
ਖੇਤੀ ਕਾਨੂੰਨ: ਮੁਹਾਲੀ ਵਿੱਚ ਕਿਸਾਨਾਂ ਨੇ ਰੇਲ ਆਵਾਜਾਈ ਰੋਕ ਕੇ ਕੀਤੀ ਨਾਅਰੇਬਾਜ਼ੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਹੋਰਨਾਂ ਜਥੇਬੰਦੀਆਂ ਦੇ ਬੈਨਰ ਹੇਠ ਅੱਜ ਇੱਥੇ ਇਲਾਕੇ ਦੇ ਕਿਸਾਨਾਂ ਨੇ ਮੁਹਾਲੀ ਰੇਲਵੇ ਸਟੇਸ਼ਨ ’ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਦਿਆਂ ਸਵੇਰੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੇਲ ਆਵਾਜਾਈ ਰੋਕ ਕੇ ਰੱਖੀ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ ਕਰਾਲਾ ਪ੍ਰਧਾਨ ਡਕੌਂਦਾ, ਜ਼ਿਲ੍ਹਾ ਮੁਹਾਲੀ, ਲਖਵਿੰਦਰ ਸਿੰਘ ਲੱਖੀ ਕਰਾਲਾ, ਬਲਾਕ ਪ੍ਰਧਾਨ ਮੁਹਾਲੀ ਸਿੱਧੂਪੁਰ, ਸੁਰਜੀਤ ਸਿੰਘ ਸਿਆਊ ਸੀਨੀਅਰ ਮੀਤ ਪ੍ਰਧਾਨ ਬਲਾਕ ਮੁਹਾਲੀ ਬੀਕੇਯੂ ਸਿੱਧੂਪੁਰ, ਗੁਰਪ੍ਰੀਤ ਸਿੰਘ ਮਟਰਾਂ ਬਲਾਕ ਪ੍ਰਧਾਨ ਮੁਹਾਲੀ ਕਾਦੀਆਂ, ਮੁਖ਼ਤਿਆਰ ਸਿੰਘ ਕੁਰੜਾ ਮੀਤ ਪ੍ਰਧਾਨ ਬੀਕੇਯੂ ਮੁਹਾਲੀ ਸਿੱਧੂਪੁਰ ਵੀ ਹਾਜਰ ਸਨ। ਉਹਨਾਂ ਮੰਗ ਕੀਤੀ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ ਅਤੇ ਕਿਸਾਨਾਂ ਨੂੰ ਫਸਲਾਂ ਦਾ ਉਚਿੱਤ ਭਾਅ ਦੇਣ ਲਈ ਸਵਾਮੀਨਾਥਨ ਦੀ ਰਿਪੋਰਟ ਹੂਬਹੂ ਲਾਗੂ ਕੀਤੀ ਜਾਵੇ। ਉਹਨਾਂ ਕਿਹਾ ਜਦੋਂ ਤੱਕ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਕਿਸਾਨੀ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕਰਕੇ ਕਿਸਾਨ ਅੰਦੋਲਨ ਨੂੰ ਹੋਰ ਭਖਾਇਆ ਜਾਵੇਗਾ।