ਮਿਸ਼ਨ-2022: ਅਕਾਲੀ ਦਲ ਨੇ ਡੇਰਾਬੱਸੀ ਹਲਕੇ ਤੋਂ ਐਨਕੇ ਸ਼ਰਮਾ ਨੂੰ ਉਮੀਦਵਾਰ ਐਲਾਨਿਆ

ਮੁੱਖ ਮੰਤਰੀ 4 ਸਾਲਾਂ ਵਿੱਚ ਆਪਣੀ ਪਤਨੀ ਦੇ ਹਲਕੇ ਜ਼ੀਰਕਪੁਰ ਵਿੱਚ ਇਕ ਵਾਰ ਵੀ ਨਹੀਂ ਆਏ: ਸੁਖਬੀਰ ਬਾਦਲ

ਅਕਾਲੀ ਦਲ ਸ਼ਰਾਬ ਤੇ ਰੇਤ ਮਾਫ਼ੀਆ ਸਮੇਤ ਕਾਂਗਰਸੀ ਵਿਧਾਇਕਾਂ ਦੇ ਸਾਰੇ ਗਲਤ ਕੰਮਾਂ ਦੀ ਪੜਤਾਲ ਕਰਵਾਏਗਾ

ਐਨਕੇ ਸ਼ਰਮਾ ਦੇ ਕੰਮਾਂ ਦੀ ਕੀਤੀ ਸ਼ਲਾਘਾ, ਅਕਾਲੀ ਸਰਕਾਰ ਆਉਣ ’ਤੇ ਕੈਬਨਿਟ ਮੰਤਰੀ ਬਣਾਉਣ ਦਾ ਦਿੱਤਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 4 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰਿ ਸੰਘ ਨੇ ਡੇਰਾ ਬਸੀ ਦੇ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦੇ ਲੋਕ ਸਭਾ ਹਲਕੇ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਚਾਰ ਸਾਲਾਂ ਵਿਚ ਇਕ ਵਾਰ ਵਾਰ ਵੀ ਇਸ ਹਲਕੇ ਵਿਚ ਆ ਕੇ ਨਹੀਂ ਵੇਖਿਆ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਹਲਕੇ ਦੇ ਵਿਕਾਸ ’ਤੇ 1256 ਕਰੋੜ ਰੁਪਏ ਖਰਚ ਕੀਤੇ ਗਏ।
ਇਥੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਅਜਿਹੇ ਮੁੱਖ ਮੰਤਰੀ ਤੋਂ ਕੋਈ ਆਸ ਨਹੀਂ ਰੱਖ ਸਕਦੇ ਜੋ ਆਪਣਾ ਫਾਰਮ ਛੱਡ ਕੇ ਅਜਿਹੇ ਹਲਕੇ ਵਿਚ ਜਾਣ ਵਾਸਤੇ ਤਿਆਰ ਨਹੀਂ ਹੈ ਜੋ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚਾਰ ਸਾਲਾਂ ਵਿਚ ਸਿਰਫ 11 ਵਾਰ ਆਪਣੇ ਦਫਤਰ ਗਏ । ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੂਬਾ ਹਰ ਪੈਮਾਨੇ ਤੋਂ ਹੇਠਾਂ ਚਲਾ ਗਿਆ ਹੈ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਖੋਹ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਲੋਕ ਇਸ ਕਰ ਕੇ ਵਿਲਕ ਰਹੇ ਹਨ ਕਿਉਂਕਿ ਲੱਖਾਂ ਲੋਕਾਂ ਦੇ ਨਟਾਂ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਕੀਮਾਂ ਵਿਚੋਂ ਕੱਢ ਦਿੱਤੇ ਗਏ ਤੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਦਵਾਈਆਂ ਤੇ ਸੇਵਾ ਕੇਂਦਰ ਜੋ ਸਾਡੀ ਸਰਕਾਰ ਨੇ ਲੋਕਾਂ ਵਾਸਤੇ ਬਣਾਏ ਸਨ, ਬੰਦ ਕਰ ਦਿੱਤੇ ਗਏ ਹਨ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੁੰ ਸਿਰਫ ਆਪਣੇ ਭ੍ਰਿਸ਼ਟ ਮੰਤਰੀਆਂ ਨੁੰ ਕਲੀਨ ਚਿੱਟ ਦੇਣ ਦੀ ਚਿੰਤਾ ਹੈ ਹਾਲਾਂਕਿ ਅਸਲੀਅਤ ਇਹ ਹੈ ਕਿ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੁੰ ਉਹਨਾਂ ਦੇ ਆਪਣੇ ਹੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 64 ਕਰੋੜ ਰੁਪਏ ਦਾ ਘੁਟਾਲਾ ਕਰਨ ਦਾ ਦੋਸ਼ੀ ਠਹਿਰਾਇਆ ਹੈ ਪਰ ਮੁੱਖ ਮੰਤਰੀ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ ਤੇ ਗੁਰਕੀਰਤ ਕੋਟਲੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੋ ਕਿ ਆਪਣੇ ਭਰੋਸੇਯੋਗ ਵਿਅਕਤੀਆਂ ਰਾਹੀਂ ਨਜਾਇਜ਼ ਸ਼ਰਾਬ ਫੈਕਟਰੀਆਂ ਚਲਾ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਰਾਜਸਥਾਨ ਤੇ ਜੰਮੂ ਤੋਂ ਆਏ ਬਾਹਰਲੇ ਲੋਕ ਕਾਂਗਰਸੀ ਵਿਧਾਇਕਾਂ ਨਾਲ ਰਲ ਕੇ ਰੇਤ ਮਾਫੀਆ ਬਣਾ ਕੇ ਨਜਾਇਜ਼ ਰੇਤ ਮਾਇਨਿੰਗ ਕਰ ਕੇ ਸੂਬੇ ਦੇ ਖ਼ਜ਼ਾਨੇ ਨੂੰ ਲੁੱਟ ਰਹੇ ਹਨ। ਉਹਨਾਂ ਕਿਹਾ ਕਿ ਜਿਥੇ ਸੁਬੇ ਨੂੰ ਆਬਕਾਰੀ ਮਾਲੀਏ ਦਾ 6500 ਕਰੋੜ ਰੁਪਏ ਦਾ ਘਾਟਾ ਪਿਆ, ਉਥੇ ਹੀ ਸੂਬਾ ਕਾਂਗਰਸ ਸਰਕਾਰ ਵੱਲੋਂ ਰੇਤ ਮਾਇਨਿੰਗ ਤੋਂ ਹੋਣ ਵਾਲੀ 1400 ਕਰੋੜ ਰੁਪਏ ਆਮਦਨ ਵਿਚੋਂ 100 ਕਰੋੜ ਰੁਪਏ ਵੀ ਨਹੀਂ ਵਸੂਲ ਸਕੀ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਕ ਵਾਰ ਸੁਬੇ ਵਿਚ ਸਰਕਾਰ ਬਣਨ ’ਤੇ ਇਹਨਾਂ ਸਾਰੇ ਗਲਤ ਕੰਮਾਂ ਦੀ ਜਾਂਚ ਕਰਵਾਏਗਾ। ਉਹਨਾਂ ਕਿਹਾ ਕਿ ਅਸੀਂ ਮਨਰੇਗਾ ਫੰਡਾਂ ਦੇ ਘੁਟਾਲੇ ਦੀ ਨਿਸ਼ਚਿਤ ਸਮੇਂ ਅੰਦਰ ਜਾਂਚ ਕੀਤੇ ਜਾਣ ਦੇ ਹੁਕਮ ਵੀ ਦੇਵਾਂਗੇ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਮਨਰੇਗਾ ਕੰਮਾਂ ਵਿਚ ਵਰਤਣ ਵਾਸਤੇ ਆਪਣੀਆਂ ਇੰਟਰ ਲਾਕਿੰਗ ਟਾਈਲਾਂ ਦੀਆਂ ਫੈਕਟਰੀਆਂ ਲਗਾ ਕੇ ਸੂਬਾ ਪ੍ਰਸ਼ਾਸਨ ਨੁੰ ਇਹਨਾਂ ਦੀ ਵਰਤੋਂ ਕਰਨ ਵਾਸਤੇ ਦਬਾਅ ਬਣਾ ਰਹੇ ਹਨ ਤੇ ਸੂਬੇ ਦੇ ਖ਼ਜ਼ਾਨੇ ਨੁੰ ਲੁੱਟ ਰਹੇ ਹਨ।
ਸ੍ਰੀ ਬਾਦਲ ਨੇ ਡੇਰਾ ਬੱਸੀ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਵੱਲੋਂ ਹਲਕੇ ਵਿਚ ਕੀਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸ੍ਰੀ ਸ਼ਰਮਾ ਹਲਕੇ ਦੀ ਹਰ ਗਲੀ ਹਰ ਕੋਨੇ ਤੋਂ ਜਾਣੂ ਹਨ ਤੇ ਲੋਕਾਂ ਦੀਆਂ ਮੁਸ਼ਕਿਲਾਂ ਸਮਝਦੇ ਹਨ ਤੇ ਉਹਨਾਂ ਨੁੰ ਛੇਤੀ ਤੋਂ ਛੇਤੀ ਹੱਲ ਕਰਵਾਉਣ ਵਾਸਤੇ ਹਮੇਸ਼ਾ ਪੱਬਾਂ ਭਾਰ ਰਹਿੰਦੇ ਹਨ। ਉਹਨਾਂ ਕਿਹਾ ਕਿ ਇਕ ਵਾਰ ਸਾਡੀ ਸਰਕਾਰ ਬਣੀ ਤਾਂ ਅਸੀਂ ਉਹਨਾਂ ਨੂੰ ਸੂਬਾ ਸਰਕਾਰ ਵਿਚ ਕੈਬਨਿਟ ਮੰਤਰੀ ਬਣਾ ਕੇ ਲੋਕਾਂ ਦੀ ਕੀਤੀ ਸੇਵਾ ਬਦਲੇ ਉਹਨਾਂ ਦਾ ਸਨਮਾਨ ਕਰਾਂਗੇ। ਉਹਨਾਂ ਨੇ ਲੋਕਾਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦਾ ਰਹੇਗਾ।
