
ਅਕਾਲੀ ਤੇ ਕਾਂਗਰਸ ਸਰਕਾਰਾਂ ਦੀ ਨਾਕਾਮੀ ਕਾਰਨ ਹੁਣ ਤੱਕ ਨਹੀਂ ਮਿਲੀ ਬੱਸ ਅੱਡੇ ਦੀ ਸਹੂਲਤ
ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਏਸੀ ਬੱਸ ਅੱਡੇ ਦਾ ਦੌਰਾ ਕਰਕੇ ਦਿਖਾਈਆਂ ਖ਼ਾਮੀਆਂ, ਨਾਅਰੇਬਾਜ਼ੀ ਕੀਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਫੇਜ਼-8 ਵਿੱਚ ਚੱਲਦੇ ਪੁਰਾਣੇ ਅੰਤਰਰਾਜੀ ਬੱਸ ਅੱਡੇ ਨੂੰ ਬੰਦ ਕਰਨ ਅਤੇ ਵੇਰਕਾ ਮਿਲਕ ਪਲਾਂਟ ਨੇੜੇ ਫੇਜ਼-6 ਦੇ ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਟਰਮੀਨਲ ਨੂੰ ਸਹੀ ਤਰੀਕੇ ਨਾਲ ਨਾ ਚਲਾਉਣ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਵਲੰਟੀਅਰਾਂ ਨੇ ਪਾਰਟੀ ਦੇ ਬੁਲਾਰੇ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਵਿਨੀਤ ਵਰਮਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ’ਤੇ ਅੱਗਾ ਦੌੜ, ਪਿੱਛਾ ਚੌੜ ਵਾਲੀ ਕਹਾਵਤ ਹੂਬਹੂ ਢੁਕਦੀ ਹੈ ਅਤੇ ਪੁਰਾਣਾ ਬੱਸ ਅੱਡਾ ਬੰਦ ਕਰਨ ਨਾਲ ਕਾਂਗਰਸ ਸਰਕਾਰ ਦੀ ਅਕਾਲੀ ਦਲ ਨਾਲ ਸਾਂਝ ਵੀ ਜੱਗ ਜਾਹਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੇਜ਼-8 ਵਿੱਚ ਚੰਗਾ ਭਲਾ ਚਲਦਾ ਬੱਸ ਅੱਡਾ ਬੰਦ ਕਰਕੇ ਬੱਸ ਅਪਰੇਟਰਾਂ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਡਰੀਮ ਪ੍ਰਾਜੈਕਟ ਨਵੇਂ ਏਸੀ ਬੱਸ ਅੱਡੇ ਨੂੰ ਚਲਾਉਣ ਅਤੇ ਉੱਥੇ ਬੱਸਾਂ ਲਿਜਾਉਣ ਦੇ ਹੁਕਮ ਚਾੜੇ ਸੀ ਪਰ ਨਵਾਂ ਬੱਸ ਅੱਡਾ ਸਹੀ ਰੂਪ ਵਿੱਚ ਚਾਲੂ ਨਹੀਂ ਹੋ ਸਕਿਆ। ਜਿਸ ਕਾਰਨ ਮੌਜੂਦਾ ਸਮੇਂ ਵਿੱਚ ਆਈਟੀ ਸਿਟੀ ਵਿੱਚ ਬੱਸ ਅਪਰੇਟਰ ਪੁਰਾਣੇ ਬੱਸ ਅੱਡੇ ਦੇ ਬਾਹਰ ਰੁੱਖਾਂ ਦੀ ਥਾਂ ਹੇਠ ਬੱਸਾਂ ਖੜੀਆਂ ਕਰਕੇ ਸਵਾਰੀਆਂ ਢੋਹ ਰਹੇ ਹਨ।
ਆਪ ਆਗੂ ਵਿਨੀਤ ਵਰਮਾ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਏਸੀ ਬੱਸ ਅੱਡੇ ’ਤੇ ਹਨੇਰਾ ਪਸਰਿਆ ਹੋਇਆ ਹੈ ਕਿਉਂਕਿ ਬਿਜਲੀ ਬਿੱਲ ਨਾ ਭਰਨ ਕਰਕੇ ਪਾਵਰਕੌਮ ਨੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਸੀ। ਇੱਥੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ ਅਤੇ ਆਲੇ ਦੁਆਲੇ ਗੰਦਗੀ ਫੈਲੀ ਹੋਈ ਹੈ। ਜਿਸ ਕਾਰਨ ਇੱਥੇ ਡੇਂਗੂ ਫੈਲਣ ਦਾ ਵੀ ਖ਼ਤਰਾ ਹੈ। ਉਨ੍ਹਾਂ ਨਵੇਂ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਫੇਜ਼-8 ਵਿੱਚ ਬੰਦ ਕੀਤਾ ਪੁਰਾਣਾ ਅੰਤਰਰਾਜੀ ਬੱਸ ਅੱਡਾ ਮੁੜ ਚਾਲੂ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ, ਸੰਯੁਕਤ ਸਕੱਤਰ ਸਤੀਸ਼ ਸੈਣੀ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ, ਗੁਰਮੇਲ ਸਿੰਘ, ਕਸ਼ਮੀਰ ਕੌਰ, ਪ੍ਰਹਿਲਾਦ ਸਿੰਘ, ਸੁਰਿੰਦਰ ਸਿੰਘ ਮਟੌਰ, ਗੁਰਮੁੱਖ ਸਿੰਘ, ਰਾਜੇਸ਼ ਰਾਣਾ, ਮੱਘਰ ਲਾਲ, ਅਮਿਤ ਵਰਮਾ, ਜਤਿੰਦਰ ਸਿੰਘ ਅਤੇ ਹੋਰ ਵਲੰਟੀਅਰ ਹਾਜ਼ਰ ਸਨ।