਰਮੀਤ ਕੁਲਾਰ, ਸੁਖਵਿੰਦਰ ਕੌਰ, ਮਨਦੀਪ ਕੌਰ ਬੈਂਸ ਸਮੇਤ ਗਿਣਤੀ ਵਿੱਚ ਦਿਸ਼ਾ ਟਰੱਸਟ ਦੀਆਂ ਮੈਂਬਰ ਅੌਰਤਾਂ ਮੌਜੂਦ ਸਨ।