nabaz-e-punjab.com

ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਲਾਲੜੂ ਥਾਣੇ ਦੇ ਬਾਹਰ ਵਿਸ਼ਾਲ ਰੋਸ ਧਰਨਾ

ਕੈਪਟਨ ਸਰਕਾਰ ਦੀਆਂ ਵਿਰੋਧੀਆਂ ਖ਼ਿਲਾਫ਼ ਧੱਕੇਸ਼ਾਹੀਆਂ ਨੂੰ ਸਹਿਣ ਨਹੀਂ ਕਰਾਂਗੇ: ਐਨ ਕੇ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਲਾਲੜੂ, 9 ਅਗਸਤ:
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਗੂਆਂ, ਲਾਲੜੂ, ਜ਼ੀਰਕਪੁਰ ਅਤੇ ਡੇਰਾਬਸੀ ਦੇ ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧਤ ਕੌਂਸਲਰਾਂ ਨੇ ਅੱਜ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਦੀ ਅਗਵਾਈ ਵਿੱਚ ਲਾਲੜੂ ਥਾਣੇ ਅੱਗੇ 4 ਘੰਟੇ ਧਰਨਾ ਦਿੱਤਾ ਅਤੇ ਕੈਪਟਨ ਸਰਕਾਰ ਅਤੇ ਲਾਲੜੂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਦੀ ਕੈਪਟਨ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਅਕਾਲੀ ਅਤੇ ਭਾਜਪਾ ਵਰਕਰਾਂ ਉਪਰ ਜੁਲਮ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਪੁਲੀਸ ਵੀ ਕਾਂਗਰਸ ਦਾ ਹੱਥ ਠੋਕਾ ਬਣੀ ਹੋਈ ਹੈ ਅਤੇ ਪੁਲੀਸ ਅਫ਼ਸਰਾਂ ਵਲੋੱ ਕਾਂਗਰਸੀ ਆਗੂਆਂ ਦੀ ਸ਼ਹਿ ਉਪਰ ਅਕਾਲੀ ਦਲ ਅਤੇ ਭਾਜਪਾ ਆਗੂਆਂ ਖਾਸ ਕਰਕੇ ਕੌਂਸਲਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਅਸਲ ਵਿੱਚ ਕਾਂਗਰਸੀ ਆਗੂ ਮੁਗਲਾਂ ਵਾਂਗ ਜੁਲਮ ਕਰ ਰਹੇ ਹਨ। ਜਿਸ ਤਰ੍ਹਾਂ ਅੌਰੰਗਜੇਬ ਵੱਲੋਂ ਹਿੰਦੂਆਂ ਨੂੰ ਜਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ ਉਸੇ ਤਰਾਂ ਹੀ ਡੇਰਾਬਸੀ ਹਲਕੇ ਤੋਂ ਚੋਣ ਹਾਰ ਚੁੱਕੇ ਕਾਂਗਰਸੀ ਆਗੂ ਦੀਪ ਇੰਦਰ ਸਿੰਘ ਢਿੱਲੋਂ ਵੱਲੋਂ ਵੀ ਅਕਾਲੀ ਭਾਜਪਾ ਆਗੂਆਂ ਅਤੇ ਲਾਲੜੂ ਮਿਉਂਸਪਲ ਕੌਂਸਲ ਦੇ ਅਕਾਲੀ ਭਾਜਪਾ ਕੌਂਸਲਰਾਂ ਨੂੰ ਡਰਾ ਧਮਕਾ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲਾਲੜੂ ਪੁਲੀਸ ਨੇ ਕਾਂਗਰਸੀ ਆਗੂ ਢਿੱਲੋਂ ਦੀ ਸ਼ਹਿ ਤੇ ਲਾਲੜੂ ਦੇ ਨਗਰ ਕੌਂਸਲ ਪ੍ਰਧਾਨ ਬੁਲੂ ਰਾਣਾ ਖਿਲਾਫ ਬੀਤੇ ਦਿਨ ਆਈ ਪੀ ਸੀ ਦੀ ਧਾਰਾ 419 ਅ ਤੇ 420 