nabaz-e-punjab.com

ਏਆਈਸੀਟੀਈ ਵਲੋਂ ਅਗਲੇ ਸਾਲ ਤੋਂ ਅਧਿਆਪਨ ਸਿਖਲਾਈ ਕੋਰਸ ਲਾਜ਼ਮੀ ਕਰਨ ਦੀ ਤਿਆਰੀ

ਚੋਣਵੇਂ ਅਧਿਆਪਕਾਂ ਨੂੰ ਅਕਾਦਮੀਆਂ ਰਾਹੀਂ ਸਿਖਲਾਈ ਦੇ ਕੇ ਮਾਸਟਰ ਟਰੇਨਰ ਵਜੋਂ ਕੀਤਾ ਜਾਵੇਗਾ ਤਿਆਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਤਕਨੀਕੀ ਸਿੱਖਿਆ ਨੂੰ ਵਧੇਰੇ ਵਿਦਿਆਰਥੀ-ਕੇਂਦਰਿਤ ਕਰਨ, ਸਿੱਖਿਆ ਦੀ ਗੁਣਵੱਤਾ ਨੂੰ ਸੁਧਾਰਨ ਅਤੇ ਭਾਰਤ ਦੇ ਤਕਨੀਕੀ ਮਨੁੱਖੀ ਸ੍ਰੋਤ ਨੂੰ ਵਿਸ਼ਵ-ਵਿਆਪੀ ਉਦਯੋਗ ਜਗਤ ਦੇ ਮੁਕਾਬਲੇ ਯੋਗ ਬਣਾਉਣ ਦੇ ਲਈ ਸਿੱਖਿਆ ਪ੍ਰਣਾਲੀ ਦੇ ਵਿੱਚ ਨਵੇਂ ਸੁਧਾਰ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਨਡਬਲਿਊਆਰਓ-ਏਆਈਸੀਟੀਈ ਦੇ ਡਾਇਰੈਕਟਰ ਅਤੇ ਖੇਤਰੀ ਅਧਿਕਾਰੀ ਡਾ. ਆਰ.ਕੇ. ਸੋਨੀ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵਿੱਚ ਸ਼ੁਰੂ ਹੋਏ ਤਿੰਨ ਦਿਨਾਂ ਦੇ ਏਆਈਸੀਟੀਈ ਦੇ ਪ੍ਰਾਯੋਜਿਤ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦੇ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਵਿੱਚ ਸਾਂਝੇ ਕੀਤੇ।ਰਾਜ ਭਰ ਦੇ ਤਕਨੀਕੀ ਅਦਾਰਿਆਂ ਦੇ 200 ਤੋਂ ਵਧੇਰੇ ਸਿੱਖਿਆਰਥੀ ਇਸ ਐਫਡੀਪੀ ਵਿਚ ਹਿੱਸਾ ਲੈ ਰਹੇ ਹਨ।
‘‘ਅਗਲੇ ਸਾਲ ਤੋਂ ਪੜ੍ਹਾਈ ਦੀ ਗੁਣਵੱਤਾ ਨੂੰ ਸੁਧਾਰਨ ਲਈ, ਨਵੇਂ ਅਧਿਆਪਕਾਂ ਲਈ ਛੇ ਮਹੀਨਿਆਂ ਦਾ ਅਧਿਆਪਨ ਸਿਖਲਾਈ ਕੋਰਸ ਕਰਨਾ ਲਾਜ਼ਮੀ ਹੋਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸੰਸਥਾ ਦੇ ਸੀਨੀਅਰ ਅਧਿਆਪਕਾਂ ਦੀ ਰਹਿਨੁਮਾਈ ਹੇਂਠ ਛੇ ਮਹੀਨੇ ਅਧਿਆਪਨ ਕਰਨਾ ਹੋਵੇਗਾ। ਉਨ੍ਹਾਂ ਦੇ ਪ੍ਰੈਬੇਸ਼ਨ ਦੀ ਪੁਸ਼ਟੀ ਇਸ ਇਕ ਸਾਲ ਦੇ ਕੋਰਸ ਦੇ ਸਫਲਤਾਪੂਰਵਕ ਪੂਰੇ ਹੋ ਜਾਣ ‘ਤੇ ਹੀ ਕੀਤੀ ਜਾਵੇਗੀ,” ਡਾ. ਸੋਨੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ।