
ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ ਸਿੰਘ ਨੇ ਪਿੰਡਾਂ ਵਿੱਚ ਘਰ-ਘਰ ਜਾ ਕੇ ਮੰਗੀਆਂ ਵੋਟਾਂ
ਕਾਂਗਰਸ ਸਰਕਾਰ ਸਮੇਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਥਾਂ ਡਾਂਡਾ ਨਾਲ ਕੁੱਟਿਆਂ: ਬੈਦਵਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰਦਿਆਂ ਅੱਜ ਵੱਖ-ਵੱਖ ਪਿੰਡਾਂ ਸਨੇਟਾ, ਭਾਗੋਮਾਜਰਾ, ਰਾਏਪੁਰ, ਸਫ਼ੀਪੁਰ, ਢੇਲਪੁਰ, ਮੋਟੇਮਾਜਰਾ, ਗਡਾਣਾ, ਬਠਲਾਣਾ ਅਤੇ ਤੰਗੋਰੀ ਦਾ ਦੌਰਾ ਕਰਕੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਚਾਰ ਦੌਰਾਨ ਸ਼ਾਮਲਾਤ ਜ਼ਮੀਨਾਂ ਉੱਤੇ ਕਥਿਤ ਨਜਾਇਜ਼ ਕਬਜ਼ੇ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਵੜਨ ਨਾ ਦਿੱਤਾ ਜਾਵੇ, ਸਗੋਂ ਚੌਰਾਹੇ ’ਤੇ ਖੜਾ ਕਰਕੇ ਉਨ੍ਹਾਂ ਨੂੰ ਸਵਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਚੋਣਾਂ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਘਰ-ਘਰ ਰੁਜ਼ਗਾਰ ਦੇਣ ਅਤੇ ਨਸ਼ਿਆਂ ਦਾ ਖ਼ਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਲੇਕਿਨ ਪਿਛਲੇ ਪੰਜ ਸਾਲਾਂ ਵਿੱਚ ਨਾ ਨਸ਼ਾ ਖ਼ਤਮ ਹੋਇਆ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ, ਸਗੋਂ ਧਰਨੇ ਲਗਾ ਕੇ ਰੁਜ਼ਗਾਰ ਮੰਗਣ ਵਾਲੇ ਨੌਜਵਾਨਾਂ ਨੂੰ ਡਾਂਡਾ ਨਾਲ ਕੁੱਟਿਆ ਗਿਆ। ਇਸ ਲਈ ਹੁਣ ਕਾਂਗਰਸੀਆਂ ਤੋਂ ਵਿਕਾਸ ਅਤੇ ਰੁਜ਼ਗਾਰ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਕਾਂਗਰਸ ਦੇ ਦਾਗੀ ਮੰਤਰੀਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ ਅਤੇ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾਣਗੇ।
ਸ੍ਰੀ ਬੈਦਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕਾਰਜਕਾਲ ਤਾਂ ਪੰਜਾਬ ਦੇ ਲੋਕ ਹਾਲ ਹੀ ਵਿੱਚ ਖ਼ੁਦ ਆਪਣੇ ਅੱਖੀਂ ਦੇਖ ਚੁੱਕੇ ਹਨ। ਖਾਸ ਕਰਕੇ ਹਲਕਾ ਮੋਹਾਲੀ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਰੋਜ਼ਗਾਰ ਪੱਖੋਂ ਸਤਾਏ ਹੋਏ ਪੰਜਾਬ ਦੇ ਲੱਖਾਂ ਨੌਜਵਾਨਾਂ ਦਾ ਦਰਦ ਸੁਣਿਆ ਜਿਹੜੇ ਕਿ ਮੋਹਾਲੀ ਵਿੱਚ ਆ ਕੇ ਧਰਨੇ ਰੈਲੀਆਂ ਕਰ-ਕਰ ਕੇ ਆਪਣਾ ਦਰਦ ਸੁਣਾਉਂਦੇ ਰਹੇ ਹਨ। ਪੜ੍ਹੇ ਲਿਖੇ ਨੌਜਵਾਨਾਂ ਨੂੰ ਕਹਿਰ ਦੀ ਠੰਢ ਵਿੱਚ ਕਦੇ ਪਾਣੀ ਦੀਆਂ ਟੈਂਕੀਆਂ ਉਤੇ ਚੜ੍ਹਨਾ ਪਿਆ ਅਤੇ ਕਦੇ ਸੜਕਾਂ ਉਤੇ ਰਾਤਾਂ ਗੁਜ਼ਾਰ ਕੇ ਤਸੀਹੇ ਝੱਲਣੇ ਪਏ ਪ੍ਰੰਤੂ ਹਲਕਾ ਮੋਹਾਲੀ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਇਨ੍ਹਾਂ ਨੌਜਵਾਨਾਂ ਦੀ ਸਾਰ ਲੈਣ ਦੀ ਬਜਾਇ ਖ਼ੁਦ ਸ਼ਾਮਲਾਤ ਜ਼ਮੀਨਾਂ ਦੱਬਣ ਵਿੱਚ ਰੁੱਝੇ ਹੋਏ ਸਨ।

ਅਕਾਲੀ ਉਮੀਦਵਾਰ ਪਰਵਿੰਦਰ ਸਿੰਘ ਨੇ ਲੋਕਾਂ ਨੂੰ ਵਿਧਾਇਕ ਸਿੱਧੂ ਦੀਆਂ ਧੱਕੇਸ਼ਾਹੀਆਂ ਅਤੇ ਪਿੰਡਾਂ ਵਿੱਚ ਸਹੂਲਤਾਂ ਪੱਖੋਂ ਕੀਤੀ ਤਰਸਯੋਗ ਹਾਲਤ ਬਾਰੇ ਚੇਤੇ ਕਰਵਾਉਂਦਿਆਂ ਅਪੀਲ ਕੀਤੀ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਅਕਾਲੀ ਸਰਕਾਰ ਬਣਨ ’ਤੇ ਪੰਜਾਬ ਦਾ ਸੁਧਾਰ ਕੀਤਾ ਜਾ ਸਕੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਹਰਮਿੰਦਰ ਸਿੰਘ ਪੱਤੋਂ, ਵਿਕਰਮਜੀਤ ਸਿੰਘ ਗੀਗੇਮਾਜਰਾ, ਯੂਥ ਵਿੰਗ ਮੁਹਾਲੀ ਦੇ ਪ੍ਰਧਾਨ ਰਮਨਦੀਪ ਸਿੰਘ ਬਾਵਾ, ਕੁਲਦੀਪ ਸਿੰਘ ਬੈਂਰੋਪੁਰ ਅਤੇ ਹੋਰ ਪਤਵੰਤੇ ਹਾਜ਼ਰ ਸਨ।