ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਖੇਤੀ ਆਰਡੀਨੈਂਸ ਪਾਸ ਕੀਤੇ ਗਏ: ਕੇਂਦਰੀ ਮੰਤਰੀ

ਅਕਾਲੀ ਦਲ ਨੇ ਕਾਂਗਰਸ, ਆਪ ਤੇ ਕਿਸਾਨਾਂ ਦੇ ਦਬਾਅ ਕਾਰਨ ਭਾਜਪਾ ਨਾਲੋ ਨਾਤਾ ਤੋੜਿਆ:

ਪਿਛਲੀ ਕਾਂਗਰਸ ਸਰਕਾਰ ਸਮੇਂ ਪਾਸ ਹੋਏ ਖੇਤੀ ਬਿੱਲਾਂ ਨੂੰ ਮੋਦੀ ਸਰਕਾਰ ਨੇ ਸਿਰਫ਼ ਲਾਗੂ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ (ਬ) ਨੇ ਆਮ ਆਦਮੀ ਪਾਰਟੀ (ਆਪ), ਕਾਂਗਰਸ ਅਤੇ ਕਿਸਾਨਾਂ ਦੇ ਦਬਾਅ ਕਾਰਨ ਭਾਜਪਾ ਨਾਲੋਂ ਨਾਤਾ ਤੋੜਿਆ ਹੈ ਕਿਉਂਕਿ ਅਕਾਲੀਆਂ ਨੂੰ ਪੰਜਾਬ ਵਿੱਚ ਪੈਰਾਂ ਥੱਲਿਓਂ ਜ਼ਮੀਨ ਖਿਸਕਣ ਦਾ ਡਰ ਸਤਾਉਣ ਲੱਗ ਪਿਆ ਸੀ। ਇਹ ਗੱਲ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਆਖੀ। ਉਹ ਅੱਜ ਇੱਥੋਂ ਦੇ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਦੇ ਆਡੀਟੋਰੀਅਮ ਵਿੱਚ ਮੁਹਾਲੀ ਜ਼ਿਲ੍ਹੇ ਦੇ ਭਾਜਪਾ ਆਗੂਆਂ ਨਾਲ ਖੇਤੀ ਬਿੱਲਾਂ ਬਾਰੇ ਆਨਲਾਈਨ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਮਹੀਨਾ ਪਹਿਲਾਂ ਤਿੰਨੇ ਖੇਤੀ ਬਿੱਲਾਂ ਦਾ ਖਰੜਾ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਇਨ੍ਹਾਂ ਨੂੰ ਕਿਸਾਨ ਪੱਖੀ ਦੱਸਿਆ ਸੀ ਅਤੇ ਕੇਂਦਰ ਸਰਕਾਰ ਦੀ ਚਿੱਠੀ ਨੂੰ ਮੀਡੀਆ ਰਾਹੀਂ ਜਨਤਕ ਕਰਕੇ ਸਿਆਸੀ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਹੁਣ ਤੱਕ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਤੁਰੰਤ ਯੂ ਟਰਨ ਲੈਂਦਿਆਂ ਬੀਬੀ ਬਾਦਲ ਨੇ ਅਸਤੀਫ਼ਾ ਦੇਣ ਅਤੇ ਭਾਜਪਾ ਤੋਂ ਵੱਖ ਹੋਣ ਦਾ ਡਰਾਮਾ ਰਚਿਆ ਗਿਆ।
ਉਨ੍ਹਾਂ ਨਾਲ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਅਤੇ ਪਾਰਟੀ ਦੇ ਬੁਲਾਰੇ ਸੰਬਤ ਪਾਤਰਾ ਵੀ ਮੀਟਿੰਗ ਦਾ ਹਿੱਸਾ ਬਣੇ ਜਦੋਂਕਿ ਮੁਹਾਲੀ ਤੋਂ ਸੀਨੀਅਰ ਆਗੂ ਖੁਸ਼ਵੰਤ ਰਾਏ ਗੀਗਾ, ਸੂਬਾ ਕਾਰਜਕਾਰਨੀ ਦੇ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸੀਨੀਅਰ ਮੀਤ ਪ੍ਰਧਾਨ ਅਰੁਣ ਸ਼ਰਮਾ, ਜਨਰਲ ਸਕੱਤਰ ਨਰਿੰਦਰ ਸਿੰਘ ਰਾਣਾ, ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪ੍ਰੀਤਕੰਵਲ ਸਿੰਘ, ਜੱਗੀ ਅੌਜਲਾ, ਅਰਵਿੰਦ ਮਿੱਤਲ, ਪਵਨ ਮਨੋਚਾ ਤੇ ਮਦਨ ਗੋਇਲ ਅਤੇ ਰਾਜਪਾਲ ਰਾਣਾ ਤਿੰਨੇ ਮੰਡਲ ਪ੍ਰਧਾਨ, ਰਾਜੀਵ ਸ਼ਰਮਾ, ਮੁਕੇਸ਼ ਗਾਂਧੀ, ਡਾ. ਵਰਿੰਦਰ ਕੋਛੜ, ਓਮਾਕਾਂਤ ਤਿਵਾੜੀ ਆਦਿ ਨੇ ਆਨਲਾਈਨ ਮੀਟਿੰਗ ਵਿੱਚ ਖੇਤੀ ਬਿੱਲਾਂ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਖੇਤੀ ਬਿੱਲਾਂ ਨੂੰ ਕਿਸਾਨ ਪੱਖੀ ਦੱਸਦਿਆਂ ਕਿਹਾ ਕਿ ਇਹ ਬਿੱਲ ਪਿਛਲੀ ਕਾਂਗਰਸ ਸਰਕਾਰ ਵੱਲੋਂ ਪਾਸ ਕੀਤੇ ਗਏ ਸਨ, ਭਾਜਪਾ ਦੀ ਸਰਕਾਰ ਨੇ ਤਾਂ ਸਿਰਫ਼ ਲਾਗੂ ਕੀਤੇ ਹਨ। ਉਨ੍ਹਾਂ ਵਿਰੋਧ ਕਰ ਰਹੇ ਕਾਂਗਰਸੀਆਂ, ਅਕਾਲੀ ਦਲ ਅਤੇ ਆਪ ਆਗੂਆਂ ਨੂੰ ਕੜ੍ਹੇ ਹੱਥੀ ਲੈਂਦਿਆਂ ਕਿਹਾ ਕਿ ਜੇਕਰ ਇਹ ਖੇਤੀ ਬਿੱਲ ਕਿਸਾਨ ਵਿਰੋਧ ਹਨ ਤਾਂ ਉਹ ਉਸ ਸਮੇਂ ਕਿਉਂ ਚੁੱਪ ਰਹੇ? ਕੇਂਦਰੀ ਰਾਜ ਮੰਤਰੀ ਨੇ ਦਾਅਵੇ ਨਾਲ ਕਿਹਾ ਕਿ ਕਾਂਗਰਸ, ਆਪ ਜਾਂ ਅਕਾਲੀ ਦਲ ਨੇ ਹੁਣ ਤੱਕ ਕਦੇ ਵੀ ਕੇਂਦਰ ਸਰਕਾਰ ਕੋਲ ਲਿਖਤੀ ਰੂਪ ਵਿੱਚ ਖੇਤੀ ਬਿੱਲਾਂ ਬਾਰੇ ਇਤਰਾਜ਼ ਨਹੀਂ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਖ਼ੁਦ ਹੀ ਆਪਣਾ ਨੁਮਾਇੰਦਾ ਚੁਣ ਕੇ ਸੰਸਦ ਵਿੱਚ ਭੇਜਦੇ ਹਨ ਅਤੇ ਤਿੰਨੇ ਬਿੱਲ ਸਾਰੀਆਂ ਧਿਰਾਂ ਦੀਆਂ ਸਹਿਮਤੀ ਨਾਲ ਪਾਸ ਕਰਕੇ ਲਾਗੂ ਕੀਤੇ ਹਨ।
(ਬਾਕਸ ਆਈਟਮ)
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਨੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਮੱਕੀ ਦੀ ਫਸਲ ’ਤੇ ਐਮਐਸਪੀ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ ਲੇਕਿਨ ਹੁਣ ਤੱਕ ਕੈਪਟਨ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਦੋਗਲੀ ਰਾਜਨੀਤੀ ਕਰ ਰਹੇ ਹਨ।

Load More Related Articles

Check Also

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ ਝੋਨੇ ਦੀਆਂ ਬੈਨ ਕੀਤੀਆਂ ਕਿ…