ਅਧੀਨ ਝੂਠਾ ਮੁਕਦਮਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਬੁਲੂ ਰਾਣਾ ਨੇ ਨਾ ਤਾਂ ਕਿਸੇ ਨਾਲ ਠੱਗੀ ਮਾਰੀ ਹੈ ਨਾ ਹੀ ਕਿਸੇ ਨੇ ਉਸਦੀ ਕੋਈ ਸ਼ਿਕਾਇਤ ਕੀਤੀ ਹੈ। ਬੁਲੂ ਰਾਣਾ ਦਾ ਪਹਿਲਾਂ ਨਾਮ ਕੇਸਰ ਸਿੰਘ ਹੁੰਦਾ ਸੀ ਬਾਅਦ ਵਿਚ ਉਸਨੇ ਆਪਣਾ ਨਾਮ ਬਦਲ ਕੇ ਬੁਲੂ ਰਾਣਾ ਰੱਖ ਲਿਆ। ਉਹਨਾਂ ਕਿਹਾ ਕਿ ਜਿਸ ਕੌਂਸਲਰ ਜਸਤਾਰ ਸਿੰਘ ਤੋਂ ਸ਼ਿਕਾਇਤ ਲੈ ਕੇ ਲਾਲੜੂ ਪੁਲੀਸ ਨੇ ਬੁਲੂ ਰਾਣਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਉਸ ਜਸਤਾਰ ਸਿੰਘ ਖ਼ਿਲਾਫ਼ ਪਹਿਲਾਂ ਹੀ ਦੋ ਮੁਕੱਦਮੇ ਦਰਜ ਹਨ, ਜਦੋਂ ਜਸਤਾਰ ਸਿੰਘ ਬੁਲੂ ਰਾਣਾ ਖਿਲਾਫ ਥਾਣੇ ਸ਼ਿਕਾਇਤ ਦੇਣ ਆਇਆ ਸੀ ਤਾਂ ਉਸ ਨੂੰ ਉਸ ਉਪਰ ਦਰਜ ਦੋ ਮਾਮਲਿਆਂ ਵਿੱਚ ਗ੍ਰਿਫ਼ਤਾਰ ਕਿਊਂ ਨਹੀਂ ਕੀਤਾ ਗਿਆ।
ਸ੍ਰੀ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਬੁਲੂ ਰਾਣਾ ਨੂੰ ਸਥਾਨਕ ਡੀਐਸਪੀ ਨੇ ਕਿਹਾ ਸੀ ਕਿ ਜਾਂ ਤਾਂ ਉਹ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਵੇ ਜਾਂ ਫਿਰ ਜੇਲ੍ਹ ਵਿੱਚ ਜਾਵੇ। ਉਹਨਾਂ ਕਿਹਾ ਕਿ ਪ੍ਰਧਾਨ ਬੁਲੂ ਰਾਣਾਂ ਨੇ ਇਸ ਸਬੰਧੀ ਸਾਰੇ ਅਕਾਲੀ ਤੇ ਭਾਜਪਾ ਕੌਂਸਲਰਾਂ ਨਾਲ ਗੱਲਬਾਤ ਕੀਤੀ ਤਾਂ ਸਭ ਕੌਂਸਲਰਾਂ ਨੇ ਕਿਹਾ ਕਿ ਉਹ ਉਹਨਾਂ ਨਾਲ ਹਨ ਅਤੇ ਕੌਂਸਲਰਾਂ ਨੇ ਹੀ ਉਹਨਾਂ ਨੂੰ ਪ੍ਰਧਾਨ ਬਣਾਇਆ ਹੈ ਇਸ ਲਈ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਨਗਰ ਕੌਂਸਲ ਪ੍ਰਧਾਨ ਬੁਲੂ ਰਾਣਾ ਨੇ ਅਸਤੀਫ਼ਾ ਦੇਣ ਦੀ ਥਾਂ ਜੇਲ੍ਹ ਵਿੱਚ ਜਾਣਾ ਕਬੂਲ ਕੀਤਾ। ਉਹਨਾਂ ਕਿਹਾ ਕਿ ਲਾਲੜੁ ਦੇ ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧਤ ਕੌਂਸਲਰਾਂ ਨੂੰ ਕਾਂਗਰਸੀ ਆਗੂ ਢਿੱਲੋਂ ਦੀ ਸ਼ਹਿ ਉਪਰ ਹੀ ਲਾਲੜੂ ਪੁਲੀਸ ਵਲੋੱ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਕੌਂਸਲਰਾਂ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਨਾਲ ਸਬੰਧਿਤ ਇਕ ਕੌਂਸਲਰ ਨੂੰ ਤਾਂ ਹਰ ਦਿਨ ਹੀ ਥਾਣੇ ਬੁਲਾ ਕੇ ਤਿੰਨ ਤਿੰਨ ਘੰਟੇ ਥਾਣੇ ਵਿੱਚ ਬਿਠਾ ਕੇ ਜਲੀਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਅਤੇ ਭਾਜਪਾ ਦੇ ਹੋਰਨਾਂ ਕੌਂਸਲਰਾਂ ਨੂੰ ਵੀ ਲਾਲੜੂ ਪੁਲੀਸ ਵੱਲੋਂ ਬਹੁਤ ਹੀ ਤੰਗ ਪ੍ਰੇਸ਼ਾਨ ਕਰਕੇ ਉਹਨਾਂ ਖ਼ਿਲਾਫ਼ ਹੀ ਝੂਠੇ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਹੁਣ ਤੱਕ 17 ਕੌਂਸਲਰਾਂ ਅਤੇ ਸਰਪੰਚਾਂ ਉਪਰ ਪੁਲੀਸ ਵੱਲੋਂ ਨਾਜਾਇਜ਼ ਮੁਕਦਮੇ ਦਰਜ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅੱਜ ਉਹ ਡੇਰਾਬੱਸੀ, ਲਾਲੜੂ ਅਤੇ ਜ਼ੀਕਰਪੁਰ ਦੇ ਸਾਰੇ ਅਕਾਲੀ ਭਾਜਪਾ ਕੌਂਸਲਰਾਂ ਨੂੰ ਇਥੇ ਨਾਲ ਲੈ ਕੇ ਆਏ ਹਨ ਅਤੇ ਲਾਲੜੂ ਪੁਲੀਸ ਨੂੰ ਸਪੱਸ਼ਟ ਕਹਿ ਰਹੇ ਹਨ ਕਿ ਉਸਨੇ ਜਿਸ ਵੀ ਅਕਾਲੀ ਭਾਜਪਾ ਕੌਂਸਲਰ ਨੂੰ ਫੜਨਾ ਹੈ , ਹੁਣ ਇੱਥੋਂ ਹੀ ਫੜ ਲਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਕਾਂਗਰਸ ਸਰਕਾਰ ਆਈ ਹੈ, ਉਦੋਂ ਤੋਂ ਹੀ ਇਸ ਇਲਾਕੇ ਵਿੱਚ ਨਜਾਇਜ ਮਾਈਨਿੰਗ, ਭੂ ਮਾਫੀਆ ਅਤੇ ਸੱਟਾ ਬਹੁਤ ਜਿਆਦਾ ਵੱਧ ਗਏ ਹਨ, ਅਜਿਹਾ ਕਰਨ ਵਾਲੇ ਲੋਕ ਉਪਰ ਤਕ ਪੈਸੇ ਦਿੰਦੇ ਹਨ ਅਤੇ ਇਹਨਾਂ ਲੋਕਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ ਪੁਲੀਸ ਦੀਆਂ ਧੱਕੇਸ਼ਾਹੀਆਂ ਵਿਰੁੱਧ ਉਹ ਭਲਕੇ ਐਸ ਐਸ ਪੀ ਦੇ ਦਫਤਰ ਅੱਗੇ ਧਰਨਾ ਦੇਣਗੇ ਅਤੇ ਮੰਗ ਕਰਨਗੇ ਕਿ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਉੱਪਰ ਇਸ ਤਰੀਕੇ ਨਾਲ ਕੀਤੇ ਜਾ ਰਹੇ ਝੂਠੇ ਪਰਚਿਆਂ ’ਤੇ ਰੋਕ ਲਗਾਈ ਜਾਵੇ।
ਇਸ ਮੌਕੇ ਉਹਨਾਂ ਨਾਲ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਕੁਲਵਿੰਦਰ ਸੋਹੀ, ਡੇਰਾ ਬੱਸੀ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸੈਣੀ, ਲਾਲੜੁ ਨਗਰ ਕੌਂਸਲ ਦੇ ਪ੍ਰਧਾਨ ਬੁਲੂ ਰਾਣਾ, ਸੀਨੀਅਰ ਯੂਥ ਆਗੂ ਅਸ਼ਵਨੀ ਕੁਮਾਰ ਸੰਭਾਲਕੀ, ਬਲਾਕ ਸੰਮਤੀ ਚੇਅਰਮੈਨ ਮਨਜੀਤ ਸਿੰਘ, ਅਕਾਲੀ ਆਗੂ ਸੁਰਿੰਦਰ ਸਿੰਘ, ਭਾਜਪਾ ਦੇ ਬੁਲਾਰੇ ਵਿਨੀਤ ਜੋਸ਼ੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਸ਼ੀਲ ਰਾਣਾ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…