
ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸੋਹਾਣਾ ਨੇ ਅੰਬ ਸਾਹਿਬ ਕਲੋਨੀ, ਸੋਹਾਣਾ ਵਿੱਚ ਕੀਤਾ ਚੋਣ ਪ੍ਰਚਾਰ
ਜਿੰਨਾ ਵਿਕਾਸ ਪਿਛਲੀ ਅਕਾਲੀ ਸਰਕਾਰ ਨੇ ਕੀਤਾ ਸੀ, ਕਾਂਗਰਸ ਨੇ 5 ਸਾਲਾਂ ਵਿੱਚ ਪੂਣੀ ਵੀ ਨਹੀਂ ਕੱਤੀ: ਪਰਵਿੰਦਰ ਬੈਦਵਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਐਤਵਾਰ ਨੂੰ ਇੱਥੋਂ ਦੇ ਫੇਜ਼-7 ਸਮੇਤ ਅੰਬ ਸਾਹਿਬ ਕਲੋਨੀ ਅਤੇ ਪਿੰਡ ਸੋਹਾਣਾ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ। ਅੰਬ ਸਾਹਿਬ ਕਲੋਨੀ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਬੈਦਵਾਨ ਨੇ ਕਿਹਾ ਕਿ ਮੁਹਾਲੀ ਹਲਕੇ ਦਾ ਵਿਕਾਸ ਸਿਰਫ਼ ਪਿਛਲੀ ਅਕਾਲੀ ਸਰਕਾਰ ਵੇਲੇ ਹੋਇਆ ਹੈ ਜਦੋਂਕਿ ਕਾਂਗਰਸ ਸਰਕਾਰ ਨੇ 5 ਸਾਲਾਂ ਵਿੱਚ ਪੂਣੀ ਤੱਕ ਨਹੀਂ ਕੱਤੀ ਹੈ। ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ, ਆਟਾ-ਦਾਲ, ਸਗਨ ਸਕੀਮ, ਪੈਨਸ਼ਨਾਂ ਅਤੇ ਭੱਤੇ ਆਦਿ ਸਹੂਲਤਾਂ ਬੰਦ ਕਰਕੇ ਗਰੀਬ ਲੋੜਵੰਦ ਲੋਕਾਂ ਨਾਲ ਧੋਖਾ ਕੀਤਾ ਹੈ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਸਰਕਾਰ ਬਣਨ ’ਤੇ ਕਲੋਨੀਆਂ ਵਿੱਚ ਆਂਗਨਵਾੜੀ ਸੈਂਟਰ ਬਣਾਏ ਜਾਣਗੇ ਅਤੇ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾ ਕੇ ਉਨ੍ਹਾਂ ਨੂੰ ਸਸਤਾ ਰਾਸ਼ਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਲੋਨੀਆਂ ਵਿੱਚ ਸਰਕਾਰੀ ਸਕੂਲ ਖੋਲ੍ਹਣ ਅਤੇ ਗਰੀਬ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਿਹਤ ਤੇ ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪਿਛਲੇ ਪੰਜ ਸਾਲਾਂ ਵਿੱਚ ਮੁਹਾਲੀ ਦੇ ਵਿਕਾਸ ਵੱਲ ਧਿਆਨ ਦੇਣ ਦੀ ਬਜਾਏ ਸਿਰਫ਼ ਆਪਣੇ ਪਰਿਵਾਰ ਅਤੇ ਸਕੇ ਸਬੰਧੀਆਂ ਨੂੰ ਤਰਜ਼ੀਹ ਦਿੱਤੀ ਗਈ ਹੈ।
ਇਸੇ ਤਰ੍ਹਾਂ ਹੋਰਨਾਂ ਚੋਣ ਮੀਟਿੰਗਾਂ ਵਿੱਚ ਬੋਲਦਿਆਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਬੈਦਵਾਨ ਨੇ ਕਿਹਾ ਕਿ ਮੁਹਾਲੀ ਸ਼ਹਿਰ ਤੇ ਪਿੰਡਾਂ ਵਿਚ ਅਕਾਲੀ ਦਲ ਦੀ ਪਿਛਲੀ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਵਿਕਾਸ ਕੀਤਾ ਅਤੇ ਮੁਹਾਲੀ ਦੇ ਵਿਕਾਸ ਲਈ 2500 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਅਕਾਲੀ ਦਲ ਦੀ ਪਿਛਲੀ ਸਰਕਾਰ ਨੇ ਏਅਰਪੋਰਟ ਲਿਆਂਦਾ ਅਤੇ ਕਈ ਖੇਡ ਸਟੇਡੀਅਮਾਂ ਦੀ ਉਸਾਰੀ ਕਰਵਾਈ। ਇਸ ਦੇ ਨਾਲ-ਨਾਲ ਸਨਅਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਅਤੇ ਨਵੀਂਆਂ ਸੜਕਾਂ ਦਾ ਨੈੱਟਵਰਕ ਤਿਆਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਅਕਾਲੀ ਸਰਕਾਰ ਨੇ ਅਹਿਮ ਉਪਰਾਲੇ ਕੀਤੇ। ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਪੰਜਾਬ ਦਾ ਵਿਕਾਸ ਨਹੀਂ ਸਗੋਂ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਅਤੇ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਉਤੇ ਪਾਣੀ ਪਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ਤੇ ਮੁੜ ਪੰਜਾਬ ਤਰੱਕੀ ਦੀਆਂ ਨਵੀਆਂ ਰਾਹਾਂ ’ਤੇ ਤੁਰੇਗਾ।
ਇਸ ਮੌਕੇ ਰਾਮ ਚੰਦਰ, ਕੰਵਲਦੀਪ ਬੰਟੀ, ਦੇਵੀ ਲਾਲ, ਵਿੱਦਿਆ ਰਾਮ, ਗੰਗਾ ਰਾਮ, ਸੰਤ ਰਾਮ, ਅਮਰ ਸਿੰਘ, ਮਹੇਂਦਰ ਕੁਮਾਰ, ਸ਼ਾਰੁਖ ਖ਼ਾਨ, ਭਾਗੀਰਥ, ਰਾਮ ਕਿਸ਼ੋਰ, ਰਾਜੂ, ਕਾਕਾ, ਪ੍ਰੀਤਮ, ਸੁਨੀਲ, ਪ੍ਰਿੰਸ, ਬਿੱਲਾ, ਰਾਕੇਸ਼, ਅਜੇ, ਰਿਸ਼ਵ, ਗੋਲੂ, ਦੀਪਕ, ਸੂਰਤ, ਸੀਟੂ ਅਤੇ ਹੋਰ ਕਲੋਨੀ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।