ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਅਕਾਲੀ ਤੇ ਬਸਪਾ ਵਰਕਰਾਂ ਦੇ ਕਾਫ਼ਲੇ ਨਾਲ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਪਹੁੰਚੇ ਉਮੀਦਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਮੁਹਾਲੀ ਦੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜਦੋਂਕਿ ਉਨ੍ਹਾਂ ਦੀ ਪਤਨੀ ਤੇ ਆਜ਼ਾਦ ਕੌਂਸਲਰ ਬੀਬੀ ਹਰਜਿੰਦਰ ਕੌਰ ਸੋਹਾਣਾ ਨੇ ਬਤੌਰ ਕਵਰਿੰਗ ਉਮੀਦਵਾਰ ਪੇਪਰ ਭਰੇ ਹਨ। ਇਸ ਤੋਂ ਪਹਿਲਾਂ ਸ੍ਰੀ ਸੋਹਾਣਾ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਾਰਟੀ ਵਰਕਰਾਂ ਨਾਲ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਵਾਹਿਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ। ਇਸ ਮਗਰੋਂ ਉਹ ਅਕਾਲੀ ਦਲ ਤੇ ਬਸਪਾ ਵਰਕਰਾਂ ਦੇ ਕਾਫ਼ਲੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਹੁੰਚੇ। ਪੁਲੀਸ ਮੁਲਾਜ਼ਮਾਂ ਨੇ ਕਾਫ਼ਲੇ ਨੂੰ ਮੁੱਖ ਗੇਟ ’ਤੇ ਹੀ ਰੋਕ ਲਿਆ। ਸਿਰਫ਼ ਉਮੀਦਵਾਰ ਸਮੇਤ ਚਾਰ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ।
ਇਸ ਮੌਕੇ ਆਜ਼ਾਦ ਕੌਂਸਲਰ ਤੇ ਉਮੀਦਵਾਰ ਦੀ ਪਤਨੀ ਬੀਬੀ ਹਰਜਿੰਦਰ ਕੌਰ ਸੋਹਾਣਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਐਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਯੂਥ ਵਿੰਗ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਬਸਪਾ ਆਗੂ ਪ੍ਰਿੰਸੀਪਲ ਜਗਦੀਪ ਸਿੰਘ, ਸੁਖਦੇਵ ਸਿੰਘ ਚੱਪੜਚਿੜੀ ਅਤੇ ਇਸ਼ਪ੍ਰੀਤ ਸਿੰਘ ਵਿੱਕੀ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਹ ਵਿਕਾਸ ਦੇ ਮੁੱਦੇ ’ਤੇ ਚੋਣ ਲੜ ਰਹੇ ਹਨ ਅਤੇ ਪੰਜਾਬ ਸਮੇਤ ਮੁਹਾਲੀ ਵਿੱਚ ਪਹਿਲਾਂ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਪਿਛਲੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ। ਜਦੋਂਕਿ ਕਾਂਗਰਸ ਸਰਕਾਰ ਨੇ 5 ਸਾਲਾਂ ਵਿੱਚ ਵਿਕਾਸ ਨੂੰ ਤਰਜ਼ੀਹ ਦੇਣ ਦੀ ਥਾਂ ਕੁਰਸੀ ਦੀ ਲੜਾਈ ਵਿੱਚ ਹੀ ਬਰਬਾਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਬਣੇਗੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ਵਿਕਾਸ ਪੱਖੋਂ ਪੰਜਾਬ ਨੂੰ ਮੁੜ ਲੀਹ ’ਤੇ ਲਿਆਂਦਾ ਜਾਵੇਗਾ ਅਤੇ ਮੁਹਾਲੀ ਵਿੱਚ ਬੰਦ ਪਈ ਇੰਡਸਟਰੀ ਦੇ ਤਾਲੇ ਖੋਲ੍ਹੇ ਜਾਣਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਹੋਰ, ਸਨਅਤਾਂ ਲਗਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਮਜੀਠਾ ਹਲਕੇ ਵਿੱਚ ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ, ਉੱਥੋਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਹੀ ਚੋਣ ਜਿੱਤਣਗੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …