
ਅਕਾਲੀ ਦਲ ਨੇ ਦੋ ਹੋਰ ਉਮੀਦਵਾਰ ਐਲਾਨੇ, ਬੀਬੀ ਕੰਗ ਤੇ ਸੋਹਲ ਵੱਲੋਂ ਅਰਦਾਸ ਕਰਕੇ ਚੋਣ ਪ੍ਰਚਾਰ ਸ਼ੁਰੂ
ਵਾਰਡ ਨੰਬਰ-41 ਤੋਂ ਬੀਬੀ ਬਰਾੜ ਤੇ ਵਾਰਡ ਨੰਬਰ-49 ਤੋਂ ਬੀਬੀ ਜਸਮੀਨ ਕੌਰ ਨੂੰ ਉਮੀਦਵਾਰ ਐਲਾਨਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਵਾਰਡ ਨੰਬਰ-41 ਤੋਂ ਰਣਜੀਤ ਕੌਰ ਬਰਾੜ ਅਤੇ ਵਾਰਡ ਨੰਬਰ-49 ਤੋਂ ਜਸਮੀਨ ਕੌਰ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ, ਜਿਸ ਉਪਰੰਤ ਚੰਦੂਮਾਜਰਾ ਨੇ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਅਤੇ ਜਸਪਾਲ ਸਿੰਘ ਸਮੇਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕਰਕੇ ਚੋਣ ਮੁਹਿੰਮ ਦਾ ਆਗਾਜ਼ ਕੀਤਾ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪੜ੍ਹੇ-ਲਿਖੇ ਉਮੀਦਵਾਰਾਂ ਦਾ ਅਕਾਲੀ ਦਲ ਨਾਲ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਮੁਹਾਲੀ ’ਚੋਂ ਕਾਂਗਰਸ ਅਤੇ ਆਜਾਦ ਪਾਰਟੀ ਦਾ ਪੱਕੇ ਤੌਰ ’ਤੇ ਭੋਗ ਪੈ ਜਾਵੇਗਾ, ਕਿਉਂਕਿ ਨੌਜਵਾਨ ਵਰਗ ਚੰਗੀ ਤਰ੍ਹਾਂ ਸਮਝ ਚੁੱਕਾ ਹੈ ਕਿ ਉਨ੍ਹਾਂ ਲਈ ਕਿਹੜੀ ਪਾਰਟੀ ਠੀਕ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਵਿੱਚ ਹੁਣ ਤੱਕ ਜਿੰਨੇ ਵੀ ਉਮੀਦਵਾਰ ਗਏ ਹਨ, ਉਨ੍ਹਾਂ ਵਿਚ ਬਹੁਤ ਸਾਰੇ ਅਕਾਲੀ ਦਲ ਵਿਚੋਂ ਬਾਗੀ ਹੋ ਕੇ ਗਏ ਹਨ। ਉਮੀਦ ਹੈ ਕਿ ਉਨ੍ਹਾਂ ਵਿਚੋਂ ਬਹੁਤਿਆਂ ਦੀ ਛੇਤੀ ਹੀ ਘਰ ਵਾਪਸੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਲਈ ਕੋਈ ਵਿਕਾਸ ਕੰਮ ਨਹੀਂ ਕੀਤਾ। ਮੇਅਰ ਦੇ ਅਹੁਦੇ ’ਤੇ ਰਹਿੰਦਿਆਂ ਸ਼ਹਿਰ ਵਾਸੀਆਂ ਬਾਰੇ ਬਿਲਕੁੱਲ ਨਹੀਂ ਸੋਚਿਆ। ਕੇਵਲ ਆਪਣੇ ਚਹੇਤਿਆਂ ਨੂੰ ਹੀ ਤਰਜ਼ੀਹ ਦਿੱਤੀ।
ਉਧਰ, ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੋਹਾਲੀ ਦੇ ਲੋਕ ਹੁਣ ਭਾਲੀਭਾਂਤ ਜਾਣ ਚੁੱਕੇ ਹਨ ਕਿ ਉਸ ਕੋਲ ਫੋਕੋ ਵਾਅਦਿਆਂ ਤੋਂ ਸਿਵਾ ਹੋ ਕੁਝ ਨਹੀਂ ਮਿਲ ਸਕਦਾ। ਅਕਾਲੀਆਂ ਵਲੋਂ ਸ਼ਹਿਰ ਦੇ ਕਰਵਾਏ ਵਿਕਾਸ ਕਾਰਜਾਂ ਨੂੰ ਵੀ ਕਾਂਗਰਸੀ ਆਪਣੇ ਵਲੋ ਕਰਵਾਏ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਪਰ ਅੱਜ ਦਾ ਪੜਿਆ-ਲਿਖਆ ਨੌਜਵਾਨ ਵਰਗ ਚੰਗੀ ਤਰ੍ਹਾਂ ਸਮਝ ਚੁੱਕਾ ਹੈ ਕਿ ਕੋਣ ਕਿੰਨੇ ਪਾਣੀ ਵਿਚ ਹੈ। ਇਸ ਮੌਕੇ ਸੀਨੀਅਰ ਆਗੂ ਪ੍ਰਦੀਪ ਭਾਰਜ, ਬੀਬੀ ਕੁਲਦੀਪ ਕੌਰ ਕੰਗ, ਸਤਨਾਮ ਕੌਰ ਸੋਹਲ, ਜਸਪਾਲ ਸਿੰਘ, ਗੁਰਮੁੱਖ ਸਿੰਘ ਸੋਹਲ, ਹਰਪਾਲ ਸਿੰਘ ਬਰਾੜ, ਮਨਜੀਤ ਸਿੰਘ ਮਾਨ ਆਦਿ ਹਾਜਰ ਸਨ।