ਖੇਤੀ ਆਰਡੀਨੈਂਸ: ਕਿਸਾਨਾਂ ਵੱਲੋਂ ਵੀਰਵਾਰ ਨੂੰ ਖਰੜ-ਬਨੂੜ ਸੜਕ ’ਤੇ ਚੱਕਾ ਜਾਮ ਕਰਨ ਦਾ ਐਲਾਨ

ਪਿੰਡ ਰਾਏਪੁਰ ਕਲਾਂ ਨੇੜੇ 24ਵੇਂ ਦਿਨ ਵੀ ਰਿਲਾਇੰਸ ਪੈਟਰੋਲ ਪੰਪ ਦੀ ਘੇਰਾਬੰਦੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀਬਾੜੀ ਸੈਕਟਰ ਨਾਲ ਜੁੜੇ ਤਿੰਨ ਆਰਡੀਨੈਂਸ ਪਾਸ ਕਰਨ ਖ਼ਿਲਾਫ਼ ਅੰਨਦਾਤਾ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਇਲਾਕੇ ਦੇ ਕਿਸਾਨਾਂ ਨੇ ਧੜੇਬੰਦੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਾਂਡਰਾਂ-ਬਨੂੜ ਸੜਕ ’ਤੇ ਪਿੰਡ ਭਾਗੋਮਾਜਰਾ ਨੇੜੇ ਅੱਜ 24ਵੇਂ ਦਿਨ ਪਿੰਡ ਰਾਏਪੁਰ ਕਲਾਂ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਅਤੇ ਧਰਨਾ ਪ੍ਰਦਰਸ਼ਨ ਜਾਰੀ ਰੱਖਦਿਆਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਭਲਕੇ 5 ਨਵੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਗਿਆ।
ਇਸ ਮੌਕੇ ਪੈਰੀਫੈਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਕਿਸਾਨ ਯੂਨੀਅਨ ਮੁਹਾਲੀ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਕੁਰੜੀ, ਮੀਤ ਪ੍ਰਧਾਨ ਅਵਤਾਰ ਸਿੰਘ ਸਾਬਕਾ ਸਰਪੰਚ ਅਤੇ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕਸੁਰ ਵਿੱਚ ਕਿਸਾਨ ਏਕਤਾ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸ਼ੁਰੂ ਤੋਂ ਹੀ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਸਬੰਧੀ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਜਦੋਂਕਿ ਕਿਸਾਨ ਹੁਣ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨ ਮੱੁਢੋਂ ਰੱਦ ਕੀਤੇ ਜਾਣ। ਆਗੂਆਂ ਨੇ ਕਿਸਾਨਾਂ ਨੂੰ ਵਿਆਜ ਮੁਆਫ਼ੀ ਸਕੀਮ ਤੋਂ ਬਾਹਰ ਕਰਨ ਦੀ ਵੀ ਨਿਖੇਧੀ ਕੀਤੀ।
ਇਸ ਮੌਕੇ ਜਸਪ੍ਰੀਤ ਸਿੰਘ ਸਰਪੰਚ ਰਾਏਪੁਰ ਕਲਾਂ, ਗੁਰਮਿੰਦਰ ਸਿੰਘ, ਹਾਕਮ ਸਿੰਘ ਪੱਤੋਂ, ਸੰਤ ਸਿੰਘ ਕੁਰੜੀ, ਸੁਰਮੁੱਖ ਸਿੰਘ ਭਾਗੋਮਾਜਰਾ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਮਨਪ੍ਰੀਤ ਸਿੰਘ ਟੋਨੀ, ਹਰਿੰਦਰ ਸਿੰਘ ਬੈਰੋਂਪੁਰ, ਯੂਥ ਆਗੂ ਗੁਰਜੰਟ ਸਿੰਘ ਪੂਨੀਆ, ਅੰਮ੍ਰਿਤਜੋਤ ਸਿੰਘ ਪੂਨੀਆ, ਪਰਵਿੰਦਰ ਸਿੰਘ, ਸ਼ੇਰ ਸਿੰਘ, ਕਾਕਾ ਸਿੰਘ ਮੌਜਪੁਰ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਸਮੇਤ ਇਲਾਕੇ ਦੇ ਹੋਰ ਕਿਸਾਨ ਹਾਜ਼ਰ ਸਨ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…