ਅਕਾਲੀੋ-ਬਸਪਾ ਉਮੀਦਵਾਰ ਪਰਵਿੰਦਰ ਸੋਹਾਣਾ ਨੇ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ

ਕਈ ਪਿੰਡਾਂ ਵਿਚ ਪਰਵਿੰਦਰ ਸੋਹਾਣਾ ਨੂੰ ਲੱਡੂਆਂ ਨਾਲ ਤੋਲ ਕੇ ਕੀਤਾ ਸਨਮਾਨਤ

ਅਕਾਲੀ ਸਰਕਾਰ ਵੇਲੇ ਕੀਤੇ ਵਿਕਾਸ ਕਾਰਜਾਂ ਦੀ ਬਦੌਲਤ ਲੋਕਾਂ ਦੀ ਕਚਹਿਰੀ ’ਚ ਆਇਆ ਹਾਂ: ਪਰਵਿੰਦਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਦੈੜੀ, ਨਗਾਰੀ, ਮਿੱਢੇਮਾਜਰਾ, ਗੀਗੇਮਾਜਰਾ, ਮੋਟੇਮਾਜਰਾ, ਤੰਗੌਰੀ, ਮੁਹਾਲੀ ਦੇ ਫੇਜ਼-10 ਵਿੱਚ ਤੂਫ਼ਾਨੀ ਦੌਰਾ ਕਰਦਿਆਂ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਵੱਖ-ਵੱਖ ਪਿੰਡਾਂ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਕਾਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਨੇ ਜ਼ਮੀਨਾਂ ਦੱਬਣ, ਰੇਤ ਮਾਫ਼ੀਆ ਸ਼ਰਾਬ ਮਾਫ਼ੀਆ ਚਲਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਅਤੇ ਵਿਕਾਸ ਕਰਨ ਦੀ ਥਾਂ ਤੇ ਪੂਰੇ ਪੰਜਾਬ ਦਾ ਵਿਨਾਸ਼ ਹੀ ਕੀਤਾ ਹੈ ਤੇ ਲੋਕਾਂ ਨੂੰ ਧੜਿਆਂ ਵਿੱਚ ਵੰਡਣ ਦੀ ਰਾਜਨੀਤੀ ਕੀਤੀ ਹੈ।
ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਇਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਚਲੀ ਅਕਾਲੀ ਸਰਕਾਰ ਨੇ ਆਪਣੇ ਸਮੇਂ ਦੌਰਾਨ ਖਾਸ ਤੌਰ ਤੇ ਪੇਂਡੂ ਖੇਤਰ ਵਿੱਚ ਵਿਕਾਸ ਕਰਨ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਉੱਥੇ ਸੰਗਤ ਦਰਸ਼ਨ ਪ੍ਰੋਗਰਾਮ ਉਲੀਕ ਕੇ ਲੋਕਾਂ ਦੀਆਂ ਲੋੜਾਂ ਅਨੁਸਾਰ ਉਨ੍ਹਾਂ ਨੂੰ ਫੰਡ ਉਪਲੱਬਧ ਕਰਵਾਏ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਬੁਨਿਆਦੀ ਢਾਂਚੇ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਮਜ਼ਬੂਤ ਕੀਤਾ ਗਿਆ ਜਿਸ ਨਾਲ ਸਨਅਤਾਂ ਵੀ ਪ੍ਰਫੁੱਲਤ ਹੋਈਆਂ ਅਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ।
ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਸੜਕਾਂ, ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਦੀ ਉਸਾਰੀ ਅਤੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਸੁਧਾਰਨ ਵਾਸਤੇ ਵੱਡੇ ਪੱਧਰ ਤੇ ਪੈਸੇ ਖਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਵੱਡੇ ਪ੍ਰਾਜੈਕਟ ਸਮੇਤ ਏਅਰਪੋਰਟ ਦੇ ਆਉਣ ਨਾਲ ਇਸ ਪੂਰੇ ਇਲਾਕੇ ਦੀਆਂ ਜ਼ਮੀਨਾਂ ਦੀ ਕੀਮਤ ਵੀ ਵਧੀ ਅਤੇ ਇਲਾਕਾ ਖੁਸ਼ਹਾਲ ਹੋਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਜੋਂ ਉਹ ਅਕਾਲੀ ਦਲ ਸਰਕਾਰ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਹੀ ਲੋਕਾਂ ਦੀ ਕਚਹਿਰੀ ਵਿੱਚ ਉਤਰੇ ਹਨ।
ਇਸ ਮੌਕੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਪਰਵਿੰਦਰ ਸਿੰਘ ਸੋਹਾਣਾ ਨੂੰ ਪੂਰਨ ਹਮਾਇਤ ਅਤੇ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪਰਵਿੰਦਰ ਸਿੰਘ ਸੋਹਾਣਾ ਵਰਗੇ ਨੌਜਵਾਨ ਆਗੂ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਅਤੇ ਉਹ ਹਰ ਹਾਲਤ ਵਿੱਚ ਪਰਵਿੰਦਰ ਸਿੰਘ ਸੋਹਾਣਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਕਮਰਕੱਸੇ ਕਰੀ ਬੈਠੇ ਹਨ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੂੰ ਲੋਕਾਂ ਨੇ ਲੱਡੂਆਂ ਨਾਲ ਤੋਲ ਕੇ ਸਨਮਾਨਤ ਵੀ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਯੂਥ ਅਕਾਲੀ ਆਗੂ ਕਮਲਜੀਤ ਕੰਮਾ ਬੜੀ, ਸਾਬਕਾ ਕੌਂਸਲਰ ਪਰਮਿੰਦਰ ਤਸਿੰਬਲੀ, ਹਰਿਮੰਦਰ ਪੱਤੋ, ਬਲਜਿੰਦਰ ਲਖਨੌਰ, ਜਸਬੀਰ ਸਿੰਘ ਕੁਰੜਾ, ਨਿਰਮਲ ਸਿੰਘ ਮਾਣਕਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਬਲਵਿੰਦਰ ਗੋਬਿੰਦਗੜ੍ਹ ਅਤੇ ਬਸਪਾ ਤੋਂ ਹਰਨੇਕ ਸਿੰਘ ਸਾਬਕਾ ਐੱਸਡੀਓ ਸਵਰਨ ਸਿੰਘ ਲਾਂਡਰਾਂ ਪ੍ਰਿੰਸੀਪਲ ਜਗਦੀਪ ਸਿੰਘ ਜਸਪਾਲ ਸਿੰਘ ਸੈਦਪੁਰ ਵੀ ਉਨ੍ਹਾਂ ਦੇ ਨਾਲ ਸਨ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…