nabaz-e-punjab.com

ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਦੇ ਖ਼ਿਲਾਫ਼ ਬੇਵਿਸਾਹੀ ਦਾ ਮਤਾ ਪਾਉਣ ਦੀ ਤਿਆਰੀ ਵਿੱਚ ਹੈ ਅਕਾਲੀ-ਭਾਜਪਾ ਗੱਠਜੋੜ

ਵਿਧਾਇਕ ਸਿੱਧੂ ਤੇ ਮੇਅਰ ਕੁਲਵੰਤ ਸਿੰਘ ਵਿਚਾਲੇ ਵੱਧਦੀ ਖਟਾਸ ਦਾ ਸੇਕ ਆ ਸਕਦਾ ਹੈ ਸੀਨੀਅਰ ਡਿਪਟੀ ਮੇਅਰ ਦੀ ਚੇਅਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਥਾਨਕ ਨਗਰ ਨਿਗਮ ਵਿੱਚ ਸਿਆਸੀ ਸਮੀਕਰਨ ਬਦਲਦੇ ਜਾ ਰਹੇ ਹਨ। ਕਾਂਗਰਸ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜਿੱਥੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੇ ਰਿਸ਼ਤਿਆਂ ਵਿੱਚ ਆਈ ਖਟਾਸ ਤੋਂ ਬਾਅਦ ਹੁਣ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਦੀ ਕੁਰਸੀ ਦੇ ਆਲੇ ਦੁਆਲੇ ਗੋਲਬੰਦੀ ਆਰੰਭ ਹੋ ਗਈ ਹੈ ਅਤੇ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਅਕਾਲੀ ਭਾਜਪਾ ਗਠਜੋੜ (ਜਿਸ ਦੇ ਮੇਅਰ ਦੇ ਧੜੇ ਨੂੰ ਮਿਲਾ ਕੇ ਕੁਲ 36 ਮੈਂਬਰ ਹਨ) ਵੱਲੋਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦਾ ਮਤਾ ਲਿਆਂਦਾ ਜਾ ਸਕਦਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਇਸਦਾ ਸੂਬੇ ਦੀ ਸੱਤਾ ਤੇ ਕਾਬਿਜ ਕਾਂਗਰਸ ਸਰਕਾਰ ਤੇ ਵੀ ਨਾਂ ਪੱਖੀ ਅਸਰ ਪੈ ਸਕਦਾ ਹੈ।
ਇੱਥੇ ਇਹ ਜਿਕਰਯੋਗ ਹੈ ਕਿ ਸਵਾ 2 ਸਾਲ ਪਹਿਲਾਂ ਹੋਈ ਨਗਰ ਨਿਗਮ ਦੀ ਚੋਣ ਵੇਲੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਅਤੇ ਆਪਣਾ ਵੱਖਰਾ (ਆਜ਼ਾਦ ਗਰੁੱਪ) ਗਰੁੱਪ ਬਣਾ ਕੇ ਚੋਣ ਲੜੀ ਸੀ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਦੇ 23, ਕਾਂਗਰਸ ਦੇ 14, ਆਜ਼ਾਦ ਗਰੁੱਪ ਦੇ 11 ਅਤੇ 2 ਹੋਰ ਆਜ਼ਾਦ ਮੈਂਬਰ ਇਹ ਚੋਣ ਜਿੱਤਣ ਵਿੱਚ ਸਮਰਥ ਹੋਏ ਸਨ ਅਤੇ ਸੂਬੇ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਹੋਣ ਦੇ ਬਾਵਜੂਦ ਕੁਲਵੰਤ ਸਿੰਘ ਕਾਂਗਰਸ ਪਾਰਟੀ ਅਤੇ 2 ਆਜਾਦ ਮੈਂਬਰਾਂ ਦੇ ਸਮਰਥਨ ਨਾਲ ਮੇਅਰ ਬਣਨ ਵਿੱਚ ਕਾਮਯਾਬ ਰਹੇ ਸਨ। ਉਸ ਵੇਲੇ ਕੁਲਵੰਤ ਸਿੰਘ ਦੇ ਨਾਲ ਕਾਂਗਰਸ ਪਾਰਟੀ ਦੇ ਸ੍ਰੀ ਰਿਸ਼ਵ ਜੈਨ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਆਜਾਦ ਚੋਣ ਜਿੱਤੇ ਮਨਜੀਤ ਸਿੰਘ ਸੇਠੀ ਨੂੰ ਡਿਪਟੀ ਮੇਅਰ ਦੀ ਕੁਰਸੀ ਹਾਸਿਲ ਹੋਈ ਸੀ।
