Nabaz-e-punjab.com

ਅਕਾਲੀ ਕੌਂਸਲਰ ਕਮਲ ਕਿਸ਼ੋਰ ਸ਼ਰਮਾ ਦੀ ਮੁੜ ਕਾਂਗਰਸ ਵਿੱਚ ਵਾਪਸੀ, ਭਲਕੇ ਮਨੀਸ਼ ਤਿਵਾੜੀ ਦੀ ਰੈਲੀ ’ਚ ਹੋਣਗੇ ਸ਼ਾਮਲ

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੇ ਬਲਾਕ ਪ੍ਰਧਾਨਾਂ ਤੇ ਸਾਥੀਆਂ ਨੇ ਹਾਈ ਕਮਾਂਡ ਨੂੰ ਦਿੱਤੀ ਅਸਤੀਫ਼ੇ ਦੇਣ ਦੀ ਧਮਕੀ: ਸੂਤਰ

ਕਮਲ ਕਿਸ਼ੋਰ ਸ਼ਰਮਾ ਨੂੰ ਕਾਂਗਰਸ ਵਿੱਚ ਬਿਲਕੁਲ ਵੀ ਸ਼ਾਮਲ ਨਹੀਂ ਕੀਤਾ ਗਿਆ: ਬਲਾਕ ਪ੍ਰਧਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਅਮਲ ਸ਼ੁਰੂ ਹੁੰਦਿਆਂ ਹੀ ਦਲ ਬਦਲੂਆਂ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ। ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਾਰਟੀ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਰੁੱਸਿਆਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਸਿੱਧੂ ਨੇ ਅੱਜ ਖਰੜ ਦੌਰੇ ਦੌਰਾਨ ਅਕਾਲੀ ਦਲ ਦੇ ਕੌਂਸਲਰ ਕਮਲ ਕਿਸ਼ੋਰ ਸ਼ਰਮਾ ਅਤੇ ਉਨ੍ਹਾਂ ਦੇ ਪਿਤਾ ਪੰਡਿਤ ਓਮ ਪ੍ਰਕਾਸ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੁਬਾਰਾ ਕਾਂਗਰਸ ਵਿੱਚ ਵਾਪਸ ਆਉਣ ਲਈ ਰਾਜ਼ੀ ਕਰ ਲਿਆ ਹੈ। ਅਕਾਲੀ ਕੌਂਸਲਰ ਭਲਕੇ 20 ਅਪਰੈਲ ਨੂੰ ਪਿੰਡ ਮੌਲੀ ਬੈਦਵਾਨ (ਮੁਹਾਲੀ) ਵਿੱਚ ਹੋਣ ਵਾਲੀ ਚੋਣ ਰੈਲੀ ਮੌਕੇ ਮਨੀਸ਼ ਤਿਵਾੜੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰਨਗੇ।
ਉਧਰ, ਇਸ ਗੱਲ ਦੀ ਭਿਣਕ ਪੈਂਦਿਆਂ ਹੀ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਬਲਾਕ ਪ੍ਰਧਾਨਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਂਗਰਸ ਨੂੰ ਅਲਵਿਦਾ ਆਖਣ ਦੀ ਧਮਕੀ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਸ੍ਰੀ ਕੰਗ ਨੇ ਅਕਾਲੀ ਕੌਂਸਲਰ ਕਮਲ ਕਿਸ਼ੋਰ ਸ਼ਰਮਾ ਨੂੰ ਮੁੜ ਕਾਂਗਰਸ ਵਿੱਚ ਸ਼ਾਮਲ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਹਾਈ ਕਮਾਂਡ ਨੂੰ ਦੋ ਟੁੱਕ ਗੱਲ ਆਖ ਦਿੱਤੀ ਹੈ ਕਿ ਜੇਕਰ ਸ੍ਰੀ ਸ਼ਰਮਾ ਨੂੰ ਕਾਂਗਰਸ ਵਿੱਚ ਲਿਆ ਜਾਂਦਾ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਇਹ ਗੱਲ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੂੰ ਆਖੀ ਹੈ। ਜਦੋਂ ਇਸ ਸਬੰਧੀ ਸ੍ਰੀ ਕੰਗ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਪੱਤਰਕਾਰ ਦੀ ਗੱਲ ਨੂੰ ਟਾਲਦਿਆਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਸਮਾਂ ਆਉਣ ’ਤੇ ਮੀਡੀਆ ਨਾਲ ਵੀ ਗੱਲ ਕਰਾਂਗੇ।
