
ਅਕਾਲੀ ਦਲ ਦੇ ਕਰੋੜਪਤੀ ਉਮੀਦਵਾਰ ਕੈਪਟਨ ਸਿੱਧੂ ਕੋਲ ਨਹੀਂ ਹੈ ਆਪਣੀ ਕਾਰ
ਸਾਬਕਾ ਆਈਏਐਸ ਅਧਿਕਾਰੀ ਕੈਪਟਨ ਸਿੱਧੂ ਨੇ ਖ਼ੁਦ ਨੂੰ ਦੱਸਿਆ ਕਿਸਾਨ, ਪੀਡੀਪੀ ਦੇ ਉਮੀਦਵਾਰ ਮਾਨ 9 ਕਰੋੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਭਾਵੇਂ ਕਰੋੜੀ ਹਨ ਪਰ ਉਹ ਇਸ ਸਭ ਦੇ ਬਾਵਜੂਦ ਬੇ-ਕਾਰ (ਬਿਨਾਂ ਕਾਰ ਤੋਂ) ਹਨ। ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਸਾਬਕਾ ਆਈਏਐਸ ਅਧਿਕਾਰੀ ਕੈਪਟਨ ਸਿੱਧੂ ਨੇ ਖ਼ੁਦ ਨੂੰ ਕਿਸਾਨ ਦੱਸਿਆ ਹੈ। ਚੋਣ ਅਧਿਕਾਰੀ ਨੂੰ ਦਿੱਤੇ ਹਲਫ਼ਨਾਮੇ ਅਨੁਸਾਰ ਕੈਪਟਨ ਸਿੱਧੂ ਕੋਲ ਜ਼ਮੀਨ ਜਾਇਦਾਦਾ ਤਾਂ ਹੈ ਪਰ ਉਨ੍ਹਾਂ ਕੋਲ ਕੋਈ ਕਾਰ ਨਹੀਂ ਹੈ। ਇਹੀ ਨਹੀਂ ਉਨ੍ਹਾਂ ਦੀ ਧਰਮ ਪਤਨੀ ਤੇ ਕਵਰਿੰਗ ਉਮੀਦਵਾਰ ਸ੍ਰੀਮਤੀ ਮਨਦੀਪ ਕੌਰ ਸਿੱਧੂ ਕੋਲ ਵੀ ਕੋਈ ਕਾਰ ਨਹੀਂ ਹੈ।
ਸ੍ਰੀ ਸਿੱਧੂ ਦੀ ਸੈਕਟਰ-33 ਵਿੱਚ ਆਲੀਸ਼ਾਨ ਕੋਠੀ ਹੈ। ਇਸ ਤੋਂ ਇਲਾਵਾ ਸੈਕਟਰ-23 ਵਿੱਚ ਇੱਕ ਐਸਸੀ ਐਫ਼ ਅਤੇ ਸੈਕਟਰ-35 ਵਿੱਚ ਇੱਕ ਬੂਥ ਹੈ। ਇਸ ਪ੍ਰਾਪਰਟੀ ਵਿੱਚ ਉਨ੍ਹਾਂ ਦੀ ਪਤਨੀ ਵੀ ਹਿੱਸੇਦਾਰ ਹੈ। ਉਨ੍ਹਾਂ ਦੀ ਮੁਕਤਸਰ ਦੇ ਪਿੰਡ ਮਦੀਰ ਵਿੱਚ 24 ਏਕੜ ਜ਼ਮੀਨ ਅਤੇ ਪਿੰਡ ਬੂਟਰ ਵਿੱਚ ਸਾਢੇ ਸੱਤ ਏਕੜ ਜ਼ਮੀਨ ਹੈ। ਜਿਨ੍ਹਾਂ ਦੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਗਈ ਹੈ। ਸਿੱਧੂ ਮੁਤਾਬਕ ਉਨ੍ਹਾਂ ਨੂੰ 28 ਲੱਖ 42 ਹਜ਼ਾਰ ਰੁਪਏ ਦੀ ਸਾਲਾਨਾ ਆਮਦਨ ਹੈ। ਹਾਲ ਹੀ ਵਿੱਚ ਸਿਆਸਤ ਵਿੱਚ ਆਏ ਕੈਪਟਨ ਸਿੱਧੂ ਅਨੁਸਾਰ ਉਨ੍ਹਾਂ ਕੋਲ ਆਪਣੀ 2 ਕਰੋੜ 65 ਲੱਖ ਰੁਪਏ ਦੀ ਪ੍ਰਾਪਰਟੀ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਿੱਧੂ ਕੋਲ 75 ਲੱਖ ਰੁਪਏ ਦੀ ਪ੍ਰਾਪਰਟੀ ਦੱਸੀ ਗਈ ਹੈ। ਜਦੋਂ ਕਿ 32 ਲੱਖ ਰੁਪਏ ਦੇ ਗਹਿਣੇ ਅਤੇ ਹੋਰ ਮੂਵੇਵਲ ਸੰਪਤੀ ਹੈ। ਇਸ ਤੋਂ ਇਲਾਵਾ ਸਿੱਧੂ ਨੇ ਨਗਦ ਰਾਸ਼ੀ ਵੀ ਜਾਣਕਾਰੀ ਦਿੱਤੀ ਹੈ।
ਸ੍ਰੀ ਸਿੱਧੂ ਨੇ ਮੁੱਢਲੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਪਟਿਆਲਾ ਤੋਂ ਕੀਤੀ। ਉਹ ਆਲ ਰਾਊਂਡਰ ਖੇਡਾਂ ਦੇ ਖੇਤਰ ਵਿੱਚ ਗੋਲਡ ਮੈਡਲਿਸਟ ਹਨ। ਸਾਲ 1981 ਵਿੱਚ ਉਨ੍ਹਾਂ ਨੇ ਫੌਜ ਵਿੱਚ ਭਾਰਤੀ ਹੋ ਕੇ ਕਾਫੀ ਸਮਾਂ ਦੇਸ਼ ਦੀ ਸੇਵਾ ਕਰਦਿਆਂ ਕੈਪਟਨ ਵਜੋਂ ਫੌਜੀ ਜਵਾਨਾਂ ਦੀ ਅਗਵਾਈ ਕੀਤੀ। ਇਸ ਮਗਰੋਂ ਉਹ ਪੰਜਾਬ ਵਾਪਸ ਆ ਕੇ ਸੰਨ 1989 ਵਿੱਚ ਪੀਸੀਐਸ ਬਣ ਗਏ ਅਤੇ ਵੱਖ-ਵੱਖ ਵਿਭਾਗਾਂ ਵਿੱਚ ਸ਼ਲਾਘਾਯੋਗ ਕੰਮ ਕੀਤਾ। ਸਰਕਾਰ ਨੇ 2004 ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਆਈਏਐਸ ਬਣਾ ਕੇ ਪੇਡਾ ਵਿੱਚ ਸੀਈਓ ਦੇ ਅਹੁਦੇ ’ਤੇ ਤਾਇਨਾਤ ਕਰ ਦਿੱਤਾ। ਇਸ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੇ ਬਿਜਲੀ ਦੀ ਬਚਤ ਦਾ ਹੋਕਾ ਦਿੰਦਿਆਂ ਸੂਰਜ ਊਰਜਾ ਪ੍ਰਾਜੈਕਟ ਲਗਾਉਣ ਲਈ ਲੋਕਾਂ ਦੀ ਲਾਮਬੰਦੀ ਕੀਤੀ ਅਤੇ ਕਾਫੀ ਹੱਦ ਤੱਕ ਸਫ਼ਲਤਾ ਵੀ ਹਾਸਲ ਕੀਤੀ। ਮਾਰਚ 2013 ਪੰਜਾਬ ਸਰਕਾਰ ਨੇ ਕੈਪਟਨ ਸਿੱਧੂ ਨੂੰ ਮੁਹਾਲੀ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ। ਉਨ੍ਹਾਂ ਕਰੀਬ ਚਾਰ ਸਾਲ ਪੂਰੀ ਲਗਨ ਤੇ ਇਮਾਨਦਾਰੀ ਨਾਲ ਡਿਊਟੀ ਕਰਦਿਆਂ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਵਧੀਆਂ ਕੰਮਾਂ ਕਰਕੇ ਹਮੇਸ਼ਾਂ ਹੀ ਅਲੋਚਨਾ ਤੋਂ ਬਚੇ ਰਹੇ ਪ੍ਰੰਤੂ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਕਈ ਅਹਿਮ ਪ੍ਰਾਜੈਕਟ ਜਿਨ੍ਹਾਂ ਵਿੱਚ ਮੁਹਾਲੀ ਦੀ ਸੁੰਦਰਤਾ, ਅਣ ਅਧਿਕਾਰਤ ਹੋਰਡਿੰਗ ਅਤੇ ਲਾਂਡਰਾਂ ਟੀ-ਪੁਆਇੰਟ ’ਤੇ ਫਲਾਈ ਓਵਰ ਬਣਾਉਣ ਦਾ ਕੰਮ ਉਥੇ ਹੀ ਲਮਕ ਗਿਆ ਹੈ।
ਉਧਰ, ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਸੂਬਾਈ ਪ੍ਰਧਾਨ ਇੰਜ: ਗੁਰਕਿਰਪਾਲ ਸਿੰਘ ਮਾਨ ਸਾਢੇ 9 ਕਰੋੜੀ ਹਨ। ਸ੍ਰੀ ਮਾਨ ਵੀ ਮੁਹਾਲੀ ਤੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਹਨ। ਉਹ ਸੇਵਾਮੁਕਤ ਆਈ.ਜੀ. ਦੇ ਬੇਟੇ ਹਨ। ਉਨ੍ਹਾਂ ਕੋਲ 31 ਲੱਖ 30 ਹਜ਼ਾਰ ਰੁਪਏ ਕੀਮਤ ਦੀ ਮੂਵੇਵਲ ਪ੍ਰਾਪਰਟੀ ਹੈ ਜਦੋਂ ਕਿ 9 ਕਰੋੜ 40 ਲੱਖ ਰੁਪਏ ਦੀ ਹੋਰ ਜ਼ਮੀਨ/ਜਾਇਦਾਦ ਦਾ ਮਾਲਕ ਹੈ। ਪ੍ਰਾਪਰਟੀ ਤੋਂ ਇਲਾਵਾ ਉਨ੍ਹਾਂ ਕੋਲ ਇੱਕ ਕਾਰ ਵੀ ਹੈ।