ਅਕਾਲੀ ਦਲ ਵੱਲੋਂ ਭਗਵੰਤ ਮਾਨ ਨੂੰ ਕੰਮ ਕਰਨ ਦਾ ਤਰੀਕਾ ਤੇ ਸਲੀਕਾ ਬਦਲਣ ਦੀ ਸਲਾਹ

ਪੰਜਾਬ ਵਿੱਚ ‘ਐਸਮਾ’ ਲਾਗੂ ਕਰਨ ਨਾਲ ਮੁੱਖ ਮੰਤਰੀ ਦਾ ਤਾਨਾਸ਼ਾਹ ਰਵੱਈਆ ਸਾਹਮਣੇ ਆਇਆ: ਚੰਦੂਮਾਜਰਾ

ਮੁਲਾਜ਼ਮਾਂ ਨੂੰ ਧਮਕੀਆਂ ਦੇਣ ਦੀ ਥਾਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਮੁੱਖ ਮੰਤਰੀ: ਚੰਦੂਮਾਜਰਾ

ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ:
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਕੰਮ ਕਰਨ ਦਾ ਤਰੀਕਾ ਅਤੇ ਸਲੀਕਾ ਬਦਲਣ ਦੀ ਸਲਾਹ ਦਿੱਤੀ ਹੈ। ਅੱਜ ਮੁਹਾਲੀ ਵਿਖੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੇ ਦਫ਼ਤਰ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ‘ਐਸਮਾ’ ਵਰਗੇ ਕਾਲੇ ਕਾਨੂੰਨ ਲਾਗੂ ਕਰਨ ਨਾਲ ਮੁੱਖ ਮੰਤਰੀ ਦਾ ਤਾਨਾਸ਼ਾਹੀ ਵਾਲਾ ਰਵੱਈਆ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਲਿਹਾਜ਼ਾ ਆਪ ਸਰਕਾਰ ਦੀ ਮੁਲਾਜ਼ਮਾਂ ਨਾਲ ਟਕਰਾਅ ਦੀ ਨੀਤੀ ਬਿਲਕੁਲ ਗੈਰ-ਵਾਜ਼ਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1500 ਤੋਂ ਵੱਧ ਪਟਵਾਰੀਆਂ ਅਤੇ ਹੋਰਨਾਂ ਵਿਭਾਗਾਂ ਵਿੱਚ ਹਜ਼ਾਰਾਂ ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਾਰਨ ਮੁਲਾਜ਼ਮਾਂ ਨੂੰ ਓਵਰਟਾਈਮ ਲਗਾ ਕੇ ਦਫ਼ਤਰੀ ਕੰਮ ਕਰਨੇ ਪੈ ਰਹੇ ਹਨ ਅਤੇ ਕੰਮ ਦਾ ਬੋਝ ਹੋਣ ਕਾਰਨ ਕਾਫ਼ੀ ਮਾਨਸਿਕ ਪੀੜਾਂ ਵੀ ਝੱਲ ਰਹੇ ਹਨ। ਲਿਹਾਜ਼ਾ ਧਮਕੀਆਂ ਦੇਣ ਦੀ ਥਾਂ ਸਰਕਾਰ ਨੂੰ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ।
ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਦੋਂ ਪੰਜਾਬ ਦੇ ਰਾਜਪਾਲ ਨੇ ਨਸ਼ਿਆਂ ਦੇ ਸਬੂਤ ਪੇਸ਼ ਕਰਕੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੜਫ਼ ਉੱਠੇ, ਜੋ ਸਰਕਾਰ ਦੀ ਘਬਰਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਾਮਲੇ ਵਿੱਚ ਫੇਲ ਹੋਣ ਦਾ ਪ੍ਰਤੱਖ ਸਬੂਤ ਹੈ। ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਪਹਿਲੇ ਦਿਨ ਤੋਂ ਸਮੇਂ ਤੋਂ ਪਹਿਲਾਂ ਗਰਾਮ ਪੰਚਾਇਤਾਂ ਨੂੰ ਭੰਗ ਦਾ ਵਿਰੋਧ ਕਰਦਾ ਆ ਰਿਹਾ ਹੈ ਅਤੇ ਹੁਣ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਹੱਕ ਵਿੱਚ ਨਹੀਂ ਹੈ ਪ੍ਰੰਤੂ ਮੁੱਖ ਮੰਤਰੀ ਨੂੰ ਵੀ ਸੂਬੇ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।
ਮਿਸ਼ਨ-2024 ਲਈ ਲਗਪਗ ਸਾਰੀਆਂ ਹੀ ਵਿਰੋਧੀ ਪਾਰਟੀਆਂ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸਾਂਝਾ ਫਰੰਟ ਬਣਾਉਣ ਲਈ ਰਾਹ ਪੱਧਰਾ ਕਰਨ ਦੀ ਤਲਾਸ਼ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਪੱਸ਼ਟ ਕੀਤਾ ਹੈ ਕਿ ਅਕਾਲੀ ਦਲ ਸਿਰਫ਼ ਤੇ ਸਿਰਫ਼ ਉਸ ਗੱਠਜੋੜ ਲਈ ਹਾਮੀ ਭਰੇਗਾ। ਜਿਸ ਨਾਲ ਪੰਜਾਬ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਅਤੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਚੰਦੂਮਾਜਰਾ ਨੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ, ਕਿਸਾਨਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਅਕਾਲੀ ਦਲ ਕਿਸੇ ਵੀ ਗੈਰ ਸਿਧਾਂਤਕ ਗੱਠਜੋੜ ਨਾਲ ਹੱਥ ਨਹੀਂ ਮਿਲਾਏਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਬਣਿਆ ਰਹੇਗਾ।
ਇਸ ਮੌਕੇ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਖਰੜ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਸਿਮਰਨਜੀਤ ਸਿੰਘ ਚੰਦੂਮਾਜਰਾ, ਸਰਬਜੀਤ ਸਿੰਘ ਪਾਰਸ, ਐਡਵੋਕੇਟ ਗਗਨਦੀਪ ਸਿੰਘ ਬੈਦਵਾਨ, ਯੂਥ ਆਗੂ ਰਮਨਦੀਪ ਸਿੰਘ ਬਾਵਾ, ਅਮਨ ਪੂਨੀਆ, ਗੁਰਚਰਨ ਸਿੰਘ ਚੇਚੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …