ਵਿਜੀਲੈਂਸ ਬਿਊਰੋ ਵੱਲੋਂ ਏਆਈਜੀ ਅਸ਼ੀਸ਼ ਕਪੂਰ ਮੁੜ ਗ੍ਰਿਫ਼ਤਾਰ, 3 ਰੋਜ਼ਾ ਪੁਲੀਸ ਰਿਮਾਂਡ

ਅਸ਼ੀਸ਼ ਕਪੂਰ ਨੂੰ ਜੇਲ੍ਹ ’ਚੋਂ ਬਾਹਰ ਨਹੀਂ ਆਉਣ ਦੇ ਰਹੀ ਸਰਕਾਰ, ਵਿੱਤ ਤੋਂ ਵੱਧ ਸੰਪਤੀ ਮਾਮਲੇ ’ਚ ਮੁੜ ਕਾਬੂ

ਸੀਨੀਅਰ ਪੁਲੀਸ ਅਧਿਕਾਰੀ ਨੇ ਨੌਕਰੀ ਦੌਰਾਨ ਕੁੱਲ ਆਮਦਨ ਤੋਂ 129.3 ਫੀਸਦੀ ਵੱਧ ਖਰਚਾ ਕੀਤਾ: ਵਿਜੀਲੈਂਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਪੰਜਾਬ ਦੀ ਆਪ ਸਰਕਾਰ ਪੰਜਾਬ ਪੁਲੀਸ ਦੇ ਬਹੁ-ਚਰਚਿਤ ਏਆਈਜੀ ਅਸ਼ੀਸ਼ ਕਪੂਰ ਨੂੰ ਜੇਲ੍ਹ ’ਚੋਂ ਬਾਹਰ ਨਹੀਂ ਆਉਣ ਦੇ ਰਹੀ। ਵਿਜੀਲੈਂਸ ਬਿਉਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਇਸ ਅਧਿਕਾਰੀ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ 13 (1)(ਬੀ), 13(2) ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਉਰੋ ਉਡਣ ਦਸਤਾ-1, ਮੁਹਾਲੀ ਦੇ ਥਾਣੇ ਵਿੱਚ ਨਵਾਂ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕਪੂਰ ਦੀ ਪਤਨੀ ਕਮਲ ਕਪੂਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਹੀ ਪੰਜਾਬ ਤੇ ਹਰਿਆਣਾ ਹੋਈ ਕੋਰਟ ਵੱਲੋਂ ਅਸ਼ੀਸ਼ ਕਪੂਰ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਸੀ। ਉਹ ਕਾਫ਼ੀ ਸਮੇਂ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਸੀ। ਲੇਕਿਨ ਹੁਣ ਵਿਜੀਲੈਂਸ ਨੇ ਨਵੇਂ ਪਰਚੇ ਵਿੱਚ ਗ੍ਰਿਫ਼ਤਾਰੀ ਪਾ ਲਈ ਹੈ। ਹਾਲਾਂਕਿ ਵਿਜੀਲੈਂਸ ਇਹ ਦਾਅਵਾ ਕਰ ਰਹੀ ਹੈ ਕਿ ਕਪੂਰ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਪ੍ਰੰਤੂ ਸੂਤਰ ਦੱਸਦੇ ਹਨ ਕਿ ਜ਼ਮਾਨਤ ਮਿਲਣ ਤੋਂ ਬਾਅਦ ਲੰਘੀ ਰਾਤ ਉਹ ਘਰ ਆ ਗਏ ਸੀ ਅਤੇ ਅੱਜ ਸਵੇਰੇ ਹੀ ਵਿਜੀਲੈਂਸ ਦੁਬਾਰਾ ਦਬੋਚ ਲਿਆ। ਕਪੂਰ ’ਤੇ ਨੌਕਰੀ ਦੌਰਾਨ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਆਮਦਨ ਸਰੋਤਾਂ ਤੋਂ ਵੱਧ ਨਾਜਾਇਜ਼ ਢੰਗ ਨਾਲ ਬੇਹਿਸਾਬ ਮਹਿੰਗੀਆਂ ਅਚੱਲ ਤੇ ਚੱਲ ਜਾਇਦਾਦਾਂ ਬਣਾਉਣ ਦਾ ਦੋਸ਼ ਹੈ।
ਵਿਜੀਲੈਂਸ ਅਨੁਸਾਰ ਮੁੱਢਲੀ ਜਾਂਚ ਦੌਰਾਨ ਪਾਇਆ ਗਿਆ ਕਿ ਅਸ਼ੀਸ਼ ਕਪੂਰ ਤੇ ਉਸ ਦੀ ਪਤਨੀ ਕਮਲ ਕਪੂਰ ਦੇ ਨਾਂ ’ਤੇ 1 ਅਗਸਤ 2017 ਤੋਂ ਲੈ ਕੇ 31 ਅਗਸਤ 2022 ਦੇ ਅਰਸੇ ਦੌਰਾਨ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਨਾਜਾਇਜ਼ ਢੰਗ ਨਾਲ ਹਾਸਲ ਕੀਤੀਆਂ ਬੇਹਿਸਾਬੀਆਂ ਮਹਿੰਗੀਆਂ ਅਚੱਲ ਜਾਇਦਾਦਾਂ ਮੌਜੂਦ ਹਨ। ਜਿਨ੍ਹਾਂ ਦੀ ਬਾਜ਼ਾਰੀ ਕੀਮਤ ਰਜਿਸਟਰਡ ਕੀਮਤ ਨਾਲੋਂ ਕਾਫ਼ੀ ਵੱਧ ਹੈ। ਇਨ੍ਹਾਂ ਜਾਇਦਾਦਾਂ ਵਿੱਚ ਸਾਲ 2020 ਵਿੱਚ ਕੋਨੇ ਵਾਲਾ ਰਿਹਾਇਸ਼ੀ ਪਲਾਟ ਨੰਬਰ 2010, ਰਕਬਾ 507.5 ਵਰਗ ਗਜ, ਸੈਕਟਰ-88 ਵਿੱਚ 90,16,100 ਰੁਪਏ ਵਿੱਚ ਖ਼ਰੀਦਿਆ ਹੈ। ਉਕਤ ਪਲਾਟ ’ਤੇ ਸਾਲ 2020-22 ਦੌਰਾਨ ਨਵੀਨਤਮ ਸਹੂਲਤਾਂ ਸਮੇਤ ਆਲੀਸ਼ਾਨ ਦੋ ਮੰਜ਼ਲਾਂ ਕੋਠੀ ਦੀ ਉਸਾਰੀ ਕੀਤੀ ਗਈ। ਜਿਸ ’ਤੇ ਅਨੁਮਾਨਤ ਦੋ ਕਰੋੜ ਖਰਚਾ ਆਇਆ ਸੀ। ਇੰਜ ਪਿਛਲੇ ਸਾਲ 2022 ਵਿੱਚ ਉਨ੍ਹਾਂ ‘ਦਿ ਪਾਮ ਕਲੋਨੀ, ਨਿਊ ਚੰਡੀਗੜ੍ਹ, ਮੁਹਾਲੀ ਵਿੱਚ 34,13,663 ਰੁਪਏ ਦੀ ਲਾਗਤ ਨਾਲ 241.11 ਵਰਗ ਗਜ ਦਾ ਇੱਕ ਰਿਹਾਇਸ਼ੀ ਪਲਾਟ ਨੰਬਰ 397 ਖਰੀਦ ਕੀਤਾ। ਇਸ ਤੋਂ ਇਲਾਵਾ ਸੈਕਟਰ-63 ਦੇ ਬਲਾਕ ਨੰਬਰ-ਬੀ ਵਿੱਚ ਤਿੰਨ ਕਮਰਿਆਂ ਦਾ ਫਲੈਟ ਨੰਬਰ 2021 ਕੁੱਲ 20,41,65,400 ਰੁਪਏ ਵਿੱਚ ਖ਼ਰੀਦਿਆ। ਉਨ੍ਹਾਂ ਦੱਸਿਆ ਕਿ ਲਵੀਨ ਪੈਕੇਜਿੰਗ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਵਿਚ ਅਸ਼ੀਸ਼ ਕਪੂਰ ਦੀ ਪਤਨੀ ਦਾ 1/3 ਹਿੱਸਾ ਹੈ ਜਿਸ ਵਿੱਚ ਉਸ ਵੱਲੋਂ 15 ਲੱਖ ਰੁਪਏ ਨਿਵੇਸ਼ ਕੀਤੇ ਹੋਏ ਹਨ।
ਵਿਜੀਲੈਂਸ ਅਨੁਸਾਰ ਅਸ਼ੀਸ਼ ਕਪੂਰ ਵੱਲੋਂ ਪਰਿਵਾਰ ਸਮੇਤ ਵਿਦੇਸ਼ੀ ਦੌਰਿਆਂ ਅਤੇ ਐਸ਼ੋ-ਅਰਾਮ ਦੀ ਜ਼ਿੰਦਗੀ ਬਿਤਾਉਣ ਉਪਰ ਲੱਖਾਂ ਰੁਪਏ ਖ਼ਰਚ ਕੀਤੇ ਗਏ। ਇਸ ਤੋਂ ਇਲਾਵਾ ਉਕਤ ਚੈੱਕ ਪੀਰੀਅਡ ਦੌਰਾਨ ਅਸ਼ੀਸ਼ ਕਪੂਰ, ਅਸ਼ੀਸ਼ ਕਪੂਰ ਐਂਡ ਸੰਨਜ (ਐਚ.ਯੂ.ਐਫ਼) ਅਤੇ ਉਸਦੀ ਪਤਨੀ ਕਮਲ ਕਪੂਰ ਦੇ ਨਾਂ ’ਤੇ ਵੱਖ-ਵੱਖ ਬੈਂਕਾਂ ਵਿੱਚ ਕਰੀਬ 10 ਬੈਂਕ ਖਾਤੇ ਖੁੱਲੇ ਹੋਏ ਹਨ। ਜਿਨ੍ਹਾਂ ਵਿੱਚ ਕਰੀਬਨ 65 ਲੱਖ ਰੁਪਏ ਜਮਾਂ ਹੋਣੇ ਪਾਏ ਹਨ। ਉਨ੍ਹਾਂ ਕੋਲ ਆਮਦਨੀ ਦੇ ਜਾਣੂ ਸਰੋਤਾਂ ਤੋਂ ਕੁੱਲ ਆਮਦਨ 2,44,64,871 ਰੁਪਏ ਹੋਣੀ ਪਾਈ ਗਈ ਜਦਕਿ ਇਸੇ ਅਰਸੇ ਦੌਰਾਨ ਉਨ੍ਹਾਂ ਵੱਲੋਂ 5,60,91,650 ਰੁਪਏ ਖਰਚਾ ਕੀਤਾ ਗਿਆ ਹੈ। ਇੰਜ ਹੀ ਉਨ੍ਹਾਂ ਵੱਲੋਂ 3,16,26,779 ਰੁਪਏ ਵੱਧ ਖਰਚਾ ਕੀਤਾ ਗਿਆ ਜੋ ਉਨ੍ਹਾਂ ਦੀ ਕੁੱਲ ਆਮਦਨ ਤੋਂ 129.3 ਫੀਸਦੀ ਵੱਧ ਹੈ। ਵਿਜੀਲੈਂਸ ਬਿਊਰੋ ਵਿੱਚ ਏਆਈਜੀ ਸਮੇਤ ਹੋਰ ਕਈ ਜ਼ਿਲ੍ਹਿਆਂ ਅਤੇ ਜੇਲ੍ਹ ਵਿਭਾਗ ਵਿੱਚ ਤਾਇਨਾਤ ਰਹੇ ਅਸ਼ੀਸ਼ ਕਪੂਰ ਅਤੇ ਉਸਦੀ ਪਤਨੀ ਖ਼ਿਲਾਫ਼ ਉਕਤ ਜਾਂਚ ਦੌਰਾਨ ਪ੍ਰਾਪਤ ਸਬੂਤਾਂ ਦੇ ਅਧਾਰ ’ਤੇ ਪਰਚਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…