ਏਆਈਜੀ ਅਸ਼ੀਸ਼ ਕਪੂਰ ਮਾਮਲਾ: ਰਾਜਪਾਲ ਨੇ ਪੀੜਤ ਅੌਰਤ ਦਾ ਪੱਖ ਜਾਣਿਆ, ਕਾਰਵਾਈ ਦਾ ਭਰੋਸਾ

ਰਾਜਪਾਲ ਦੇ ਨਿੱਜੀ ਦਖ਼ਲ ਦੇਣ ਨਾਲ ਪੀੜਤ ਅੌਰਤ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲੀਸ ਦੇ ਏਆਈਜੀ ਅਸ਼ੀਸ਼ ਕਪੂਰ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ਅਸ਼ੀਸ਼ ਕਪੂਰ ਮਾਮਲੇ ਵਿੱਚ ਸ਼ਿਕਾਇਤ ਕਰਤਾ ਅੌਰਤ ਨੂੰ ਅੱਜ ਸੁਣਵਾਈ ਲਈ ਸੱਦ ਕੇ ਉਸ ਦਾ ਪੱਖ ਸੁਣਿਆ ਅਤੇ ਪੀੜਤ ਅੌਰਤ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਪੀੜਤ ਅੌਰਤ ਨੇ ਪੁਲੀਸ ਅਧਿਕਾਰੀ ਖ਼ਿਲਾਫ਼ ਇਕ ਕਰੋੜ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਨਾਲ-ਨਾਲ ਪੁਲੀਸ ਹਿਰਾਸਤ ਦੌਰਾਨ ਉਸ ਨਾਲ ਸਰੀਰਕ ਸਬੰਧ ਬਣਾਉਣ ਅਤੇ ਧੋਖਾਧੜੀ ਬਾਰੇ ਸ਼ਿਕਾਇਤ ਦਿੱਤੀ ਸੀ। ਇਸ ਸਬੰਧੀ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਸ਼ੀਸ਼ ਕਪੂਰ ਸਮੇਤ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੀੜਤ ਅੌਰਤ ਨੇ ਦੱਸਿਆ ਕਿ ਅੱਜ ਰਾਜਪਾਲ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ। ਇਸ ਦੌਰਾਨ ਉਸ ਨੇ ਰਾਜਪਾਲ ਨੂੰ ਸਮੁੱਚੇ ਘਟਨਾਕ੍ਰਮ ਦੇ ਹਰੇਕ ਪਹਿਲੂ ਬਾਰੇ ਬੜੀ ਬਰੀਕੀ ਨਾਲ ਜਾਣਕਾਰੀ ਦਿੱਤੀ। ਪੀੜਤ ਅੌਰਤ ਨੇ ਕਿਹਾ ਕਿ ਰਾਜਪਾਲ ਦੇ ਨਿੱਜੀ ਦਖ਼ਲ ਦੇਣ ਨਾਲ ਉਸ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ ਕਿਉਂਕਿ ਗ੍ਰਿਫ਼ਤਾਰੀ ਪਹਿਲਾਂ ਅਤੇ ਹੁਣ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਪੁਲੀਸ ਅਧਿਕਾਰੀ ਵੱਲੋਂ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਪੀੜਤ ਅੌਰਤ ਦੇ ਦੱਸਣ ਅਨੁਸਾਰ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਪੰਜਾਬ ਦੇ ਡੀਜੀਪੀ ਨਾਲ ਗੱਲ ਕਰਕੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਲਈ ਕਹਿਣਗੇ। ਚੇਤੇ ਰਹੇ ਕਿ ਇਸ ਮਾਮਲੇ ਵਿੱਚ ਰਾਜਪਾਲ ਨੇ ਕੁੱਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਹੁਣ ਤੱਕ ਬਣਦੀ ਕਾਰਵਾਈ ਕਿਉਂ ਨਹੀਂ ਹੋਈ?
ਜ਼ਿਕਰਯੋਗ ਹੈ ਕਿ ਏਆਈਜੀ ਆਸ਼ੀਸ਼ ਕਪੂਰ ਨੂੰ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਸਮੇਂ ਉਹ ਜੇਲ੍ਹ ਵਿੱਚ ਬੰਦ ਹਨ ਅਤੇ ਅਦਾਲਤ ਵੱਲੋਂ ਪੁਲੀਸ ਅਧਿਕਾਰੀ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਵੀ ਖ਼ਾਰਜ ਕੀਤੀ ਜਾ ਚੁੱਕੀ ਹੈ। ਕਾਂਗਰਸ ਸਰਕਾਰ ਸਮੇਂ ਆਸ਼ੀਸ਼ ਕਪੂਰ ਖ਼ੁਦ ਵਿਜੀਲੈਂਸ ਬਿਊਰੋ ਦੇ ਏਆਈਜੀ ਦੇ ਅਹੁਦੇ ਤਾਇਨਾਤ ਸਨ ਅਤੇ ਉਹ ਬਹੁਚਰਚਿਤ ਸਿੰਜਾਈ ਘੁਟਾਲੇ ਦੇ ਜਾਂਚ ਅਧਿਕਾਰੀ ਵੀ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…