ਅਜਮੇਰ ਦਰਗਾਹ ਬੰਬ ਧਮਾਕਾ ਮਾਮਲਾ: ਦੋਸ਼ੀਆਂ ਨੂੰ 22 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ
ਨਬਜ਼-ਏ-ਪੰਜਾਬ ਬਿਊਰੋ, ਜੈਪੁਰ, 19 ਮਾਰਚ:
ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ (ਐਨ.ਆਈ.ਏ.) ਅਜਮੇਰ ਸਥਿਤ ਸੂਫੀ ਖਵਾਜ਼ਾ ਮੋਈਨੁਦੀਨ ਹਸਨ ਚਿਸ਼ਤੀ ਦੀ ਦਰਗਾਹ ਕੈਂਪਸ ਵਿੱਚ ਕਰੀਬ 9 ਸਾਲ ਪਹਿਲਾਂ ਹੋਏ ਧਮਾਕਾ ਮਾਮਲੇ ਵਿੱਚ ਦੋਸ਼ੀ ਪਾਏ ਗਏ ਭਾਵੇਸ਼ ਪਟੇਲ ਅਤੇ ਦੇਵੇੱਦਰ ਗੁਪਤਾ ਨੂੰ 22 ਮਾਰਚ ਨੂੰ ਸਜ਼ਾ ਸੁਣਾਏਗੀ। ਵਿਸ਼ੇਸ਼ ਅਦਾਲਤ ਦੇ ਜੱਜ ਦਿਨੇਸ਼ ਗੁਪਤਾ ਨੇ ਸਜ਼ਾ ਸੁਣਾਈ ਲਈ 22 ਮਾਰਚ ਦੀ ਤਰੀਕ ਤੈਅ ਕੀਤੀ ਹੈ। ਭਾਵੇਸ਼ ਪਟੇਲ ਅਤੇ ਦੇਵੇੱਦਰ ਗੁਪਤਾ ਅਦਾਲਤ ਵਿੱਚ ਮੌਜੂਦ ਸਨ। ਬਚਾਅ ਪੱਖ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ।
ਅਦਾਲਤ ਨੇ ਪਿਛਲੀ ਸੁਣਵਾਈ ਤੋੱ ਬਾਅਦ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ 18 ਮਾਰਚ ਦੀ ਤਰੀਕ ਤੈਅ ਕੀਤੀ ਸੀ। ਦੋਸ਼ੀਆਂ ਦੀ ਸਜ਼ਾ ਤੈਅ ਕਰਨ ਦੇ ਮੁੱਦੇ ਤੇ ਅੱਜ ਬਚਾਅ ਅਤੇ ਸਰਕਾਰੀ ਪੱਖ ਦੇ ਐਡਵੋਕੇਟ ਨੇ ਆਪਣੇ-ਆਪਣੇ ਤਰਕ ਰੱਖੇ। ਜ਼ਿਕਰਯੋਗ ਹੈ ਕਿ ਅਦਾਲਤ 11 ਅਕਤੂਬਰ 2007 ਨੂੰ ਦਰਗਾਹ ਕੈਂਪਸ ਵਿੱਚ ਹੋਏ ਬੰਬ ਧਮਾਕੇ ਮਾਮਲੇ ਵਿੱਚ ਸਵਾਮੀ ਅਸੀਮਾਨੰਦ ਸਮੇਤ 7 ਦੋਸ਼ੀਆਂ ਨੂੰ ਪਹਿਲਾਂ ਹੀ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਚੁਕੀ ਹੈ। ਬੰਬ ਧਮਾਕੇ ਵਿੱਚ ਤਿੰਨ ਜਾਇਰੀਨਾਂ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖਮੀ ਹੋ ਗਏ ਸਨ। ਬੰਬ ਧਮਾਕਾ ਮਾਮਲੇ ਦੇ ਤੀਜੇ ਦੋਸ਼ੀ ਸੁਨੀਲ ਜੋਸ਼ੀ ਦੀ ਮੌਤ ਹੋ ਚੁਕੀ ਹੈ।