
ਅਕਾਲੀ ਉਮੀਦਵਾਰ ਨੇ ਸਿਹਤ ਮੰਤਰੀ ਦੇ ਝੂਠੇ ਪੱਥਰਾਂ ਤੇ ਮਨਜ਼ੂਰੀ ਪੱਤਰਾਂ ਦਾ ਕੀਤਾ ਪਰਦਾਫਾਸ਼
ਵੋਟ ਰਾਜਨੀਤੀ ਤਹਿਤ ਮੁਹਾਲੀ ਦੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ ਬਲਬੀਰ ਸਿੱਧੂ: ਕੈਪਟਨ ਬਾਵਾ
ਸਾਬਕਾ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਅਕਾਲੀ ਉਮੀਦਵਾਰ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਲੋਕਾਂ ਨੂੰ ਵੋਟਾਂ ਦੀ ਰਾਜਨੀਤੀ ਦੇ ਤਹਿਤ ਬੁੱਧੂ ਬਣਾ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਝੂਠੇ ਪੱਥਰਾਂ ਦੀ ਭਰਮਾਰ ਹੈ ਅਤੇ ਗਰਾਂਟਾਂ ਦੇ ਝੂਠੇ ਮਨਜ਼ੂਰੀ ਪੱਤਰ ਵੰਡ ਕੇ ਫੋਕੀ ਵਾਹਾਵਾਹੀ ਖੱਟ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਅਤੇ ਅਕਾਲੀ ਉਮੀਦਵਾਰ ਕੈਪਟਨ ਰਮਨਦੀਪ ਸਿੰਘ ਬਾਵਾ ਨੇ ਕੀਤਾ।
ਅੱਜ ਇੱਥੇ ਗੱਲਬਾਤ ਕਰਦਿਆਂ ਕੈਪਟਨ ਬਾਵਾ ਨੇ ਦੱਸਿਆ ਕਿ ਮੁਹਾਲੀ ਨਗਰ ਨਿਗਮ ਨੂੰ 18 ਦਸੰਬਰ 2020 ਨੂੰ ਇਕ ਪੱਤਰ ਲਿਖ ਕੇ ਆਰਟੀਆਈ ਦੇ ਤਹਿਤ ਇਹ ਮੰਗ ਕੀਤੀ ਗਈ ਸੀ ਕਿ ਕਿਹੜੇ-ਕਿਹੜੇ ਵਾਰਡਾਂ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਗਰਾਂਟ ਦਾ ਚੈੱਕ ਤਕਸੀਮ ਕੀਤੇ ਗਏ ਹਨ, ਪ੍ਰੰਤੂ 28 ਜਨਵਰੀ ਨੂੰ ਨਗਰ ਨਿਗਮ ਵੱਲੋਂ ਪ੍ਰਾਪਤ ਹੋਏ ਪੱਤਰ ਮੁਤਾਬਕ ਬਲਬੀਰ ਸਿੱਧੂ ਵੱਲੋਂ ਪੰਚਮ ਸੁਸਾਇਟੀ ਸੈਕਟਰ-68 ਨੂੰ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ, ਜਦੋਂਕਿ ਸ੍ਰੀ ਸਿੱਧੂ ਵੱਲੋਂ ਗਰਾਂਟ ਦਾ ਦਾਅਵਾ ਲੋਕਾਂ ਦੀ ਕਚਹਿਰੀ ਵਿੱਚ ਕਰਦੇ ਨਹੀਂ ਥੱਕਦੇ ਹਨ। ਹੁਣ ਮੁਹਾਲੀ ਦੇ ਲੋਕ ਸਿੱਧੂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਅਤੇ ਨਿਗਮ ਚੋਣਾਂ ਵਿੱਚ ਮੁਹਾਲੀ ’ਚੋਂ ਕਾਂਗਰਸ ਦਾ ਸਫ਼ਾਇਆ ਹੋਣਾ ਲਗਪਗ ਤੈਅ ਹੈ।
ਕੈਪਟਨ ਬਾਵਾ ਨੇ ਕਿਹਾ ਕਿ ਵੱਖ-ਵੱਖ ਵਾਰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਨੌਜਵਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਬੂਥ ਪੱਧਰ ’ਤੇ ਸਬ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਮੌਕੇ ਅਕਾਲੀ ਆਗੂ ਨਰਿੰਦਰ ਸਿੰਘ ਧਾਲੀਵਾਲ, ਗੁਰਿੰਦਰਪਾਲ ਸਿੰਘ, ਹਰਮਨ ਸਿੰਘ, ਗੁਰਨੇਕ ਸਿੰਘ ਅੌਜਲਾ ਵੀ ਹਾਜ਼ਰ ਸਨ।
ਉਧਰ, ਦੂਜੇ ਪਾਸੇ ਆਰਟੀਆਈ ਕਾਰਕੁਨ ਅਤੇ ਸੀਨੀਅਰ ਕਾਂਗਰਸ ਆਗੂ ਕੁਲਜੀਤ ਸਿੰਘ ਬੇਦੀ ਨੇ ਅਕਾਲੀ ਉਮੀਦਵਾਰ ਕੈਪਟਨ ਬਾਵਾ ਵੱਲੋਂ ਸਿਹਤ ਮੰਤਰੀ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਅਕਾਲੀ ਵਰਕਰ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਕੇ ਬੁਖਲਾ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਬਾਵਾ ਅੱਧੀ ਅਧੂਰੀ ਜਾਣਕਾਰੀ ਨੂੰ ਆਧਾਰ ਬਣਾ ਕੇ ਮੰਤਰੀ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰ ਕੇ ਨਿਗਮ ਚੋਣਾਂ ਵਿੱਚ ਸਿਆਹੀ ਲਾਹਾ ਲੈਣਾ ਚਾਹੁੰਦੇ ਹਨ। ਸ੍ਰੀ ਬੇਦੀ ਨੇ ਦਾਅਵਾ ਕੀਤਾ ਕਿ ਸਿੱਧੂ ਨੇ ਹੁਣ ਤੱਕ ਕਦੇ ਝੂਠ ਦਾ ਸਹਾਰਾ ਨਹੀਂ ਲਿਆ ਹੈ ਸਗੋਂ ਜੋ ਕਿਹਾ ਉਹ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੱਥਾਂ ਦੇ ਆਧਾਰ ’ਤੇ ਸਾਰੀ ਸਥਿਤੀ ਕਲੀਅਰ ਕੀਤੀ ਜਾਵੇਗੀ।