ਉਨ੍ਹਾਂ ਜਾਣਕਾਰੀ ਦਿੱਤੀ ਕਿ ਏਆਈਸੀਟੀਈ ਵਲੋਂ ਹਰ ਸਾਲ ਦੇਸ਼ ਭਰ ’ਚੋਂ ਚੌਣਵੇਂ ਅਧਿਆਪਕਾਂ ਨੂੰ ਨਵੇਂ ਮਾਸਟਰ ਟਰੇਨਰ ਦੇ ਰੂਪ ਵਿਚ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਲਈ ਅਕਾਦਮੀਆਂ ਖੋਲ੍ਹਣ ਦੀ ਵੀ ਯੋਜਨਾ ਹੈ। ਇਹਨਾਂ ਅਕਾਦਮੀਆਂ ਵਿੱਚੋ ਇਕ ਨੂੰ ਬੜੌਦਾ ਵਿੱਚ ਖੋਲਣ ਦੀ ਤਿਆਰੀ ਹੈ, ਜਦਕਿ ਇਕ ਹੋਰ ਜੈਪੁਰ ਵਿਚ ਖੋਲ੍ਹਣ ਦੀ ਤਿਆਰੀ ਹੈ।
ਸੀਜੀਸੀ ਲਾਂਡਰਾਂ ਵਿਖੇ ਆਯੋਜਿਤ ਕੀਤੇ ਜਾ ਰਹੇ ਐਫਡੀਪੀ ਦਾ ਅਭਿਆਸ ਵੀ ਏਆਈਸੀਟੀਈ ਵੱਲੋਂ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਹੀ ਪ੍ਰੋਗਰਾਮ ਹੈ ਤਾਂ ਜੋ ਅਗਾਊਂ ਵਿਦਿਆਰਥੀਆਂ ਦੇ ਲਈ ਏਆਈਸੀਟੀਈ ਵਲੋਂ ਮਨਜ਼ੂਰ ਸ਼ੁਦਾ ਅਦਾਰਿਆਂ ਦੇ ਨਵੇਂ ਵਾਤਾਵਰਣ ਵਿੱਚ ਪੜਾਉਣ ਦੇ ਸਮਰੱਥ ਬਣਨ ਦੇ ਲਈ ਲਾਜ਼ਮੀ ਤਿੰਨ ਹਫ਼ਤਿਆਂ ਦੇ ਇੰਡਕਸ਼ਨ ਪ੍ਰੋਗਰਾਮ ਨੂੰ ਕਰਾਉਣ ਦੇ ਕਾਬਿਲ ਹੋ ਸਕਣ ਅਤੇ ਨਾਲ ਦੀ ਨਾਲ ਉਨਾਂ੍ਹ ਵਿੱਚ ਸੰਸਥਾ ਪ੍ਰਤੀ ਗੰਭੀਰ ਲੋਕਾਚਾਰ ਦੀ ਭਾਵਨਾ ਵੀ ਪੈਦਾ ਕੀਤੀ ਜਾ ਸਕੇ।
ਸ੍ਰੀ ਸੋਨੀ ਨੇ ਅੱਗੇ ਬੋਲਦਿਆਂ ਦੱਸਿਆ।ਤਕਨੀਕੀ ਸਿੱਖਿਆ ਦੀ ਗੁਣਵੱਤਾ ਨੂੰ ਸੁਧਾਰਨ ਦੇ ਮਾਮਲੇ ਵਿੱਚ, ਏਆਈਸੀਟੀਈ ਇੱਕ ਨਵੇਂ ਮਾਡਲ ਪਾਠਕ੍ਰਮ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਉਦਯੋਗ ਦੀਆਂ ਨਵੀਨਤਮ ਲੋੜਾਂ ਨੂੰ ਪੂਰਾ ਕਰਨ ਅਤੇ ਵਿਦਿਅਕ-ਉਦਯੋਗਿਕ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਹਰ ਤਿੰਨ ਸਾਲਾਂ ਵਿੱਚ ਪੁਨਰਗਠਿਤ ਕੀਤਾ ਜਾਵੇਗਾ। ਨਵੇਂ ਪਾਠਕ੍ਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਲਈ ਜਰੂਰੀ ਸਮਰ ਇੰਟਰਨਸ਼ਿਪ, ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ, ਖੋਜਾਂ, ਨਵੀਨਤਾਵਾਂ ਅਤੇ ਗਤੀਵਿਧੀਆਂ ’ਤੇ ਸਮਾਂ ਬਿਤਾਉਣ ਨੂੰ ਉਤਸ਼ਾਹਿਤ ਕਰਨ ਲਈ ਕੁੱਲ ਕ੍ਰੈਡਿਟ ਲੋਡ ਵਿੱਚ ਕਟੌਤੀ ਸ਼ਾਮਲ ਹੋਵੇਗੀ, ਜੋ ਉਹਨਾਂ ਦੇ ਸੰਪੂਰਨ ਵਿਕਾਸ ਨੂੰ ਉਤਸਾਹਿਤ ਕਰੇਗੀ।
ਪ੍ਰਯੋਗੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਿਖਰਲੀ ਅਕਾਦਮਿਕ ਸੰਸਥਾ ਵਿਦਿਆਰਥੀਆਂ ਲਈ 1,000 ਘੰਟੇ ਦੀ ਗਤੀਵਿਧੀਆਂ ਵਾਲੀ ਪ੍ਰਕਿਰਿਆ ਸ਼ੁਰੂ ਕਰੇਗੀ। ਇਨ੍ਹਾਂ ’ਚੋਂ 600 ਤੋਂ 700 ਘੰਟਿਆਂ ਦਾ ਸਮਾਂ ਇੰਟਰਨਸ਼ਿਪ ਸਬੰਧਤ ਲਾਜ਼ਮੀ ਲੋੜਾਂ ਨੂੰ ਪੂਰਾ ਕਰਨ ਲਈ ਵਰਤਿਆ ਜਾਵੇਗਾ, ਜਦਕਿ 300 ਤੋਂ 400 ਘੰਟੇ ਤੱਕ ਦਾ ਬਾਕੀ ਸਮਾਂ ਸਮੁਦਾਇਕ ਸੇਵਾਵਾਂ ਅਤੇ ਸਹਾਇਕ ਗਤੀਵਿਧੀਆਂ ਲਈ ਵਰਤੇ ਜਾਣਗੇ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਤਕਨੀਕੀ ਸਿੱਖਿਆ ਵਿੱਚ ਨਵੇਂ ਸੁਧਾਰਾਂ ਲਈ ਏਆਈਸੀਟੀਈ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਹੱਲ ਲਈ ਸਰਵਉੱਚ ਸੰਸਥਾ ਦਾ ਧਿਆਨ ਖਿੱਚਿਆ। ਜਿਸ ਵਿੱਚ ਖੋਜਕਾਰਾਂ ਨੂੰ ਖੋਜ ਸਹਾਇਤਾ ਮੁਹੱਈਆ ਨਾ ਹੋਣ, ਖੋਜ ਪ੍ਰੋਜੈਕਟਾਂ ਦਾ ਪ੍ਰਬੰਧ ਕਰਨ ਲਈ ਢੁਕਵੇਂ ਯੰਤਰ-ਸਾਮਾਨ ਅਤੇ ਬੁਨਿਆਦੀ ਢਾਂਚੇ ਦੀ ਕਮੀਂ ਦੇ ਚੱਲਦਿਆਂ ਵਿਦਿਆਰਥੀਆਂ ਦੀ ਪਲੇਸਮੈਂਟ ਅਤੇ ਕਰੀਅਰ ਵਿਚ ਪੇਸ਼ ਆਉਂਦੀ ਅੋਖਿਆਈ ਨੂੰ ਖ਼ਤਮ ਕਰਨ ਦੇ ਲਈ ਪ੍ਰੀਖਿਆ ਦੇ ਮੁਲਾਂਕਣ ਪ੍ਰਕਿਰਿਆ ਵਿਚ ਸੁਧਾਰ ਦੀ ਲੋੜ ਬਾਰੇ ਚਾਨਣ ਪਾਇਆ। ਉਨ੍ਹਾਂ ਨੇ ਏਆਈਸੀਟੀਈ ਨੂੰ ਸੁਝਾਅ ਦਿੱਤਾ ਹੈ ਕਿ ਉਹ ਹਰ ਰਾਜ ਵਿਚ ਇਕ ਸੈਂਟਰ ਆਫ਼ ਐਕਸੀਲੈਂਸ ਖੋਲ੍ਹਣ ਅਤੇ ਖੋਜ ’ਤੇ ਵਿਕਾਸ ਸਬੰਧਤ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…