
ਅਕਾਲੀ ਦਲ, ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਲੋਕਾਂ ਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ: ਕੁਲਵੰਤ ਸਿੰਘ
ਵੱਡੀ ਗਿਣਤੀ ਵਿੱਚ ਮੁਹਾਲੀ ਦੇ ਵਕੀਲ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਬਾਰ ਐਸੋਸੀਏਸ਼ਨ ਮੁਹਾਲੀ ਦੇ ਸੀਨੀਅਰ ਮੈਂਬਰ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਸੀਨੀਅਰ ਅਤੇ ਨੌਜਵਾਨਾਂ ਵਕੀਲਾਂ ਨੇ ਆਪ ਮੁਹਾਰੇ ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਸੈਕਟਰ-79 ਸਥਿਤ ਮੁੱਖ ਚੋਣ ਦਫ਼ਤਰ ਵਿੱਚ ਪਹੁੰਚ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਕੁਲਵੰਤ ਸਿੰਘ ਨੇ ਵਕੀਲ ਭਾਈਚਾਰੇ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਦੇਸ਼ ਅਤੇ ਸੂਬੇ ਦਾ ਵਿਕਾਸ ਕਰਨ ਦੀ ਥਾਂ ਆਮ ਲੋਕਾਂ ਅਤੇ ਮੁਲਾਜ਼ਮ ਵਰਗ ਨੂੰ ਰੱਜ ਕੇ ਲੁੱਟਿਆਂ ਅਤੇ ਕੱੁਟਿਆ ਹੈ। ਇਨ੍ਹਾਂ ਰਵਾਇਤੀ ਪਾਰਟੀ ਦੀਆਂ ਸਰਕਾਰਾਂ ਦੇ ਮੰਤਰੀ ਖ਼ੁਦ ਮਾਫ਼ੀਆ ਬਣ ਗਏ ਅਤੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ’ਤੇ ਕਬਜ਼ੇ ਕਰਨ ਸਮੇਤ ਰੇਤਾ-ਬਜਰੀ, ਸ਼ਰਾਬ ਅਤੇ ਹੋਰਨਾਂ ਧੰਦਿਆਂ ’ਤੇ ਆਪਣਾ ਕਬਜ਼ਾ ਕੀਤਾ।
ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਉਕਤ ਤਿੰਨੇ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਬਦਲਾਅ ਚਾਹੁੰਦੇ ਹਨ ਅਤੇ ਆਪ ’ਚੋਂ ਪੰਜਾਬ ਦੇ ਭਵਿੱਖ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਬੁੱਧੀਜੀਵੀ ਵਰਗ, ਵਕੀਲ ਭਾਈਚਾਰਾ ਵੀ ਬਦਲਾਅ ਚਾਹੁੰਦਾ ਹੈ ਅਤੇ ਸਾਫ਼-ਸੁਥਰੀ ਰਾਜਨੀਤੀ ਨੂੰ ਹੱਲਾਸ਼ੇਰੀ ਦੇਣ ਲਈ ਅੱਜ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਆਪਣੇ ਹੱਥ ਵਿੱਚ ਝਾੜੂ ਚੁੱਕ ਲਿਆ ਹੈ।
ਇਸ ਤੋਂ ਪਹਿਲਾਂ ਸੀਨੀਅਰ ਵਕੀਲ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਆਪ ਉਮੀਦਵਾਰ ਕੁਲਵੰਤ ਸਿੰਘ ਦਾ ਸਾਫ਼-ਸੁਥਰਾ ਕਿਰਦਾਰ ਹੈ ਅਤੇ ਆਪ ਤੀਜੇ ਬਦਲ ਵਜੋਂ ਉੱਭਰ ਰਹੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਸਮੇਤ ਹੋਰਨਾਂ ਵਕੀਲਾਂ ਨੇ ਆਪਣੇ ਹੱਥਾਂ ਵਿੱਚ ਝਾੜੂ ਚੁੱਕਿਆ ਹੈ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਗੋਬਿੰਦਰ ਮਿੱਤਲ, ਬਾਰ ਐਸੋਸੀਏਸ਼ਨ ਮੁਹਾਲੀ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਦੀਵਾਨਾ, ਰਣਜੋਧ ਸਿੰਘ ਸੰਧੂ, ਯਾਦਵਿੰਦਰ ਸਿੰਘ ਭੰਗੂ, ਅਜੈ ਸ਼ੰਕਰ, ਜਸਮੀਤ ਸਿੰਘ ਸਰਵਾਰਾ, ਪਰਵਿੰਦਰ ਸਿੰਘ, ਰੋਹਿਤ ਕੁਮਾਰ, ਮਨਜੀਤ ਸਿੰਘ ਢਿੱਲੋਂ, ਸਾਹਿਲ ਕੁਮਾਰ, ਗੁਰਦੀਪਕ ਸਿੰਘ, ਰਾਜਵੀਰ ਸਿੰਘ, ਰਵਿੰਦਰ ਸਿੰਘ, ਨੋਇਲ ਵੀ ਲਾਲ, ਹਰਜੀਤ ਸਿੰਘ, ਸਤਿੰਦਰਪਾਲ ਸਿੰਘ, ਆਜ਼ਾਦ ਕੌਂਸਲਰ ਸਰਬਜੀਤ ਸਿੰਘ ਸਮਾਣਾ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਸੁਰਿੰਦਰ ਸਿੰਘ ਰੋਡਾ, ਪਰਮਜੀਤ ਸਿੰਘ ਕਾਹਲੋਂ, ਅਕਵਿੰਦਰ ਸਿੰਘ ਗੋਸਲ, ਬਲਰਾਜ ਸਿੰਘ ਗਿੱਲ, ਸਰਬਜੀਤ ਸਿੰਘ ਸੋਹਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।