ਸ੍ਰੀ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਨ ’ਤੇ ਤਿੰਨ ਖੇਤੀ ਕਾਨੂੰਨ ਸੂਬੇ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਖੇਤੀ ਜਿਣਸਾਂ ਲਈ ਐਮ ਐਸ ਪੀ ਦੇ ਨਾਲ ਨਾਲ ਸਬਜ਼ੀਆਂ, ਫਲਾਂ ਤੇ ਦੁੱਧ ਲਈ ਵੀ ਐਮ ਐਸ ਪੀ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਘਰੇਲੂ ਖਪਤਕਾਰਾਂ ਦੇ ਬਿੱਲ ਅੱਧੇ ਕੀਤੇ ਜਾਣਗੇ ਜਦਕਿ ਐਸ ਸੀ ਤੇ ਬੀ ਸੀ ਵਰਗ ਦੇ ਵਿਦਿਆਰਥੀਆਂ ਨੁੰ ਮੁਫਤ ਸਿੱਖਿਆ ਦਿੱਤੀ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਦਾ ਅਜਿਹਾ ਕੁਪ੍ਰਬੰਧ ਕੀਤਾ ਹੈ ਕਿ ਇਸਦੇ ਸਿਰਫ ਚਾਰ ਸਾਲਾਂ ਵਿਚ ਹੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਭਾਵੇਂ ਉਹ ਆਟਾ ਦਾਲ ਸਕੀਮ ਹੋਵੇ, ਸ਼ਗਨ ਸਕੀਮ ਜਾਂ ਫਿਰ ਬੁਢਾਪਾ ਪੈਨਸ਼ਨ। ਉਹਨਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਵਿਚ ਝੂਠੇ ਕੇਸਾਂ ਤੇ ਦਮਨਕਾਰੀ ਨੀਤੀਆਂ ਵਿਚ ਚੋਖਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਸਰਕਾਰ ਮਹਿਲਾਵਾਂ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦੇਵੇਗੀ।

ਡੇਰਾਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਨੇ ਆਪਣੇ ਪ੍ਰੇਰਨਾ ਦਾਇਕ ਭਾਸ਼ਣ ਵਿਚ ਕਿਹਾ ਕਿ ਹਲਕੇ ਨਾਲ ਕਾਂਗਰਸ ਰਾਜ ਵੇਲੇ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਨੂੰ ਪਿਛਲੇ ਚਾਰ ਸਾਲਾਂ ਦੌਰਾਨ ਕਾਂਗਰਸੀ ਐਮ ਪੀ ਪ੍ਰਨੀਤ ਕੌਰ ਤੋਂ ਸਿਰਫ 25 ਲੱਖਰੁਪਏ ਦਾ ਚੈਕ ਮਿਲਿਆ ਤੇ ਉਹ ਵੀ ਬਾਉਂਸ ਹੋ ਗਿਆ। ਉਨ੍ਹਾਂ ਅਕਾਲੀ ਦਲ ਪ੍ਰਧਾਨ ਨੂੰ ਅਪੀਲ ਕੀਤੀ ਕਿ ਅਕਾਲੀ ਸਰਕਾਰ ਬਣਨ ’ਤੇ ਜ਼ੀਰਕਪੁਰ ਨੁੰ ਨਗਰ ਨਿਗਮ ਬਣਾਇਆ ਜਾਵੇ ਤੇ ਜ਼ੀਰਕਪੁਰ ਵਿਚ 200 ਬਿਸਤਰਿਆਂ ਵਾਲਾ ਸਰਕਾਰੀ ਹਸਪਤਾਲ ਤੇ ਲੜਕੀਆਂ ਲਈ ਲਾਲੜੂ ਵਿਖੇ ਕਾਲਜ ਬਣਾਇਆ ਜਾਵੇ। ਰੈਲੀ ਨੂੰ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਖਰੜ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਸੈਣੀ, ਅਸ਼ਵਨੀ ਸ਼ਰਮਾ ਸੰਭਾਲਕੀ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮਲਕਪੁਰ ਅਤੇ ਹੋਰ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਰੈਲੀ ਦੌਰਾਨ ਮੰਚ ਸੰਚਾਲਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਨੇ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…