
ਪੰਜਾਬੀ ਭਾਸ਼ਾ ਦੇ ਮੁੱਦੇ ’ਤੇ ਅਕਾਲ ਯੂਥ ਵੱਲੋਂ ਸੀਬੀਐਸਈ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ
ਕੇਂਦਰ ਦਾ ਸੀਬੀਐਸਈ ਬੋਰਡ ਰਾਹੀਂ ਸਿਰਫ਼ ਪੰਜਾਬੀ ਭਾਸ਼ਾ ’ਤੇ ਨਹੀ ਸਾਡੇ ਧਰਮ, ਸਭਿਆਚਾਰ ’ਤੇ ਹਮਲਾ: ਅਕਾਲ ਯੂਥ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ’ਚੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ੇ ’ਚੋਂ ਬਾਹਰ ਕੱਢਣ ਦੇ ਰੋਸ ਵਜੋਂ ਧਾਰਮਿਕ ਸੰਸਥਾ ਅਕਾਲ ਯੂਥ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਇੱਥੇ ਸੀਬੀਐਸਈ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਸੀਬੀਐਸਈ ਵੱਲੋਂ ਮਾਤ ਭਾਸ਼ਾ ਨੂੰ ਨੱੁਕਰੇ ਲਗਾਉਣ ਦੀ ਸਾਜ਼ਿਸ਼ ਤਹਿਤ ਇਸ ਵਿਸ਼ੇ ਨੂੰ ਬਾਹਰ ਕਰਕੇ ਹਿੰਦੀ ਭਾਸ਼ਾ ਨੂੰ ਮੁੱਖ ਵਿਸ਼ੇ ’ਚ ਰੱਖਣਾ ਮੰਦਭਾਗੀ ਗੱਲ ਹੈ। ਸੰਸਥਾ ਨੇ ਸੀਬੀਐਸਈ ਦੇ ਅਧਿਕਾਰੀਆਂ ਨੂੰ ਮੰਗ ਸੌਂਪ ਕੇ ਕਿਹਾ ਕਿ ਅੱਜ ਸਿਰਫ਼ ਪੰਜਾਬੀ ਭਾਸ਼ਾ ’ਤੇ ਹੀ ਹਮਲਾ ਨਹੀਂ ਕੀਤਾ ਬਲਕਿ ਸਿੱਖ ਧਰਮ, ਸਭਿਆਚਾਰ ਅਤੇ ਸਾਡੀ ਹੋਂਦ ਨੂੰ ਖ਼ਤਮ ਕਰਨ ਦਾ ਮੁੱਢ ਬੰਨ੍ਹਣ ਦੀ ਸਾਜ਼ਿਸ਼ ਰਚੀ ਗਈ ਹੈ। ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਜਾਬੀ ਭਾਸ਼ਾ ’ਤੇ ਹਮਲਾ ਕਰਨ ਵਾਲੇ ਫੈਸਲੇ ਨੂੰ ਤੁਰੰਤ ਵਾਪਸ ਨਾ ਲਿਆ ਤਾਂ ਅਕਾਲ ਯੂਥ ਵੱਲੋਂ ਸੀਬੀਐਸਈ ਮਾਨਤਾ ਪ੍ਰਾਪਤ ਸਕੂਲਾਂ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਿੱਜੀ ਦਖ਼ਲ ਦੇ ਕੇ ਇਸ ਮਸਲੇ ਦਾ ਪੱਕਾ ਕੀਤਾ ਜਾਵੇ। ਨਾਲ ਹੀ ਉਨ੍ਹਾਂ ਇਹ ਮੰਗ ਕੀਤੀ ਕਿ ਜੇਕਰ ਸੀਬੀਐਸਈ ਪੰਜਾਬੀ ਭਾਸ਼ਾ ’ਤੇ ਪਾਬੰਦੀ ਲਾਉਂਦਾ ਹੈ ਤਾਂ ਪੰਜਾਬ ਵਿੱਚ ਸੀਬੀਐਸਈ ਦੇ ਸਕੂਲਾਂ ’ਤੇ ਸਖ਼ਤੀ ਪਾਬੰਦੀ ਲਗਾਈ ਜਾਵੇ।
ਇਸ ਮੌਕੇ ਬਾਪੂ ਗੁਰਚਰਨ ਸਿੰਘ ਅਤੇ ਭਾਈ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਉੱਤੇ ਕਾਫ਼ੀ ਲੰਮੇ ਸਮੇਂ ਤੋਂ ਹਮਲੇ ਕੀਤੇ ਜਾ ਰਹੇ ਹਨ। ਸੀਬੀਐਸਈ ਨੇ ਹੁਣ ਫਿਰ ਇੱਕ ਬਹੁਤ ਵੱਡਾ ਹਮਲਾ ਮਾਤ ਭਾਸ਼ਾ ’ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਬੀਐਸਈ ਦਾ ਇੱਕੋ ਇਕ ਟੀਚਾ ਅੰਗਰੇਜ਼ੀ ਭਾਸ਼ਾ ਨੂੰ ਥੰਮ੍ਹ ਬਣਾ ਕੇ ਨਿੱਜੀ ਸਿੱਖਿਆ ਮਾਫ਼ੀਆ ਦੀਆਂ ਤਿਜੋਰੀਆ ਭਰਨਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪੱਖੋਂ ਸਫ਼ਲ ਹਰ ਦੇਸ਼ ਵਿੱਚ ਮਾਤ ਭਾਸ਼ਾ ਨੂੰ ਮਾਧਿਅਮ ਤੇ ਮੁੱਖ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਹੈ। ਇਸ ਮੌਕੇ ਵਕੀਲ ਭਾਈ ਦਲਸ਼ੇਰ ਸਿੰਘ, ਰਮਨਦੀਪ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਪਵਨਦੀਪ ਸਿੰਘ, ਭਾਈ ਬਾਵਾ ਸਿੰਘ, ਭਾਈ ਹਰਚੰਦ ਸਿੰਘ, ਭਾਈ ਇੰਦਰਵੀਰ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਜਗਤਾਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।