ਉਧਰ, ਇਸ ਸਬੰਧੀ ਬਲਾਕ ਕਾਂਗਰਸ ਖਰੜ ਦੇ ਦਿਹਾਤੀ ਪ੍ਰਧਾਨ ਗੁਰਿੰਦਰਜੀਤ ਸਿੰਘ ਗਿੱਲ ਅਤੇ ਸ਼ਹਿਰੀ ਪ੍ਰਧਾਨ ਯਸ਼ਪਾਲ ਬੰਸਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜੇਕਰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਿਸੇ ਆਗੂ ਜਾਂ ਵਰਕਰ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੋਵੇ ਤਾਂ ਉਸ ਨੂੰ ਮੁੜ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਸਬੰਧਤ ਹਲਕੇ ਦੇ ਵਿਧਾਇਕ, ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਨਾਲ ਗੱਲਬਾਤ ਕਰਕੇ ਭਰੋਸੇ ਵਿੱਚ ਲੈ ਕੇ ਪੂਰੀ ਛਾਣਬੀਣ ਤੋਂ ਬਾਅਦ ਹੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਮਲ ਕਿਸ਼ੋਰ ਸ਼ਰਮਾ ਨੇ ਸਾਲ 2012 ਵਿੱਚ ਪਾਰਟੀ ਉਮੀਦਵਾਰ ਜਗਮੋਹਨ ਸਿੰਘ ਕੰਗ ਦੇ ਖ਼ਿਲਾਫ਼ ਪਾਰਟੀ ਤੋਂ ਬਾਗੀ ਹੋ ਕੇ ਚੋਣ ਲੜੀ ਸੀ। ਜਿਸ ਕਾਰਨ ਸ਼ਰਮਾ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਜਿਸ ਵਿਅਕਤੀ ਨੇ ਚੋਣਾਂ ਦੇ ਨਾਜ਼ੁਕ ਸਮੇਂ ਮਾਹੌਲ ਖਰਾਬ ਕੀਤਾ ਹੋਵੇ। ਉਸ ਨੂੰ ਕਾਂਗਰਸ ਵਿੱਚ ਦੁਬਾਰਾ ਸ਼ਾਮਲ ਕਰਨ ਦੇ ਉਹ ਬਿਲਕੁਲ ਖ਼ਿਲਾਫ਼ ਹਨ। ਉਨ੍ਹਾਂ ਕੈਬਨਿਟ ਮੰਤਰੀ ਸ੍ਰੀ ਸਿੱਧੂ ਦਾ ਨਾਂ ਲਏ ਬਗੈਰ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਇੱਕ ਦੂਜੇ ਦੇ ਹਲਕੇ ਵਿੱਚ ਦਖ਼ਲ ਨਾ ਦੇਣ ਸਗੋਂ ਆਪੋ ਆਪਣੇ ਇਲਾਕੇ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।
(ਬਾਕਸ ਆਈਟਮ)
ਅਕਾਲੀ ਦਲ ਦੇ ਕੌਂਸਲਰ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ। ਕਾਂਗਰਸ ਵਿੱਚ ਦੁਬਾਰਾ ਸ਼ਾਮਲ ਹੋਣ ਸਬੰਧੀ ਉਹ ਸ੍ਰੀ ਸਿੱਧੂ ਦੀ ਅਪੀਲ ਨੂੰ ਠੁਕਰਾ ਨਹੀਂ ਸਕੇ ਅਤੇ ਉਨ੍ਹਾਂ ਨੇ ਘਰ ਵਾਪਸੀ ਲਈ ਹਾਮੀ ਭਰ ਦਿੱਤੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਉਹ ਭਲਕੇ 20 ਅਪਰੈਲ ਨੂੰ ਮੁਹਾਲੀ ਵਿੱਚ ਹੋਣ ਵਾਲੀ ਚੋਣ ਰੈਲੀ ਦੌਰਾਨ ਮਨੀਸ਼ ਤਿਵਾੜੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…