
ਸ੍ਰੀਨਗਰ ਤੇ ਮੇਘਾਲਿਆਂ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਜਾਵੇਗਾ ਅਕਾਲੀ ਦਲ ਦਾ ਵਫ਼ਦ
ਜੰਮੂ ਐਂਡ ਕਸ਼ਮੀਰ ਦੇ ਰਾਜਪਾਲ ਨੂੰ ਮਿਲੇਗਾ ਅਕਾਲੀ ਦਲ ਦਾ ਵਫ਼ਦ: ਚੰਦੂਮਾਜਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਉੱਤਰ ਪ੍ਰਦੇਸ਼ ਦੇ ਲਖੀਮਪੁਰ, ਸ੍ਰੀਨਗਰ ਅਤੇ ਮੇਘਾਲਿਆ ਵਿੱਚ ਵਾਪਰੀਆਂ ਘਟਨਾਵਾਂ ਨੇ ਘੱਟ ਗਿਣਤੀ ਲੋਕਾਂ ਦੇ ਮਨਾਂ ਵਿੱਚ ਬੇਵਿਸ਼ਵਾਸੀ, ਸਹਿਮ ਦਾ ਮਾਹੌਲ ਅਤੇ ਬੇਗਾਨੇਪਣ ਦੀ ਭਾਵਨਾ ਉਤੇਜਿਤ ਕੀਤੀ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਹੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਘੱਟ-ਗਿਣਤੀਆਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਪੀੜਤ ਅਤੇ ਪ੍ਰਭਾਵਿਤ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਨੂੰ ਹੌਸਲਾ ਦੇਣ ਅਤੇ ਵਿਸ਼ਵਾਸ ਦਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਇੱਕ ਉੱਚ ਪੱਧਰੀ ਵਫ਼ਦ ਲਖੀਮਪੁਰ ਗਿਆ ਸੀ ਅਤੇ ਹੁਣ 13 ਅਕਤੂਬਰ ਨੂੰ ਪਾਰਟੀ ਆਗੂਆਂ ਦਾ ਇਕ ਵਿਸ਼ੇਸ਼ ਵਫ਼ਦ ਸ੍ਰੀਨਗਰ ਅਤੇ ਮੇਘਾਲਿਆਂ ਵਿੱਚ ਜਾਵੇਗਾ।
ਸ੍ਰੀਨਗਰ ਜਾਣ ਵਾਲੇ ਵਫ਼ਦ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਪੀੜਤ ਪਰਿਵਾਰਾਂ ਨੂੰ ਮਿਲਿਆ ਜਾਵੇਗਾ। ਉੱਥੇ ਜੰਮੂ ਐਂਡ ਕਸ਼ਮੀਰ ਦੇ ਰਾਜਪਾਲ ਨੂੰ ਮਿਲ ਕੇ ਘੱਟ ਗਿਣਤੀਆਂ ਦੇ ਮਨਾ ਵਿੱਚ ਪੈਦਾ ਹੋ ਰਹੀ ਅਸੁਰੱਖਿਆ ਦੀ ਭਾਵਨਾ ਅਤੇ ਸਹਿਮ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਸਟਮ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਭੈਅ ਦੂਰ ਕਰਨ ਲਈ ਘੱਟ-ਗਿਣਤੀਆਂ ਦੀ ਸੁਰੱਖਿਆ ਲਈ ਬੰਦੋਬਸਤ ਕਰਨ ਲਈ ਮਿਲ ਕੇ ਚਰਚਾ ਕੀਤੀ ਜਾਵੇਗੀ ਅਤੇ ਘੱਟ-ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਜਾਵੇਗੀ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਮੇਘਾਲਿਆ ਵਿੱਚ 150 ਸਾਲਾਂ ਤੋਂ ਸਿੱਖ ਸਮਾਜ ਨਾਲ ਸਬੰਧਤ ਦਲਿਤ ਭਾਈਚਾਰੇ ਦੇ ਲੋਕ ਲਗਾਤਾਰ ਇਕ ਜਗ੍ਹਾ ’ਤੇ ਰਹਿ ਰਹੇ ਸਨ ਪ੍ਰੰਤੂ ਹੁਣ ਉਨ੍ਹਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ, ਜੋ ਗੈਰਕਾਨੂੰਨੀ ਅਤੇ ਲੋਕਤੰਤਰ ਦੇ ਖ਼ਿਲਾਫ਼ ਹੈ।