ਖੇਤੀ ਆਰਡੀਨੈਂਸ: ਕਿਸਾਨ ਜਥੇਬੰਦੀਆਂ ਵੱਲੋਂ ਮੁਹਾਲੀ ਵਿੱਚ ਜ਼ਬਰਦਸਤ ਰੋਸ ਮੁਜ਼ਾਹਰਾ, ਚੱਕਾ ਜਾਮ

ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਗਏ ਕਿਸਾਨ ਆਗੂ ਬੇਰੰਗ ਪਰਤੇ, ਰਾਜਪਾਲ ਨੇ ਨਹੀਂ ਫੜਿਆ ਮੰਗ ਪੱਤਰ

ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਕੜਾਕੇ ਦੀ ਧੁੱਪ ਵਿੱਚ ਡਟੇ ਰਹੇ ਪੰਜਾਬ ਦੇ ਕਿਸਾਨ, ਅਗਲੇ ਸੰਘਰਸ਼ ਦਾ ਐਲਾਨ ਜਲਦੀ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਨਾਲ ਜੁੜੇ ਤਿੰਨ ਆਰਡੀਨੈਂਸਾਂ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਨਾਲ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਜਿਸ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸਮੇਤ ਹੋਰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਨੂੰ ਮੁਹਾਲੀ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਹੁਕਮਰਾਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ, ਕਿਸਾਨ ਯੂਨੀਅਨ (ਲੱਖੋਵਾਲ) ਦੇ ਹਰਿੰਦਰ ਸਿੰਘ ਲੱਖੋਵਾਲ, ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਕਿਸਾਨ ਯੂਨੀਅਨ (ਦੁਆਬਾ) ਦੇ ਮਨਜੀਤ ਸਿੰਘ ਰਾਏ, ਕਿਸਾਨ ਯੂਨੀਅਨ (ਕਾਦੀਆਂ) ਦੇ ਹਰਮੀਤ ਸਿੰਘ ਕਾਦੀਆਂ ਸਮੇਤ ਹੋਰਨਾਂ ਕਿਸਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜਿਣਸਾਂ ਦਾ ਸਹੀ ਭਾਅ ਨਾ ਦੇ ਕੇ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਵੇਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੀ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਹੁਕਮਰਾਨ ਕਿਸਾਨਾਂ ਨੂੰ ਉਜਾੜਨ ’ਤੇ ਲੱਗੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ-8 ਵਿਖੇ ਸਵੇਰੇ ਕਰੀਬ 10 ਵਜੇ ਕਿਸਾਨਾਂ ਦੇ ਕਾਫ਼ਲੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ 12 ਵਜੇ ਤੱਕ ਇੱਥੇ ਕਿਸਾਨਾਂ ਦੀ ਵੱਡੀ ਭੀੜ ਜਮਾਂ ਹੋ ਗਈ। ਵੱਖ-ਵੱਖ ਆਗੂਆਂ ਨੇ ਕਿਸਾਨੀ ਮੁੱਦਿਆਂ ’ਤੇ ਵਿਚਾਰ-ਚਰਚਾ ਕਰਦਿਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਸਾਂਝ ਤੌਰ ’ਤੇ ਆਰ-ਪਾਰ ਦੀ ਲੜਾਈ ਲੜਨ ਦਾ ਆਹਿਦ ਲਿਆ। ਇਸ ਮਗਰੋਂ ਕਾਲੇ ਚੋਲਿਆਂ ਵਿੱਚ ਕਿਸਾਨਾਂ ਨੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ, ਪ੍ਰੰਤੂ ਵਾਈਪੀਐਸ ਚੌਕ ਨੇੜੇ ਪੁਲੀਸ ਨੇ ਕਿਸਾਨਾਂ ਦਾ ਰਾਹ ਰੋਕ ਲਿਆ ਅਤੇ ਉਨ੍ਹਾਂ ਨੂੰ ਯੂਟੀ ਦੀ ਹੱਦ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਜਿਸ ਕਾਰਨ ਕਿਸਾਨ ਕੜਾਕੇ ਦੀ ਧੁੱਪ ਵਿੱਚ ਉੱਥੇ ਹੀ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ। ਹਾਲਾਂਕਿ ਬਾਅਦ ਵਿੱਚ ਮੁਹਾਲੀ ਅਤੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਕਿਸਾਨ ਯੂਨੀਅਨਾਂ ਦੇ ਮੋਹਰੀ ਆਗੂਆਂ ਨੂੰ ਰਾਜਪਾਲ ਨਾਲ ਮੁਲਾਕਾਤ ਕਰਵਾਉਣ ਲਈ ਆਪਣੇ ਲੈ ਕੇ ਗਏ ਪ੍ਰੰਤੂ ਰਾਜਪਾਲ ਨੇ ਕਿਸਾਨਾਂ ਤੋਂ ਮੰਗ ਪੱਤਰ ਨਹੀਂ ਫੜਿਆ ਅਤੇ ਗੇਟ ’ਤੇ ਕਿਸਾਨਾਂ ਨੂੰ ਸੁਨੇਹਾ ਲਾਇਆ ਗਿਆ ਕਿ ਉਹ ਰਾਜਪਾਲ ਦੇ ਏਡੀਸੀ ਨੂੰ ਮੰਗ ਪੱਤਰ ਸੌਂਪ ਦੇਣ ਲੇਕਿਨ ਕਿਸਾਨਾਂ ਨੇ ਏਡੀਸੀ ਨੂੰ ਮੰਗ ਪੱਤਰ ਨਹੀਂ ਦਿੱਤਾ ਅਤੇ ਰਾਜਪਾਲ ਦੇ ਗੇਟ ਦੇ ਬਾਹਰ ਨਾਅਰੇਬਾਜ਼ੀ ਕਰਕੇ ਰੋਸ ਵਿਖਾਵਾ ਕੀਤਾ ਅਤੇ ਵਾਪਸ ਮੁਹਾਲੀ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ।
ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਅਤੇ ਹੋਰਨਾਂ ਆਗੂਆਂ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕਰਦਿਆਂ ਜਲਦੀ ਹੀ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਖੇਤੀ ਆਰਡੀਨੈਂਸ ਰੱਦ ਕਰਨ ਲਈ ਮੰਗ ਪੱਤਰ ਭੇਜੇ ਜਾਂਦੇ ਰਹੇ ਹਨ, ਪ੍ਰੰਤੂ ਦੇਸ਼ ਦੇ ਹੁਕਮਰਾਨ ਕਿਸਾਨਾਂ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਥੋਪਣ ਤੋਂ ਬਾਜ ਨਹੀਂ ਆ ਰਹੇ ਹਨ। ਆਗੂਆਂ ਨੇ ਕਿਹਾ ਕਿ ਆਰਡੀਨੈਂਸਾਂ ਪ੍ਰਤੀ ਕਿਸਾਨਾਂ ਵਿੱਚ ਕਈ ਤਰ੍ਹਾਂ ਸ਼ੰਕੇ ਖੜੇ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਯੂਨੀਅਨਾਂ ਦੇ ਸੁਝਾਅ ਇੰਨ-ਬਿੰਨ ਲਾਗੂ ਕਰਕੇ ਕਿਸਾਨਾਂ ਦਾ ਵਿਸ਼ਵਾਸ ਪੈਦਾ ਕਰਨਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਬੁਲਾਰਿਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਲਈ ਲਿਆਂਦੇ ਬਿੱਲਾਂ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ਨੂੰ ਪਿੰਡਾਂ ਦੀ ਜੂਹ ਵਿੱਚ ਵੜਨ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨ ਪਹਿਲਾਂ ਹੀ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਹੁਣ ਨਵੇਂ ਕਾਨੂੰਨ ਲਾਗੂ ਕਰਨ ਨਾਲ ਕਿਸਾਨਾਂ ਵਿੱਚ ਬੇਚੈਨੀ, ਭਾਰੀ ਰੋਸ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿਉਹ ਦਿੱਲੀ ਜਾ ਕੇ ਸਰਕਾਰ ਨੂੰ ਘੇਰਨਾ ਚਾਹੁੰਦੇ ਸਨ ਪ੍ਰੰਤੂ ਹੁਕਮਰਾਨਾਂ ਨੇ ਤਾਨਾਸ਼ਾਹੀ ਹੁਕਮ ਜਾਰੀ ਕਰਕੇ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਦੇ ਆਉਣ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਦਿੱਲੀ ਬਾਰਡਰ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…