ਖੇਤੀ ਆਰਡੀਨੈਂਸ: ਕਿਸਾਨਾਂ ਵੱਲੋਂ ਬੈਸਟੈੱਕ ਮਾਲ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਸੈਕਟਰ-70 ਦੀ ਮਾਰਕੀਟ ਵਿਚਲਾ ਰਿਲਾਇੰਸ ਦਾ ਸ਼ੋਅਰੂਮ ਵੀ ਪਿਆ ਹੈ ਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਕਿਸਾਨ ਵਿਰੋਧੀ ਖੇਤੀਬਾੜੀ ਸੈਕਟਰ ਨਾਲ ਜੁੜੇ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ’ਤੇ ਹਨ ਅਤੇ ਉੱਥੇ ਕੇਂਦਰ ਸਰਕਾਰ ਵੀ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਜਿਸ ਕਾਰਨ ਅੰਨਦਾਤਾ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਸੋਮਵਾਰ ਨੂੰ ਮੁਹਾਲੀ ਵਿੱਚ ਬੈਸਟੈੱਕ ਮਾਲ ਦੇ ਬਾਹਰ ਧਰਨਾ ਦਿੱਤਾ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਕਾਰਵਾਈ ਨੂੰ ਭਾਰਤੀ ਕਿਸਾਨ ਯੂਨੀਅਨ ਬਲਾਕ ਮੁਹਾਲੀ ਦੇ ਪ੍ਰਧਾਨ ਕੁਲਦੀਪ ਸਿੰਘ ਕੁਰੜੀ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਇਸ ਮੌਕੇ ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਪਹੁੰਚ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਖੇਤੀ ਬਿੱਲ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਂਜ ਕਿਸਾਨਾਂ ਨੇ ਪਿੰਡ ਰਾਏਪੁਰ ਕਲਾਂ ਨੇੜੇ ਰਿਲਾਇੰਸ ਪੈਟਰੋਲ ਪੰਪ ਦੀ ਘੇਰਾਬੰਦੀ ਕਰਕੇ ਲਾਇਆ ਜਾ ਰਿਹਾ ਲੜੀਵਾਰ ਧਰਨਾ ਪਿਛਲੇ ਦਿਨੀਂ ਆਪਸੀ ਸਹਿਮਤੀ ਨਾਲ ਚੁੱਕ ਲਿਆ ਗਿਆ ਹੈ। ਉਧਰ, ਕਿਸਾਨਾਂ ਦੀ ਧਮਕੀ ਤੋਂ ਬਾਅਦ ਇੱਥੋਂ ਦੇ ਸੈਕਟਰ-70 ਦੀ ਮਾਰਕੀਟ ਵਿਚਲਾ ਰਿਲਾਇੰਸ ਦਾ ਸ਼ੋਅਰੂਮ ਵੀ ਪਿਛਲੇ ਕਾਫੀ ਦਿਨਾਂ ਤੋਂ ਬੰਦ ਪਿਆ ਹੈ।
ਇਸ ਮੌਕੇ ਕਿਸਾਨ ਯੂਨੀਅਨ ਦੇ ਬਲਾਕ ਮੁਹਾਲੀ ਦੇ ਪ੍ਰਧਾਨ ਕੁਲਦੀਪ ਸਿੰਘ ਕੁਰੜੀ, ਮੀਤ ਪ੍ਰਧਾਨ ਅਵਤਾਰ ਸਿੰਘ ਸਾਬਕਾ ਸਰਪੰਚ ਅਤੇ ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਸਬੰਧੀ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ ਬਲਕਿ ਇਨਸਾਫ਼ ਪ੍ਰਾਪਤੀ ਲਈ ਆਰਪਾਰ ਦੀ ਲੜਾਈ ਲੜੀ ਜਾਵੇਗੀ। ਬੁਲਾਰਿਆਂ ਨੇ ਕਿਸਾਨ ਵਿਰੋਧੀ ਕਾਨੂੰਨ ਮੁੱਢੋਂ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰ ਰਿਹਾ ਹੈ ਪ੍ਰੰਤੂ ਹੁਕਮਰਾਨ ਕਿਸਾਨਾਂ ਨੂੰ ਉਜਾੜਨ ’ਤੇ ਲੱਗੇ ਹੋਏ ਹਨ।
ਇਸ ਮੌਕੇ ਸੰਤ ਸਿੰਘ ਕੁਰੜੀ, ਸੁਰਮੁੱਖ ਸਿੰਘ ਭਾਗੋਮਾਜਰਾ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਮੱਟਰਾਂ, ਸੁਰਜੀਤ ਸਿੰਘ ਚਾਚੂਮਾਜਰਾ, ਸ਼ਰਨਜੀਤ ਸਿੰਘ, ਜਗਵੰਤ ਸਿੰਘ, ਇੰਦਰਪਾਲ ਸਿੰਘ, ਗੁਰਮੀਤ ਸਿੰਘ ਚਾਓਮਾਜਰਾ, ਅਮਰੀਕ ਸਿੰਘ ਕੰਬਾਲਾ, ਕਰਨ ਸਿੰਘ, ਗੁਰਜੰਟ ਸਿੰਘ, ਸੁਖਚੈਨ ਸਿੰਘ ਗਿੱਲ, ਮਨਿੰਦਰ ਸਿੰਘ ਚਿੱਲਾ, ਕਮਲਜੀਤ ਸਿੰਘ ਪਾਪੜੀ, ਦਲਵੀਰ ਸਿੰਘ, ਹਰਦੀਪ ਸਿੰਘ ਕੰਬਾਲਾ, ਰਣਜੀਤ ਸਿੰਘ ਪਾਪੜੀ, ਜਗਤਾਰ ਸਿੰਘ ਕੁੰਭੜਾ, ਸਾਧੂ ਸਿੰਘ ਕੁੰਭੜਾ, ਮੇਵਾ ਸਿੰਘ ਚਿੱਲਾ ਅਤੇ ਜਗਦੀਸ਼ ਸਿੰਘ ਕੁੰਭੜਾ ਨੇ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…