Nabaz-e-punjab.com

ਮੁਹਾਲੀ ਵਿੱਚ ਓਪਨ ਏਅਰ ਜਿਮ ਦੇ ਉਦਘਾਟਨ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਆਹਮੋ ਸਾਹਮਣੇ

ਸਿਲਵੀ ਪਾਰਕ ਵਿੱਚ ਕੌਂਸਲਰ ਸਰਬਜੀਤ ਸਿੰਘ ਅਤੇ ਕੈਬਨਿਟ ਮੰਤਰੀ ਸਿੱਧੂ ਨੇ ਵਾਰੋ ਵਾਰੀ ਕੀਤਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਮੁਹਾਲੀ ਨਗਰ ਨਿਗਮ ਦੀਆਂ ਆਮ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਹੁਕਮਰਾਨ ਅਤੇ ਅਕਾਲੀ ਦਲ ਦੇ ਆਗੂਆਂ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਦੀ ਹੋੜ ਜਿਹੀ ਲੱਗ ਗਈ ਹੈ ਅਤੇ ਪਾਰਕ ਵਿੱਚ ਓਪਨ ਏਅਰ ਜਿਮ ਦੇ ਉਦਘਾਟਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇੱਥੋਂ ਫੇਜ਼-10 ਸਥਿਤ ਸਿਲਵੀ ਪਾਰਕ ਵਿੱਚ ਓਪਨ ਏਅਰ ਜਿਮ ਦਾ ਅੱਜ ਦੋ ਵਾਰ ਉਦਘਾਟਨ ਹੋਇਆ। ਪਹਿਲਾਂ ਸਵੇਰੇ ਅਕਾਲੀ ਦਲ ਦੇ ਕੌਂਸਲਰ ਤੇ ਮੇਅਰ ਦੇ ਬੇਟੇ ਸਰਬਜੀਤ ਸਿੰਘ ਨੇ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ। ਇਸ ਮਗਰੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਉਸੇ ਜਿਮ ਦਾ ਉਦਘਾਟਨ ਕਰਨ ਲਈ ਪਹੁੰਚ ਗਏ ਅਤੇ ਫਿੱਟਾ ਕੱਟ ਕੇ ਜਿਮ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਵੀ ਕਈ ਇਲਾਕਿਆਂ ਵਿੱਚ ਜਿਮਾਂ ਦੇ ਦੋ ਦੋ ਵਾਰੀ ਉਦਘਾਟਨ ਕੀਤੇ ਜਾਂਦੇ ਰਹੇ ਹਨ। ਸ਼ਹਿਰ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਓਪਨ ਏਅਰ ਜਿਮ ਸਥਾਪਿਤ ਕੀਤੇ ਗਏ ਹਨ। ਇਸ ਲੜੀ ਤਹਿਤ ਸਥਾਨਕ ਸਿਲਵੀ ਪਾਰਕ ਫੇਜ਼-10 ਵਿੱਚ 11 ਮਸ਼ੀਨਾਂ ਵਾਲਾ ਓਪਨ ਏਅਰ ਜਿਮ ਲਗਵਾਇਆ ਗਿਆ ਹੈ ਅਤੇ ਅਕਾਲੀ ਦਲ ਦੇ ਕੌਂਸਲਰ ਸਰਬਜੀਤ ਸਿੰਘ ਵੱਲੋਂ ਅੱਜ ਸ਼ਾਮ ਚਾਰ ਵਜੇ ਆਪਣੇ ਪਿਤਾ ਤੇ ਮੇਅਰ ਕੁਲਵੰਤ ਸਿੰਘ ਕੋਲੋਂ ਇਸ ਜਿਮ ਦੇ ਉਦਘਾਟਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਕਾਂਗਰਸ ਦੀ ਕੌਂਸਲਰ ਕੁਲਵਿੰਦਰ ਕੌਰ ਵੱਲੋਂ ਅੱਜ ਦੁਪਹਿਰ ਡੇਢ ਵਜੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਜਿਮ ਦਾ ਉਦਘਾਟਨ ਕਰਵਾਉਣ ਦਾ ਪ੍ਰੋਗਰਾਮ ਰੱਖ ਲਿਆ। ਇਸ ਦੀ ਭਿਣਕ ਪੈਂਦੇ ਹੀ ਮੇਅਰ ਦੇ ਬੇਟੇ ਸਰਬਜੀਤ ਸਿੰਘ ਹੋਰ ਅਕਾਲੀ ਕੌਂਸਲਰਾਂ ਨਾਲ ਸਿਲਵੀ ਪਾਰਕ ਵਿੱਚ ਪਹੁੰਚ ਗਏ ਅਤੇ ਦੁਪਹਿਰ 12 ਵਜੇ ਜਿਮ ਦਾ ਉਦਘਾਟਨ ਕੀਤਾ ਗਿਆ। ਉਂਜ ਇਸ ਮੌਕੇ ਕਾਂਗਰਸੀ ਕੌਂਸਲਰ ਕੁਲਵਿੰਦਰ ਕੌਰ ਦਾ ਬੇਟਾ ਨਰਪਿੰਦਰ ਸਿੰਘ ਰੰਗੀ ਵੀ ਮੌਜੂਦ ਸੀ। ਜਾਣਕਾਰੀ ਅਨੁਸਾਰ ਮੇਅਰ ਦੇ ਬੇਟੇ ਨੇ ਸ੍ਰੀ ਰੰਗੀ ਨੂੰ ਮੌਕੇ ’ਤੇ ਸੱਦ ਕੇ ਸਾਂਝੇ ਤੌਰ ’ਤੇ ਜਿੰਮ ਦਾ ਉਦਘਾਟਨ ਕਰਨ ਦੀ ਅਪੀਲ ਕੀਤੀ ਗਈ ਅਤੇ ਉਨ੍ਹਾਂ ਨੇ ਤੁਰਤ ਫੁਰਤ ਵਿੱਚ ਜਿਮ ਦਾ ਉਦਘਾਟਨ ਵੀ ਕਰ ਦਿੱਤਾ। ਇਕ ਫੋਟੋ ਵਿੱਚ ਸ੍ਰੀ ਰੰਗੀ ਵੀ ਖੜ੍ਹੇ ਦਿਖਾਈ ਦੇ ਰਹੇ ਹਨ। ਕੌਂਸਲਰ ਸਰਬਜੀਤ ਸਿੰਘ ਨੇ ਦੱਸਿਆ ਕਿ ਓਪਨ ਏਅਰ ਜਿਮ ’ਤੇ 6 ਲੱਖ ਦੀ ਲਾਗਤ ਆਈ ਹੈ। ਇਸ ਮੌਕੇ ਕੌਂਸਲਰ ਆਰਪੀ ਸ਼ਰਮਾ, ਗੁਰਮੀਤ ਕੌਰ, ਰਜਨੀ ਗੋਇਲ, ਹਰਮੇਸ਼ ਸਿੰਘ ਕੁੰਭੜਾ, ਹਰਵਿੰਦਰ ਸਿੰਘ, ਅਰੁਣ ਗੋਇਲ, ਮੰਦਰ ਕਮੇਟੀ ਫੇਜ਼-10 ਦੇ ਪ੍ਰਧਾਨ ਮੋਹਨ ਸਿੰਘ, ਨਰਿੰਦਰ ਮੱਲੀ, ਬੀਐਨ ਕੋਟਨਾਲਾ, ਜਗਦੇਵ ਸ਼ਰਮਾ, ਜਸਪਾਲ ਸਿੰਘ, ਸਤਿੰਦਰਪਾਲ ਸਿੰਘ, ਬਲਜਿੰਦਰ ਵੀ ਮੌਜੂਦ ਸਨ।
ਉਧਰ, ਬਾਅਦ ਦੁਪਹਿਰ ਕਰੀਬ ਦੋ ਵਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਸਿਲਵੀ ਪਾਰਕ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਨੇ ਫਿੱਟਾ ਕੱਟ ਕੇ ਜਿਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਅਤੇ ਸ਼ਹਿਰ ਦਾ ਲੋੜੀਂਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਕੌਂਸਲਰ ਕੁਲਵਿੰਦਰ ਕੌਰ ਰੰਗੀ ਨੇ ਕਿਹਾ ਕਿ ਸਿਲਵੀ ਪਾਰਕ ਦਾ ਖੇਤਰ ਉਨ੍ਹਾਂ ਦੇ ਵਾਰਡ (ਵਾਰਡ ਨੰਬਰ-26) ਵਿੱਚ ਆਉਂਦਾ ਹੈ ਅਤੇ ਇਹ ਜਿਮ ਵੀ ਉਨ੍ਹਾਂ ਵੱਲੋਂ ਹੀ ਪਾਸ ਕਰਵਾਇਆ ਗਿਆ ਸੀ। ਅਸੂਲਨ ਉਦਘਾਟਨ ਵੀ ਉਨ੍ਹਾਂ ਵੱਲੋਂ ਹੀ ਕੀਤਾ ਜਾਣਾ ਬਣਦਾ ਹੈ। ਜਿਸ ਕਾਰਨ ਉਨ੍ਹਾਂ ਨੇ ਮੰਤਰੀ ਤੋਂ ਜਿਮ ਦੇ ਉਦਘਾਟਨ ਕਰਵਾਉਣ ਦਾ ਸਮਾਂ ਲਿਆ ਸੀ।
ਸ੍ਰੀ ਸਿੱਧੂ ਨੇ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪੰਜਾਬ ਸਰਕਾਰ ਜਿੱਥੇ ਖੁਰਾਕੀ ਵਸਤਾਂ ’ਚੋਂ ਮਿਲਾਵਟਖੋਰੀ ਰੋਕਣ ਲਈ ਵਚਨਬੱਧ ਹੈ, ਉਥੇ ਲੋਕਾਂ ਨੂੰ ਵਧੀਆ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪੂਰੇ ਸ਼ਹਿਰ ਮੁਹਾਲੀ ਦੇ ਪਾਰਕਾਂ ਵਿੱਚ ਜਿਮ ਲਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਜਿਮਾਂ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਨਰਪਿੰਦਰ ਸਿੰਘ ਰੰਗੀ, ਬਾਲਾ ਸਿੰਘ, ਨਿੱਕਾ ਸਿੰਘ, ਉਜਾਗਰ ਸਿੰਘ, ਸੁਰਿੰਦਰ ਸਿੰਘ ਧਨੋਆ, ਨਾਰੰਗ ਸਿੰਘ, ਦਰਸ਼ਨ ਧਾਲੀਵਾਲ, ਕਰਨਲ ਬੋਪਾਰਾਏ, ਮੇਜਰ ਮੁਲਤਾਨੀ, ਰਣਜੀਤ ਕੁਮਾਰ, ਗੁਰਦਿਆਲ ਸਿੰਘ, ਨਿਰਮਲ ਕਾਂਡਾ, ਰਵਿੰਦਰ ਸਿੰਘ, ਸਵਿੰਦਰ ਸਿੰਘ ਚੰਡੋਕ, ਸੁਰਜੀਤ ਕੌਰ, ਸੁਰਿੰਦਰ ਕੌਰ, ਸੰਤੋਸ਼ ਕੌਰ, ਨਰਿੰਦਰ ਕੌਰ, ਸੁਰਿੰਦਰ ਸਿੰਘ ਰੰਧਾਵਾ, ਨਰੇਸ਼ ਕੁਮਾਰ, ਸੁਖਵਿੰਦਰ ਸਿੰਘ ਕੈਰੋਂ, ਸੁਦਰਸ਼ਨ ਸਿੰਘ, ਨਿਰਮਲ ਸਿੰਘ ਤੇ ਸੁਰਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…