ਪ੍ਰੰਤੂ ਕੁਝ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਵੇਲੇ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬੁਲਾਏ ਜਾਣ ਉਪਰੰਤ ਕੁਲਵੰਤ ਸਿੰਘ ਆਪਣੇ ਗਰੁੱਪ ਦੇ ਕੌਂਸਲਰਾਂ ਅਤੇ ਆਜਾਦ ਚੋਣ ਜਿੱਤੇ ਕੌਂਸਲਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ। ਜਿਸ ਨਾਲ ਅਕਾਲੀ ਭਾਜਪਾ ਗੱਠਜੋੜ ਦੇ ਕੌਂਸਲਰਾਂ ਦੀ ਗਿਣਤੀ ਵੱਧ ਕੇ 36 ਹੋ ਗਈ ਸੀ ਅਤੇ ਉਸ ਵੇਲੇ ਅਕਾਲੀ ਭਾਜਪਾ ਗਠਜੋੜ ਦੀਆਂ ਟਿਕਟਾਂ ਤੇ ਜਿੱਤੇ 23 ਕੌਂਸਲਰਾਂ ਦੇ ਗਰੁੱਪ ਵੱਲੋਂ ਇਹ ਮੁੱਦਾ ਉਛਾਲਿਆ ਗਿਆ ਸੀ ਕਿ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ ਵੀ ਗੱਠਜੋੜ ਦੇ ਹੀ ਕਿਸੇ ਆਗੂ ਨੂੰ ਮਿਲਣੀ ਚਾਹੀਦੀ ਹੈ ਪ੍ਰੰਤੂ ਮੇਅਰ ਦੇ ਗਰੁੱਪ ਵੱਲੋਂ ਇਸ ਸਬੰਧੀ ਸਹਿਮਤੀ ਨਾ ਹੋਣ ਕਾਰਣ ਇਹ ਮਾਮਲਾ ਵਿਚਾਲੇ ਹੀ ਰਹਿ ਗਿਆ ਸੀ।
ਪ੍ਰੰਤੂ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੇ ਆਪਸੀ ਰਿਸ਼ਤਿਆਂ ਵਿੱਚ ਵੱਧਦੀ ਖਟਾਸ ਤੋੱ ਬਾਅਦ ਇਹ ਚਰਚਾ ਇੱਕ ਵਾਰ ਫਿਰ ਜੋਰ ਫੜਣ ਲੱਗ ਪਈ ਹੈ ਕਿ ਅਕਾਲੀ ਭਾਜਪਾ ਗਠਜੋੜ ( ਜਿਸਦੇ ਇਸ ਵੇਲੇ ਕੁਲ 36 ਮੈਂਬਰ ਹਨ) ਵੱਲੋਂ ਜੇਕਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੇ ਖਿਲਾਫ ਬੇਵਿਸਾਹੀ ਦਾ ਮਤਾ ਪੇਸ਼ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਹਲਕਾ ਵਿਧਾਇਕ ਨੂੰ ਵੱਡਾ ਝਟਕਾ ਲੱਗੇਗਾ। ਅਕਾਲੀ ਦਲ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਹਾਈਕਮਾਨ ਦੀ ਵੀ ਇਹ ਸੋਚ ਹੈ ਕਿ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੋੱ ਕਾਂਗਰਸ ਦਾ ਕਬਜਾ ਖਤਮ ਕਰਕੇ ਉਥੇ ਪਾਰਟੀ ਦੇ ਕਿਸੇ ਆਗੂ ਨੂੰ ਸੀਨੀਅਰ ਡਿਪਟੀ ਮੇਅਰ ਬਣਾ ਦਿੱਤਾ ਗਿਆ ਤਾਂ ਇਸ ਦਾ ਅਕਾਲੀ ਭਾਜਪਾ ਗਠਜੋੜ ਨੂੰ ਆਉਣ ਵਾਲੀਆਂ ਨਿਗਮ ਚੋਣਾਂ ਦੌਰਾਨ ਫਾਇਦਾ ਮਿਲ ਸਕਦਾ ਹੈ।
ਜੇਕਰ ਨਗਰ ਨਿਗਮ ਦੇ ਸਿਆਸੀ ਜੋੜ ਤੋੜ ਦਾ ਹਿਸਾਬ ਲਗਾਈਏ ਤਾਂ ਸੀਨੀਅਰ ਡਿਪਟੀ ਮੇਅਰ ਦੇ ਖ਼ਿਲਾਫ਼ ਬੇਵਿਸਾਹੀ ਦੇ ਮਤੇ ਨੂੰ ਮਨਜ਼ੂਰੀ ਦੇਣ ਲਈ ਘੱਟੋ ਘੱਟ 34 ਵੋਟਾਂ ਚਾਹੀਦੀਆਂ ਹਨ ਜਦੋਂ ਕਿ ਅਕਾਲੀ ਭਾਜਪਾ ਗਠਜੋੜ ਵਿੱਚ ਇਸ ਵੇਲੇ 36 ਕੌਂਸਲਰ ਹਨ। ਨਗਰ ਨਿਗਮ ਵਿੱਚ ਕੁਲ 50 ਕੌਂਸਲਰ ਹਨ ਅਤੇ ਬੇਵਿਸਾਹੀ ਦਾ ਮਤਾ ਪਾਸ ਕਰਨ ਲਈ 2 ਤਿਹਾਈ ਵੋਟਾਂ (34 ਕੌਂਸਲਰਾਂ) ਵੱਲੋਂ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਇਸ ਸੰਬੰਧੀ ਕਰਨ ਤੇ ਅਕਾਲੀ ਭਾਪਜਾ ਗੱਠਜੋੜ ਦੇ ਕੌਂਸਲਰ ਅਜਿਹੀ ਕਿਸੇ ਤੋੱ ਪ੍ਰਸਤਾਵਿਤ ਕਾਰਵਾਈ ਤੋਂ ਸਾਫ ਇਨਕਾਰ ਕਰਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਹੁਣ ਤਕ ਗਠਜੋੜ ਦੀ ਕੋਈ ਮੀਟਿੰਗ ਵੀ ਨਹੀਂ ਹੋਈ ਹੈ ਪਰੰਤੂ ਸੂਤਰ ਦੱਸਦੇ ਹਨ ਕਿ ਇਸ ਸਬੰਧੀ ਅੰਦਰੋਂ ਅੰਦਰ ਖਿਚੜੀ ਪੱਕ ਰਹੀ ਹੈ ਅਤੇ ਅਗਲੇ ਕੁੱਝ ਦਿਨਾਂ ਵਿੱਚ ਕੋਈ ਕਾਰਵਾਈ ਸਾਹਮਣੇ ਆ ਸਕਦੀ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…