nabaz-e-punjab.com

ਪੰਜਾਬ ਵਿੱਚ 31 ਦਸੰਬਰ ਤੱਕ ਸਾਰੇ ਘਰਾਂ ਵਿੱਚ ਪਖਾਨੇ ਬਣਾਉਣ ਦਾ ਟੀਚਾ ਮੁਕੰਮਲ ਕੀਤਾ ਜਾਵੇਗਾ: ਤ੍ਰਿਪਤ ਬਾਜਵਾ

ਪਿੰਡਾਂ ਵਿੱਚ ਬੰਦ ਪਏ ਆਰਓ ਸਿਸਟਮ ਤੁਰੰਤ ਠੀਕ ਕਰਕੇ ਚਾਲੂ ਕਰਵਾਉਣ ਦੇ ਹੁਕਮ, ਸਰਕਾਰੀ ਪੈਸੇ ਦੀ ਦੁਰਵਰਤੋਂ ਬਰਦਾਸ਼ਤ ਨਹੀਂ

ਅਧਿਕਾਰੀਆਂ ਨੂੰ ਪਾਣੀ ਵਾਲੀਆਂ ਟੈਂਕੀਆ ਦੀ ਮੌਜੂਦਾ ਸਥਿਤੀ ਦੀ ਨਿੱਜੀ ਜਾਂਚ ਦੇ ਹੁਕਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਜੁਲਾਈ:
ਪੰਜਾਬ ਵਿਚ ਹਰ ਘਰ ਪਖਾਨਾ ਮੁਹੱਈਆ ਕਰਵਾਉਣ ਦਾ ਟੀਚਾ ਇਸ ਸਾਲ 31 ਦਸੰਬਰ ਤੱਕ ਪ੍ਰਾਪਤ ਕਰ ਲਿਆ ਜਾਵੇਗਾ।ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਆਪਣੇ ਦਫਤਰ ਵਿਖੇ ਵਿਭਾਗ ਦੇ ਕੰਮ ਕਾਜ ਲਈ ਰੱਖੀ ਸਮੀਖਿਆ ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹ ਟੀਚਾ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੀਟਿੰਗ ਉਪਰੰਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਸ ਕੰਮ ਨੂੰ 100 ਫੀਸਦੀ ਨੇਪਰੇ ਚਾੜਨ ਲਈ ਹੇਠਲੇ ਪੱਧਰ ‘ਤੇ ਨਿਗਰਾਨੀ ਕੀਤੀ ਜਾਵੇ ਅਤੇ ਹਰ ਸਬੰਧਤ ਅਧਿਕਾਰੀ ਤੋਂ ਪ੍ਰਗਤੀ ਰਿਪੋਰਟ ਲਈ ਜਾਵੇ।
ਸ੍ਰੀ ਬਾਜਵਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਪੈਸੇ/ਗ੍ਰਾਂਟਾ ਦੀ ਪਾਰਦਰਸ਼ੀ ਢੰਗ ਨਾਲ ਵਰਤੋ ਕੀਤੀ ਜਾਵੇ ਅਤੇ ਪੈਸੇ ਦੀ ਦੁਰਵਰਤੋ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨਾਲ ਹੀ ਕਿਹਾ ਕਿ ਕੰਮ ਦੀ ਕੁਆਲਟੀ ਯਕੀਨੀ ਬਣਾਈ ਜਾਵੇ ਅਤੇ ਕੁਤਾਹੀ ਕਰਨ ਵਾਲਿਆਂ ਦੇ ਖਿਲਾਫ ਪੁਰੀ ਸਖਤੀ ਵਰਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਕੰਮ ਸਮਾਂਬੱਧ ਪੂਰੇ ਕੀਤੇ ਜਾਣੇ ਯਕੀਨੀ ਬਣਾਏ ਜਾਣ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਬੰਦ ਪਏ ਪਏ ਆਰ.ਓ ਸਿਸਟਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬੰਦ ਪਏ ਆਰ.ਓ ਸਿਸਟਮ ਤੁਰੰਤ ਠੀਕ ਕਰਵਾ ਕੇ ਚਾਲੂ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲ ਸਕੇ।ਇਸ ਮੌਕੇ ਉਨ੍ਹਾਂ ਨਾਲ ਹੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਭਾਗ ਦੇ ਅਧੀਨ ਆਉਣ ਵਾਲੀਆਂ ਪਾਣੀ ਦੀਆਂ ਟੈਂਕੀਆਂ ਦੀ ਹਾਲਤ ਦੀ ਨਿੱਜੀ ਜਾਂਚ ਕੀਤੀ ਜਾਵੇ ਅਤੇ ਮਾੜੀ ਹਾਲਤ ਵਾਲੀਆਂ ਟੈਂਕੀਆਂ ਨੂੰ ਪਹਿਲ ਦੇ ਅਧਾਰ ‘ਤੇ ਠੀਕ ਕਰਵਾਇਆ ਜਾਵੇ।
ਸ੍ਰੀ ਬਾਜਵਾ ਨੇ ਇਸ ਮੌਕੇ ਕਿਹਾ ਕਿ ਪਾਣੀ ਵਾਲੀਆਂ ਟੈਂਕੀਆਂ ਦੇ ਪੰਪਾਂ ਨੂੰ ਚਲਾਉਣ ਲਈ ਕੀਤੀ ਜਾਂਦੀ ਕੁਲੈਕਸ਼ਨ ਦੀ ਰਸੀਦ ਪੈਸੇ ਦੇਣ ਵਾਲੇ ਨੂੰ ਦੇਣੀ ਯਕੀਨੀ ਬਣਾਈ ਜਾਵੇ ਅਤੇ ਇਕੱਤਰ ਕੀਤੇ ਗਏ ਪੈਸੇ ਨੂੰ ਪਾਰਦਰਸ਼ੀ ਢੰਗ ਨਾਲ ਖਰਚਣ ਦਾ ਪ੍ਰਬੰਧ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਸ ਫੈਸਲੇ ਨੂੰ ਤੁਰੰਤ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇ। ਸ. ਬਾਜਵਾ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਸਪਲਾਈ ਵਾਲੇ ਪਾਣੀ ਦੀ ਦੁਰਵਰਤੋ ਨਾ ਕਰਨ ਅਤੇ ਦੁਰਵਰਤੋ ਕਰਨ ਵਾਲਿਆਂ ਦੀ ਸ਼ਿਕਾਇਤ ਵਿਭਾਗ ਵਲੋਂ ਸਥਾਪਿਤ ਸ਼ਿਕਾਇਤ ਨਿਵਾਰਨ ਕੇਂਦਰ ਦੇ ਟੋਲ ਫ੍ਰੀ ਨੰਬਰ 18001802468 ‘ਤੇ ਕਰਨ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਹਰ ਸ਼ਿਕਾਇਤ ਦੀ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਪਾਣੀ ਦੀ ਦੁਰਵਰਤੋ ਪੂਰੀ ਤਰਾਂ ਨਾਲ ਰੋਕੀ ਜਾ ਸਕੇ। ਇਸ ਮੌਕੇ ਵਿਭਾਗ ਦੀ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਵਿਭਾਗ ਵੱਲੋਂ ਮਿੱਥੇ ਟੀਚਿਆਂ ਬਾਰੇ ਦੱਸਿਆ।
ਉਨ੍ਹਾਂ ਦੱਸਿਆ ਕਿ ਖੁੱਲੇ ਵਿਚ ਲੈਟਰੀਨ ਤੋਂ ਸੂਬੇ ਦੇ 9 ਜ਼ਿਲ੍ਹੇ ਹੁਣ ਤੱਕ ਮੁਕਤ ਹੋ ਚੱੁਕੇ ਹਨ ਅਤੇ ਬਾਕੀ ਜ਼ਿਲਿਆਂ ਵਿਚ ਵੀ ਨਿਰਧਾਰਤ ਸਮੇਂ ਵਿਚ ਇਹ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਵਿਭਾਗ ਵਲੋਂ 10 ਘੰਟੇ ਪਾਣੀ ਸਪਲਾਈ ਕਰਨ ਵਾਲੀ ਸਕੀਮ ਵੀ ਹੋਰ ਤੇਜੀ ਨਾਲ ਲਾਗੂ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਵਿਭਾਗ ਦੇ ਮੁਖੀ ਅਸ਼ਵਨੀ ਕੁਮਾਰ, ਕੈਬਨਿਟ ਮੰਤਰੀ ਸ੍ਰੀ ਬਾਜਵਾ ਦੇ ਓ.ਐਸ.ਡੀ ਗੁਰਦਰਸ਼ਨ ਸਿੰਘ ਬਾਹੀਆ, ਚੀਫ਼ ਇੰਜਨੀਅਰ ਐਸ.ਕੇ ਜੈਨ, ਚੀਫ ਇੰਜਨੀਅਰ ਏ.ਕੇ ਕਲਸੀ, ਡਾਇਰੈਕਟਰ ਸੈਨੀਟੇਸ਼ਨ ਮੁਹੰਮਦ ਇਸ਼ਫਾਕ, ਡਾਇਰੈਕਟਰ ਵਾਟਰ ਕੁਆਲਟੀ ਵੀਨਾਕਸ਼ੀ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…