ਏਜੀਟੀਐਫ਼ ਨੇ ਵੱਖ-ਵੱਖ ਮੁਲਕਾਂ ’ਚੋਂ 6 ਖ਼ਤਰਨਾਕ ਗੈਂਗਸਟਰ ਹਵਾਲਗੀ ’ਤੇ ਭਾਰਤ ਲਿਆਂਦੇ

ਗੈਂਗਸਟਰਾਂ ਦੀਆਂ ਇਤਰਾਜ਼ਯੋਗ ਪੋਸਟਾਂ ਅਪਲੋਡ ਕਰਨ ਵਾਲੇ 203 ਸੋਸ਼ਲ ਮੀਡੀਆ ਖਾਤੇ ਬੰਦ ਕੀਤੇ: ਚੌਹਾਨ

ਨਬਜ਼-ਏ-ਪੰਜਾਬ, ਮੁਹਾਲੀ, 9 ਸਤੰਬਰ:
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ਼) ਵੱਲੋਂ ਖੂੰਖਾਰ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਛੇ ਗੈਂਗਸਟਰਾਂ ਨੂੰ ਵੱਖ-ਵੱਖ ਮੁਲਕਾਂ ’ਚੋਂ ਹਵਾਲਗੀ ਅਧੀਨ ਭਾਰਤ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਏਜੀਟੀਐਫ਼ ਨੇ ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਦੀਆਂ ਇਤਰਾਜ਼ਯੋਗ ਪੋਸਟਾਂ ਅਪਲੋਡ ਕਰਨ ਵਾਲੇ 203 ਸੋਸ਼ਲ ਮੀਡੀਆ ਖਾਤਿਆਂ ਨੂੰ ਵੀ ਬਲਾਕ ਕੀਤਾ ਗਿਆ ਹੈ। ਅੱਜ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਹੈੱਡਕੁਆਰਟਰ ’ਤੇ ਪੱਤਰਕਾਰ ਸੰਮੇਲਨ ਦੌਰਾਨ ਏਜੀਟੀਐਫ਼ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਹੁਣ ਤੱਕ ਏਜੀਟੀਐਫ਼ ਵੱਲੋਂ 1408 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 12 ਗੈਂਗਸਟਰ ਅਤੇ 505 ਗੈਂਗਸਟਰਾਂ ਦੇ ਗਰੋਹ ਮੈਂਬਰ ਸ਼ਾਮਲ ਹਨ। ਜਿਨ੍ਹਾਂ ਕੋਲੋਂ 132 ਨਾਜਾਇਜ਼ ਹਥਿਆਰ ਬਰਾਮਦ ਕਰਨ ਸਮੇਤ 292 ਵਾਹਨ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵੱਲੋਂ ਆਪਣੀ ਦਹਿਸ਼ਤ ਫੈਲਾਉਣ ਲਈ ਵਰਤੇ ਜਾਂਦੇ ਸੋਸ਼ਲ ਮੀਡੀਆ ਨੈੱਟਵਰਕ ’ਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ, ਜਿਸਦੇ ਤਹਿਤ ਹੁਣ ਤੱਕ ਫੇਸਬੁੱਕ ਦੇ 132 ਅਤੇ ਇੰਸਟਾਗ੍ਰਾਮ ਦੇ 71 ਖਾਤੇ ਬਲਾਕ ਕੀਤੇ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਏਜੀਟੀਐਫ਼ ਵੱਲੋਂ ਯੂਏਈ, ਅਰਜਰਬੈਜਾਨ ਅਤੇ ਹਾਂਗਕਾਂਗ ਤੋਂ 1-1 ਅਤੇ ਫਿਲੀਪੀਨਸ ਤੋਂ 2 ਗੈਂਗਸਟਰਾਂ ਨੂੰ ਹਵਾਲਗੀ ਅਧੀਨ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ ਗੈਂਗਸਟਰ ਵਿਕਰਮਜੀਤ ਸਿੰਘ ਬਰਾੜ ਉਰਫ਼ ਵਿੱਕੀ ਵਾਸੀ ਪਿੰਡ ਡਿੰਗਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਨੂੰ ਯੂਏਈ ਤੋਂ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਪੀਟਾ ਵਾਸੀ ਪਿੰਡ ਬੁਈਆਂਵਾਲਾ, ਜ਼ਿਲ੍ਹਾ ਫਿਰੋਜ਼ਪੁਰ ਅਤੇ ਕੈਨੇਡਾ ਸਥਿਤ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਦੇ ਸਾਥੀ ਮਨਦੀਪ ਸਿੰਘ ਨੂੰ ਫਿਲੀਪੀਨਜ਼ ਤੋਂ, ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਰਮਨਜੀਤ ਸਿੰਘ ਉਰਫ਼ ਰੋਮੀ ਵਾਸੀ ਬੰਗੀ ਕਲਾਂ, ਜ਼ਿਲ੍ਹਾ ਬਠਿੰਡਾ ਨੂੰ ਹਾਂਗਕਾਂਗ ਤੋਂ ਅਤੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਗੈਂਗਸਟਰ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ ਵਾਸੀ ਪਿੰਡ ਦੁਤਾਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਨੂੰ ਅਜ਼ਰਬਾਈਜਾਨ ਤੋਂ ਹਵਾਲਗੀ ਤਹਿਤ ਲਿਆਂਦਾ ਗਿਆ ਹੈ। ਇਸ ਮੌਕੇ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ, ਡੀਐਸਪੀ ਰਾਜਨ ਪਰਮਿੰਦਰ ਸਿੰਘ ਵੀ ਮੌਜੂਦ ਸਨ।
ਏਜੀਟੀਐਫ਼ ਦੇ ਏਆਈਜੀ ਗੁਰਮੀਤ ਚੌਹਾਨ, ਏਆਈਜੀ ਸੰਦੀਪ ਗੋਇਲ ਅਤੇ ਐੱਸਐੱਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਮਹਾਰਾਸ਼ਟਰ ਦੇ ਅੌਰੰਗਾਬਾਦ ਤੋਂ ਛੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਸਨਸਨੀਖੇਜ਼ ਫਿਰੋਜ਼ਪੁਰ ਤੀਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਮ੍ਰਿਤਕ ਦਿਲਦੀਪ ਸੀ, ਜਦੋਂਕਿ ਨੌਜਵਾਨ ਲੜਕੀ ਸਮੇਤ ਦੋ ਹੋਰ ਪੀੜਤ ਜਵਾਬੀ ਗੋਲੀਬਾਰੀ ਦੌਰਾਨ ਅਣਜਾਣੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਵਾਸੀ ਚੋਹਲਾ ਸਾਹਿਬ, ਤਰਨਤਾਰਨ, ਪ੍ਰਿੰਸ ਵਾਸੀ ਪਿੰਡ ਕੁੰਡੇ, ਫਿਰੋਜ਼ਪੁਰ, ਰਵਿੰਦਰ ਸਿੰਘ ਉਰਫ਼ ਰਵੀ ਉਰਫ਼ ਸੁੱਖੂ, ਸੁਖਚੈਨ ਸਿੰਘ, ਅਕਸ਼ੈ ਉਰਫ਼ ਬਗੀਚਾ ਅਤੇ ਰਾਜਬੀਰ ਸਿੰਘ ਉਰਫ਼ ਦਲੇਰ ਸਿੰਘ ਸਾਰੇ ਵਾਸੀ ਬਸਤੀ ਬਾਗ ਵਾਲੀ ਫਿਰੋਜ਼ਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 9 ਸਤੰਬਰ ਨੂੰ ਦੁਪਹਿਰ 12:50 ਵਜੇ ਦਿਲਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਕੌਰ, ਅਕਾਸ਼ਦੀਪ ਅਤੇ ਹਰਪ੍ਰੀਤ ਉਰਫ਼ ਜੌਂਟੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਕੰਬੋਜ ਨਗਰ, ਫਿਰੋਜ਼ਪੁਰ ਸ਼ਹਿਰ ਨਜ਼ਦੀਕ ਕਾਰ ਵਿੱਚ ਜਾ ਰਹੇ ਸਨ ਤਾਂ 6 ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੌਰਾਨ ਦਿਲਦੀਪ ਸਿੰਘ ਉਰਫ਼ ਲਾਲੀ, ਅਕਾਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਜਦਕਿ ਅਨਮੋਲਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਹੋਰ ਪੁੱਛਗਿੱਛ ਲਈ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…