ਵਿਜੀਲੈਂਸ ਵੱਲੋਂ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਏਆਈਜੀ ਅਸ਼ੀਸ਼ ਕਪੂਰ ਗ੍ਰਿਫ਼ਤਾਰ

ਡੀਐਸਪੀ ਪਵਨ ਕੁਮਾਰ ਤੇ ਏਐਸਆਈ ਹਰਜਿੰਦਰ ਸਿੰਘ ਨੂੰ ਵੀ ਸਹਿ-ਮੁਲਜ਼ਮਾਂ ਵਜੋਂ ਕੀਤਾ ਨਾਮਜ਼ਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਪੰਜਾਬ ਦੀ ਆਪ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲੀਸ (ਏਆਈਜੀ) ਅਸ਼ੀਸ਼ ਕਪੂਰ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਵਿਜੀਲੈਂਸ ਦੇ ਤਫ਼ਤੀਸ਼ੀ ਅਫ਼ਸਰ ਏਆਈਜੀ ਮਨਮੋਹਨ ਕੁਮਾਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਏਆਈਜੀ ਨੂੰ ਭਲਕੇ 7 ਅਕਤੂਬਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਾਂਗਰਸ ਵਜ਼ਾਰਤ ਸਮੇਂ ਅਸ਼ੀਸ਼ ਕਪੂਰ ਖ਼ੁਦ ਵਿਜੀਲੈਂਸ ਵਿਭਾਗ ਦੇ ਮੁਹਾਲੀ ਦਫ਼ਤਰ ਵਿੱਚ ਏਆਈਜੀ ਦੇ ਅਹੁਦੇ ’ਤੇ ਰਹਿ ਚੁੱਕੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਕਾਫ਼ੀ ਅਫ਼ਸਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ ਪਰ ਅੱਜ ਉਹ ਖ਼ੁਦ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸ ਗਏ। ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਵਿਜੀਲੈਂਸ ਦਫ਼ਤਰ ਤੋਂ ਤਬਾਦਲਾ ਹੋਇਆ ਸੀ ਅਤੇ ਇਸ ਸਮੇਂ ਉਹ ਚੌਥੀ ਆਈਆਰਬੀ ਪਠਾਨਕੋਟ ਵਿੱਚ ਕਮਾਡੈਂਟ ਵਜੋਂ ਤਾਇਨਾਤ ਸਨ।
ਵਿਜੀਲੈਂਸ ਅਨੁਸਾਰ ਅਸ਼ੀਸ਼ ਕਪੂਰ ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਵਿੱਚ ਵਿਜੀਲੈਂਸ ਵੱਲੋਂ ਅਸ਼ੀਸ਼ ਕਪੂਰ ਸਮੇਤ ਡੀਐਸਪੀ ਅਤੇ ਏਐਸਆਈ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਮੁਹਾਲੀ ਵਿੱਚ ਦਸਹਿਰਾ ਸਮਾਗਮ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਕਿ ਭ੍ਰਿਸ਼ਟਾਚਾਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭ੍ਰਿਸ਼ਟ ਸਿਆਸੀ ਆਗੂਆਂ ਅਤੇ ਉੱਚ ਅਫ਼ਸਰਾਂ ਨੂੰ ਜੇਲ੍ਹ ਜਾਣਾ ਹੀ ਪਵੇਗਾ। ਕਈ ਸਾਬਕਾ ਮੰਤਰੀ ਅਤੇ ਸੀਨੀਅਰ ਆਗੂਆਂ ਸਮੇਤ ਉੱਚ ਅਧਿਕਾਰੀ ਸਰਕਾਰ ਦੀ ਰਾਡਾਰ ’ਤੇ ਹਨ।
ਵਿਜੀਲੈਂਸ ਦੀ ਜਾਣਕਾਰੀ ਸਾਲ 2016 ਵਿੱਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬਤੌਰ ਸੁਪਰਡੈਂਟ ਜੇਲ੍ਹ ਸੁਪਰਡੈਂਟ ਤਾਇਨਾਤੀ ਦੌਰਾਨ ਅਸ਼ੀਸ਼ ਕਪੂਰ ਦੀ ਜਾਣ-ਪਛਾਣ ਹਰਿਆਣਾ ਦੀ ਅੌਰਤ ਪੂਨਮ ਰਾਜਨ ਨਾਲ ਹੋ ਗਈ ਸੀ, ਜੋ ਕਿ ਕਿਸੇ ਕੇਸ ਤਹਿਤ ਨਿਆਇਕ ਹਿਰਾਸਤ ਅਧੀਨ ਵਿੱਚ ਜੇਲ੍ਹ ਵਿੱਚ ਸੀ। ਜਦੋਂ ਉਕਤ ਅੌਰਤ ਆਪਣੀ ਮਾਂ ਪ੍ਰੇਮ ਲਤਾ, ਭਰਾ ਕੁਲਦੀਪ ਸਿੰਘ ਅਤੇ ਭਰਜਾਈ ਪ੍ਰੀਤੀ ਸਮੇਤ ਸਾਲ 2018 ਵਿੱਚ ਥਾਣਾ ਜ਼ੀਰਕਪੁਰ ਵਿੱਚ ਧਾਰਾ 420/120-ਬੀ ਤਹਿਤ ਦਰਜ ਕੇਸ ਵਿੱਚ ਪੁਲੀਸ ਰਿਮਾਂਡ ’ਤੇ ਸੀ ਤਾਂ ਉਦੋਂ ਅਸ਼ੀਸ਼ ਕਪੂਰ ਖ਼ੁਦ ਜ਼ੀਰਕਪੁਰ ਥਾਣੇ ਪਹੁੰਚੇ ਅਤੇ ਧੋਖੇ ਨਾਲ ਉਕਤ ਅੌਰਤ ਦੀ ਮਾਂ ਨੂੰ ਜ਼ਮਾਨਤ ਦਿਵਾਉਣ ਅਤੇ ਅਦਾਲਤ ਤੋਂ ਬਰੀ ਕਰਾਉਣ ਵਿੱਚ ਮਦਦ ਕਰਨ ਲਈ ਰਾਜ਼ੀ ਕਰ ਲਿਆ।
ਇਸ ਤੋਂ ਬਾਅਦ ਅਸ਼ੀਸ਼ ਕਪੂਰ ਨੇ ਜ਼ੀਰਕਪੁਰ ਥਾਣੇ ਦੇ ਤਤਕਾਲੀ ਐਸਐਚਓ ਪਵਨ ਕੁਮਾਰ (ਹੁਣ ਡੀਐਸਪੀ) ਅਤੇ ਏਐਸਆਈ ਹਰਜਿੰਦਰ ਸਿੰਘ ਦੀ ਮਿਲੀਭੁਗਤ ਨਾਲ ਅੌਰਤ ਦੀ ਭਰਜਾਈ ਨੂੰ ਬੇਕਸੂਰ ਕਰਾਰ ਦੇ ਦਿੱਤਾ। ਇਸ ਬਦਲੇ ਵਿੱਚ ਅਸ਼ੀਸ਼ ਕਪੂਰ ਨੇ ਉਕਤ ਉਸ ਦੀ ਮਾਂ ਪ੍ਰੇਮ ਲਤਾ ਤੋਂ 1,00,00,000 ਦੀ ਰਕਮ ਦੇ ਵੱਖ-ਵੱਖ ਚੈੱਕਾਂ ’ਤੇ ਦਸਤਖਤ ਕਰਵਾ ਲਏ ਜੋ ਆਪਣੇ ਜਾਣਕਾਰਾਂ ਦੇ ਨਾਂ ’ਤੇ ਜਮ੍ਹਾ ਕਰਵਾ ਕੇ ਏਐੱਸਆਈ ਹਰਜਿੰਦਰ ਸਿੰਘ ਰਾਹੀਂ ਪੈਸੇ ਪ੍ਰਾਪਤ ਕੀਤੇ ਗਏ। ਅਜਿਹਾ ਕਰਕੇ ਉਪਰੋਕਤ ਮੁਲਜ਼ਮਾਂ ਅਸ਼ੀਸ਼ ਕਪੂਰ, ਪਵਨ ਕੁਮਾਰ ਅਤੇ ਹਰਜਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਜੁਰਮ ਕਰਨ ’ਤੇ ਨਵਾਂ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …