
ਅਕਾਲ ਯੂਥ ਨੇ ‘ਲੋਹੜੀ ਮੌਕੇ’ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤਾ ਕੌਮ ਦੇ ਨਾਂ ਸੁਨੇਹਾ
ਪੰਜਾਬ ਦੇ ਰਾਜਪਾਲ ਕੋਲ ਵੀਰਵਾਰ ਸ਼ਾਮ ਨੂੰ ਸਿੱਖ ਕੈਦੀਆਂ ਦੀ ਰਿਹਾਈ ਲਈ ਦਾਖ਼ਲ ਕੀਤੀ ਰਿਪੋਰਟ
ਉਮੀਦਵਾਰਾਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੀਤੇ ਯਤਨਾਂ ਬਾਰੇ ਸਿੱਖ ਵੋਟਰ ਜ਼ਰੂਰ ਸਵਾਲ ਪੁੱਛਣ
ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰੇ ਸਰਕਾਰ: ਸਿੱਖ ਆਗੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਸਿੱਖਾਂ ਦੀ ਨੁਮਾਇੰਦਾ ਜਮਾਤ ਅਕਾਲ ਯੂਥ ਨੇ ਪੰਜਾਬ, ਚੰਡੀਗੜ੍ਹ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ‘ਲੋਹੜੀ’ ਦੇ ਮੌਕੇ ਸਿੱਖ ਕੌਮ ਦੇ ਨਾਂ ਸੁਨੇਹਾ ਦਿੰਦਿਆਂ ਸਿੱਖ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਦੋਂ ਕਿਸੇ ਸਿਆਸੀ ਪਾਰਟੀ ਦਾ ਉਮੀਦਵਾਰ ਜਾਂ ਸੀਨੀਅਰ ਆਗੂ ਵੋਟ ਮੰਗਣ ਆਉਣ ਤਾਂ ਜ਼ਾਬਤੇ ਵਿੱਚ ਰਹਿ ਕੇ ਉਨ੍ਹਾਂ ਨੂੰ ਇਹ ਸਵਾਲ ਜ਼ਰੂਰ ਪੁੱਛਣ ਦੀ ਖੇਚਲ ਕਰਨ ਕਿ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਤੱਕ ਕੀ ਯਤਨ ਕੀਤੇ ਗਏ ਹਨ।
ਅੱਜ ਇੱਥੇ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਅਕਾਲ ਯੂਥ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਅਤੇ ਭਾਈ ਸਤਵੰਤ ਸਿੰਘ ਲ਼ੁਧਿਆਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਸਿੱਖ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਕਰਨ ਬਾਰੇ ਸਵਾਲ ਕੀਤਾ ਜਾਵੇ। ਇੰਜ ਹੀ ਬਾਕੀ ਪਾਰਟੀਆਂ ਤੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਉਪਰਾਲਿਆਂ ਬਾਰੇ ਪੁੱਛਿਆ ਜਾਵੇ। ਇਸ ਤੋਂ ਬਾਅਦ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਸਬੰਧਤ ਉਮੀਦਵਾਰ ਨੂੰ ਵੋਟ ਪਾਈ ਜਾਵੇ। ਉਨ੍ਹਾਂ ਨੇ ਸਿੱਖ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਘਰਾਂ ਦੇ ਬਨੇਰਿਆਂ ’ਤੇ ਖਾਲਸਾਈ ਨਿਸ਼ਾਨ ਸਾਹਿਬ ਝੂਲਾਏ ਜਾਣ।
ਆਗੂਆਂ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਭਾਈ ਗੁਰਮੀਤ ਸਿੰਘ (28 ਸਾਲ 5 ਮਹੀਨੇ), ਭਾਈ ਲਖਵਿੰਦਰ ਸਿੰਘ (26 ਸਾਲ 3 ਮਹੀਨੇ), ਭਾਈ ਸ਼ਮਸ਼ੇਰ ਸਿੰਘ (28 ਸਾਲ 5 ਮਹੀਨੇ), ਜਥੇਦਾਰ ਜਗਤਾਰ ਸਿੰਘ ਹਵਾਰਾ (26 ਸਾਲ 2 ਮਹੀਨੇ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਗੁਰਦੀਪ ਸਿੰਘ ਖੇੜਾ (31-31 ਸਾਲ), ਪ੍ਰੋ. ਦਵਿੰਦਪਾਲ ਸਿੰਘ ਭੁੱਲਰ (26 ਸਾਲ), ਭਾਈ ਪਰਮਜੀਤ ਭਿਓਰਾ (22 ਸਾਲ) ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਅਕਾਲ ਯੂਥ ਵੱਲੋਂ ਪੰਜਾਬ ਦੇ ਰਾਜਪਾਲ ਕੋਲ ਉਕਤ ਸਿੱਖ ਕੈਦੀਆਂ ਦੀ ਰਿਹਾਈ ਲਈ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਇਸ ਮੌਕੇ ਸਿੱਖਾਂ ਦੇ ਕੇਸਾਂ ਬਾਰੇ ਅਦਾਲਤਾਂ ਵਿੱਚ ਕਾਨੂੰਨੀ ਚਾਰਾਜੋਈ ਕਰਨ ਵਾਲੇ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ, ਭਾਈ ਮੱਖਣ ਸਿੰਘ, ਭਾਈ ਦਵਿੰਦਰ ਸਿੰਘ, ਐਡਵੋਕੇਟ ਰਮਨਦੀਪ ਸਿੰਘ, ਐਡਵੋਕੇਟ ਇਸ਼ਨੀਤ ਸਿੰਘ, ਐਡਵੋਕੇਟ ਮਨਜੋਤ ਸਿੰਘ ਅਤੇ ਭਾਈ ਨਰਿੰਦਰ ਸਿੰਘ ਵੀ ਹਾਜ਼ਰ ਸਨ।