Nabaz-e-punjab.com

ਸਿਆਸੀ ਲਾਹਾ ਲੈਣ ਲਈ ਧਰਨੇ ਦਾ ਡਰਾਮਾ ਕਰਨ ਦੀ ਤਾਕ ਵਿੱਚ ਹਨ ਅਕਾਲੀ ਕੌਂਸਲਰ: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਟੈਂਡਰਾਂ ਦੇ ਮੁੱਦੇ ’ਤੇ ਅਕਾਲੀ ਕੌਂਸਲਰਾਂ ਵੱਲੋਂ ਧਰਨੇ ਪ੍ਰਦਰਸ਼ਨ ਬਾਰੇ ਕੀਤੀ ਜਾ ਰਹੀ ਘੁਸਰ ਮੁਸਰ ਨੂੰ ਸੌੜੀ ਸਿਆਸਤ ਤੋਂ ਪ੍ਰੇਰਿਤ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਕੌਂਸਲਰ ਨਿਗਮ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵਿੱਚ ਹਨ ਅਤੇ ਜਾਣਬੁੱਝ ਕੇ ਸਰਕਾਰ ’ਤੇ ਦੂਸ਼ਣਬਾਜ਼ੀ ਲਗਾਉਣ ਵਿੱਚ ਜੁਟ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਕਾਲੀ ਕੌਂਸਲਰ ਇਹ ਗੱਲ ਭਲੀ ਪ੍ਰਕਾਰ ਜਾਣਦੇ ਹਲ ਕਿ ਮੌਜੂਦਾ ਸਮੇਂ ਵਿੱਚ 30 ਕਰੋੜ ਰੁਪਏ ਦੇ ਟੈਂਡਰ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਨੂੰ ਖੋਲ੍ਹਣ ਦੀ ਇੲ ਮੰਗ ਕਰ ਰਹੇ ਹਨ। ਨਗਰ ਨਿਗਮ ਦੇ ਬਜਟ ਵਿਚ ਇੰਨੇ ਫੰਡ ਵਿਕਾਸ ਕਾਰਜਾਂ ਲਈ ਉਪਲਬਧ ਹੀ ਨਹੀਂ ਹਨ। ਇਸ ਤੋਂ ਇਲਾਵਾ ਪਹਿਲਾਂ ਤੋਂ ਹੀ ਤਿੰਨ ਕਰੋੜ ਰੁਪਏ ਜਿਹੜੇ ਨਗਰ ਨਿਗਮ ਨੇ ਕੰਮ ਕਰਵਾਏ ਹਨ, ਉਸ ਦੀ ਰਕਮ ਦੇਣੀ ਬਾਕੀ ਹੈ। ਉਸ ਤੋਂ ਇਲਾਵਾ 8.5 ਕਰੋੜ ਰੁਪਏ ਦੇ ਪੇਵਰ, 6 ਕਰੋੜ ਪਾਰਕਾਂ ਦੀ ਸਾਂਭ-ਸੰਭਾਲ ਅਤੇ 3.5 ਕਰੋੜ ਰੁਪਏ ਪਾਰਕਾਂ ਦੀ ਨਵੀਂ ਰਿਪੇਅਰ ਆਦਿ ਸਬੰਧੀ ਵਰਕ ਆਰਡਰ ਜਾਰੀ ਹੋ ਚੁੱਕੇ ਹਨ। ਇਹ ਵੀ ਨਿਗਮ ਦੀ ਹੀ ਦੇਣਦਾਰੀ ਹੈ।
ਦੂਸਰੇ ਪਾਸੇ ਜਿਹੜੇ ਪਿਛਲੀ ਮੀਟਿੰਗ ਵਿੱਚ ਸੋਧੇ ਹੋਏ ਪਿਛਲੇ ਸਾਲ ਦੇ ਬਜਟ ਦੀ ਮਨਜ਼ੂਰੀ ਅਜੇ ਆਈ ਹੀ ਨਹੀਂ। ਇਹ ਕੰਮ ਉਹ ਹਨ ਜਿਹੜੇ ਕਿ ਹਾਊਸ ਵਿਚ ਸਾਰੇ ਕੌਂਸਲਰਾਂ ਵੱਲੋਂ ਸਰਵਸੰਮਤੀ ਨਾਲ ਪਾਸ ਕੀਤੇ ਜਾ ਚੁੱਕੇ ਹੋਏ ਹਨ। ਪ੍ਰੰਤੂ ਹੁਣ ਇਸ ਤੋਂ ਬਾਅਦ ਨਿਗਮ ਉਤੇ ਕਾਬਜ਼ ਸੱਤਾਧਾਰੀ ਧਿਰ ਅਕਾਲੀਆਂ ਵੱਲੋਂ ਨਿਯਮਾਂ ਅਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਿਯਮਾਂ ਦੇ ਉਲਟ ਜਾ ਕੇ ਹੋਰ ਟੈਂਡਰ ਲਗਾ ਦਿੱਤੇ ਗਏ ਹਨ। ਸ੍ਰ. ਬੇਦੀ ਨੇ ਕਿਹਾ ਕਿ ਹਾਲੇ ਤੱਕ ਡਾਇਰੈਕਟਰ ਦਫ਼ਤਰ ਤੋਂ ਬਜਟ ਪਾਸ ਹੋ ਕੇ ਹੀ ਨਹੀਂ ਆਇਆ ਤਾਂ ਇਹ ਟੈਂਡਰ ਖੋਲ੍ਹੇ ਹੀ ਨਹੀਂ ਜਾ ਸਕਦੇ ਕਿਉਂਕਿ ਹਾਲੇ ਬਜਟ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬਜਟ ਨਾ ਹੋਣ ਕਾਰਨ ਤਕਨੀਕੀ ਤੌਰ ’ਤੇ ਨਹੀਂ ਖੋਲ੍ਹੇ ਜਾ ਸਕਦੇ ਪ੍ਰੰਤੂ ਉਸ ਦੇ ਬਾਵਜੂਦ ਵੀ ਅਕਾਲੀ ਕੌਂਸਲਰ ਆਪਣੀ ਸੌੜੀ ਰਾਜਨੀਤੀ ਦੇ ਚਲਦਿਆਂ ਨਿਗਮ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਲਈ ਧਰਨੇ ਲਗਾਉਣ ਦਾ ਡਰਾਮਾ ਰਚਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ ਜੋ ਕਿ ਨਿੰਦਣਯੋਗ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…