Nabaz-e-punjab.com

ਅਕਾਲੀ ਦਲ (ਬਾਦਲ) ਚੰਡੀਗੜ੍ਹ ਅਤੇ ਪਾਣੀਆਂ ਦੇ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕਰੇ: ਬੱਬੀ ਬਾਦਲ

ਬੱਬੀ ਬਾਦਲ ਨੇ ਆਪਣੀ ਵੱਡੀ ਭਰਜਾਈ ਹਰਸਿਮਰਤ ਤੋਂ ਅਸਤੀਫ਼ਾ ਮੰਗਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਹਿਤਾਂ ਨੂੰ ਛਿੱਕੇ ’ਤੇ ਟੰਗ ਕੇ ਭਾਜਪਾ ਦੀ ਹਰੇਕ ਗੱਲ ਵਿੱਚ ਹਾਂ ਵਿੱਚ ਹਾਂ ਮਿਲਾਉਣ ਵਾਲੇ ਅਕਾਲੀ ਦਲ (ਬਾਦਲ) ਨੂੰ ਹਰਿਆਣਾ ਚੋਣਾਂ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪਾਣੀਆਂ ਦੇ ਮੁੱਦੇ ਸਮੇਤ ਘੱਟ ਗਿਣਤੀਆਂ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਅੱਜ ਇੱਥੋਂ ਦੇ ਫੇਜ਼-11 ਸਥਿਤ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੈਂਪਸ ਆਫ਼ਿਸ ਵਿੱਚ ਸੀਨੀਅਰ ਆਗੂਆਂ ਅਤੇ ਸਰਗਰਮ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਿਰ ’ਤੇ ਹਨ ਅਤੇ ਉਹ ਬਾਦਲ ਦਲ ਦੇ ਆਗੂਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਘੱਟ ਗਿਣਤੀਆਂ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਬਾਰੇ ਉਨ੍ਹਾਂ ਦਾ ਕਹੀ ਸਟੈਂਡ ਹੈ ਕਿਉਂਕਿ ਬਾਦਲ ਦਲੀਏ ਹਮੇਸ਼ਾ ਉਕਤ ਮੁੱਦਿਆਂ ਨੂੰ ਆਪਣੀ ਢਾਲ ਬਣਾ ਕੇ ਚੋਣਾਂ ਲੜਦੇ ਹਨ। ਇਸ ਲਈ ਬਾਦਲ ਦਲ ਨੂੰ ਇਨ੍ਹਾਂ ਮੁੱਦਿਆਂ ’ਤੇ ਸਥਿਤੀ ਕਲੀਅਰ ਕਰਨੀ ਚਾਹੀਦੀ ਹੈ।
ਹਰਿਆਣਾ ਦੇ ਕਾਲਾਂਵਾਲੀ ਹਲਕੇ ਤੋਂ ਅਕਾਲੀ ਦਲ ਦੇ ਇੱਕੋ ਇਕ ਵਿਧਾਇਕ ਬਲਕਾਰ ਸਿੰਘ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੀਤੇ ਦਿਨੀਂ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਨੇ ਹਰਿਆਣਾ ਵਿੱਚ ਭਾਜਪਾ ਤੋਂ ਬਿਨਾਂ ਆਪਣੇ ਬਲਬੂਤੇ ’ਤੇ ਚੋਣਾਂ ਲੜਨ ਦਾ ਫੈਸਲਾ ਕਰਨ ’ਤੇ ਟਿੱਪਣੀ ਕਰਦਿਆਂ ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਜੇਕਰ ਬਾਦਲ ਦਲ ਦੀ ਹਾਈ ਕਮਾਨ ਇਹ ਸਮਝਦੀ ਹੈ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਨੇ ਅਕਾਲੀ ਦਲ ਨਾਲ ਵਿਸ਼ਵਾਸਘਾਤ ਕੀਤਾ ਹੈ ਤਾਂ ਹੁਣ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਕੇਂਦਰੀ ਕੈਬਨਿਟ ’ਚੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਰਿਸ਼ਤੇ ਵਿੱਚ ਆਪਣੀ ਵੱਡੀ ਭਰਜਾਈ ਬੀਬੀ ਬਾਦਲ ਨੂੰ ਸਵਾਲ ਕੀਤਾ ਕੀ ਹਰਿਆਣਾ ਵਿੱਚ ਚੋਣ ਲੜਨ ਵਾਲੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ ਭਾਜਪਾ ਸਰਕਾਰ ਦੇ ਖ਼ਿਲਾਫ਼ ਬੋਲਣਗੇ ਜਾਂ ਫਿਰ ਇਹ ਭਾਜਪਾ ’ਤੇ ਦਬਾਅ ਪਾ ਕੇ ਆਖ਼ਰੀ ਸਮੇਂ ਇਕ ਦੋ ਸੀਟਾਂ ਲੈ ਕੇ ਸਮਝੌਤਾ ਕਰਨ ਦੀ ਸਾਜ਼ਿਸ਼ ਹੈ।
ਇਸ ਮੌਕੇ ਨਾਜ਼ਰ ਸਿੰਘ, ਬੇਅੰਤ ਸਿੰਘ, ਤੇਜਪਾਲ ਸਿੰਘ, ਤਿਲਕ ਰਾਜ, ਹਰਭਜਨ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਇਕਬਾਲ ਸਿੰਘ, ਜਗਦੇਵ ਸਿੰਘ, ਪ੍ਰੀਤਮ ਸਿੰਘ, ਨਰਿੰਦਰ ਸਿੰਘ, ਨੇਤਰ ਸਿੰਘ, ਜਗਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …