ਅਕਾਲੀ ਦਲ ਨੇ ਕੌਂਸਲਰ ਭਾਰਤ ਭੂਸ਼ਣ ਮੈਣੀ ਨੂੰ 6 ਸਾਲਾਂ ਲਈ ਪਾਰਟੀ ’ਚੋਂ ਕੱਢਿਆ

ਪਾਰਟੀ ਵਿੱਚ ਅਨੁਸ਼ਾਸ਼ਨਹੀਨਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਐਨ ਕੇ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਬੀਤੀ 5 ਜਨਵਰੀ ਨੂੰ ਹੋਈ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਦੌਰਾਨ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਪਾਏ ਗਏ ਨਿਖੇਧੀ ਮਤੇ ਦਾ ਵਿਰੋਧ ਕਰਨ ਵਾਲੇ ਅਕਾਲੀ ਦਲ ਦੇ ਕੌਂਸਲਰ ਭਾਰਤ ਭੂਸ਼ਣ ਮੈਣੀ ਨੂੰ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਨ ਕੇ ਸ਼ਰਮਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੌਂਸਲਰ ਨੂੰ ਮੈਣੀ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਖਾਰਿਜ ਕਰਕੇ ਉਹਨਾਂ ਨੂੰ 6 ਸਾਲ ਲਈ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਹੈ। ਇਸ ਕਾਰਵਾਈ ਨਾਲ ਮਿਥ ਕੇ ਮੀਟਿੰਗ ’ਚੋਂ ਗ਼ੈਰ ਹਾਜ਼ਰ ਰਹੇ ਕੌਂਸਲਰਾਂ ਦੀ ਵੀ ਨੀਂਦ ਉੱਡ ਗਈ ਹੈ।
ਸ੍ਰੀ ਸ਼ਰਮਾ ਨੇ ਇਸ ਸੰਬਧੀ ਕਿਹਾ ਕਿ ਬੀਤੀ 5 ਜਨਵਰੀ ਨੂੰ ਹੋਈ ਨਿਗਮ ਦੀ ਮੀਟਿੰਗ ਵਿੱਚ ਸ੍ਰੀ ਮੈਣੀ ਵੱਲੋਂ ਨਾ ਸਿਰਫ ਪਾਰਟੀ ਵਿਰੁੱਧ ਟਿੱਪਣੀਆਂ ਕੀਤੀਆਂ ਗਈਆਂ ਬਲਕਿ ਉਹਨਾਂ ਨੇ ਅਕਾਲੀ ਦਲ ਦੇ ਮੇਅਰ ਕੁਲਵੰਤ ਸਿੰਘ ਦਾ ਵਿਰੋਧ ਕਰਦਿਆਂ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਦੇ ਖ਼ਿਲਾਫ਼ ਪਾਏ ਗਏ ਨਿਖੇਧੀ ਮਤੇ ਦੀ ਵੀ ਖਿਲਾਫਤ ਕੀਤੀ ਅਤੇ ਇਸਦੇ ਵਿਰੁੱਧ ਭੁਗਤੇ। ਉਹਨਾਂ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸ਼ਨਹੀਨਤਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਹਰੇਕ ਆਗੂ (ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ) ਦੇ ਖ਼ਿਲਾਫ਼ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਸ੍ਰੀ ਸ਼ਰਮਾ ਨੇ ਕਿਹਾ ਕਿ ਉਹਨਾਂ ਵੱਲੋਂ ਨਿਗਮ ਦੀ 5 ਜਨਵਰੀ ਦੀ ਮੀਟਿੰਗ ਵਿੱਚ ਗੈਰ ਹਾਜਿਰ ਰਹੇ ਅਕਾਲੀ ਦਲ ਦੇ 10 ਕੌਂਸਲਰਾਂ ਨਾਲ ਵੀ ਨਿੱਜੀ ਤੌਰ ਤੇ ਮੀਟਿੰਗ ਕਰਕੇ ਇਸ ਗੈਰਹਾਜਰੀ ਦਾ ਕਾਰਨ ਪੁੱਛਿਆ ਜਾਵੇਗਾ ਅਤੇ ਉਹਨਾਂ ਨੂੰ ਭਵਿੱਖ ਵਿੱਚ ਪਾਰਟੀ ਦੀਆਂ ਸਮੂਹ ਮੀਟਿੰਗਾਂ ਵਿੱਚ ਹਾਜਿਰ ਹੋਣ ਅਤੇ ਨਿਗਮ ਦੀਆਂ ਮੀਟਿੰਗਾਂ ਵਿੱਚ ਮੇਅਰ ਨਾਲ ਖੜ੍ਹਣ ਦੀ ਹਿਦਾਇਤ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ, ਅਕਾਲੀ ਦਲ ਦੇ ਮੇਅਰ ਨੂੰ ਗੱਦੀ ਤੋੱ ਲਾਹੁਣ ਲਈ ਜਿਸ ਤਰੀਕੇ ਨਾਲ ਲੋਕਤੰਤਰ ਦੇ ਕਤਲ ਦੀਆਂ ਕਾਰਵਾਈਆਂ ਵਿੱਚ ਜੁਟੀ ਹੋਈ ਹੈ ਉਸਦਾ ਪਾਰਟੀ ਵਲੋੱ ਭਰਪੂਰ ਜਵਾਬ ਦਿੱਤਾ ਜਾਵੇਗਾ ਅਤੇ ਪਾਰਟੀ ਕੁਲਵੰਤ ਸਿੰਘ ਨਾਲ ਡਟ ਕੇ ਖੜ੍ਹੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਮੇਅਰ ਕੁਲਵੰਤ ਸਿੰਘ ਦੇ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਉਹਨਾਂ ਕਿਹਾ ਕਿ ਮੇਅਰ ਦੇ ਸਾਫ ਸੁਥਰੇ ਕਿਰਦਾਰ ਨੂੰ ਬਦਨਾਮ ਕਰਨ ਦੀ ