
ਖੇਤੀਬਾੜੀ ਅਫ਼ਸਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ (ਐਗਟੈੱਕ) ਦੇ ਫੈਸਲੇ ਅਨੁਸਾਰ ਪੰਜਾਬ ਦੇ ਸਮੂਹ ਖੇਤੀ ਟੈਕਨੋਕਰੇਟਸ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਕੀਤੀ ਦੋ ਰੋਜ਼ਾ ਕਲਮਛੋੜ ਹੜਤਾਲ ਪੂਰੀ ਤਰ੍ਹਾਂ ਸਫਲ ਰਹੀ ਹੈ। ਐਗਟੈੱਕ ਦੇ ਜਰਨਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਪੰਜਾਬ ਨੂੰ ਮਿਲ ਕੇ ਵਿਸਥਾਰ ਪੂਰਵਕ ਜਥੇਬੰਦੀ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਹੈ। ਜਿਸ ’ਤੇ ਉਨ੍ਹਾਂ ਭਰੋਸਾ ਦਿੱਤਾ ਕਿ ਜਥੇਬੰਦੀ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ। ਜਿਨ੍ਹਾਂ ਦਾ ਛੇਤੀ ਹੀ ਸਰਕਾਰ ਪੱਧਰ ’ਤੇ ਨਿਪਟਾਰਾ ਕਰਵਾਇਆ ਜਾਵੇਗਾ।
ਇਸ ਮੌਕੇ ਐਗਟੈੱਕ ਦੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਨੇ ਸਰਕਾਰ ਤੋਂ ਖੇਤੀਬਾੜੀ ਅਫ਼ਸਰਾਂ ਦੀਆਂ ਜਾਇਜ਼ ਮੰਗਾਂ ’ਤੇ ਵਿਚਾਰ ਚਰਚਾ ਕਰਨ ਲਈ ਢੁਕਵਾਂ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ 26 ਮਈ ਤੱਕ ਜਥੇਬੰਦੀ ਦੇ ਵਫ਼ਦ ਨਾਲ ਪੈਨਲ ਮੀਟਿੰਗ ਨਾ ਕੀਤੀ ਗਈ ਤਾਂ ਪੰਜਾਬ ਦੇ ਸਮੂਹ ਖੇਤੀ ਟੈਕਨੋਕਰੇਟ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਐਗਟੈੱਕ ਦੇ ਕਨਵੀਨਰ ਡਾ. ਸੁਸ਼ੀਲ ਅੱਤਰੀ, ਸਕੱਤਰ ਜਨਰਲ ਡਾ. ਕਿਰਪਾਲ ਸਿੰਘ ਢਿੱਲੋਂ, ਡਾ. ਬੇਅੰਤ ਸਿੰਘ ਅਤੇ ਡਾ. ਹਰਪਾਲ ਸਿੰਘ ਪੰਨੂ ਵੀ ਹਾਜ਼ਰ ਸਨ।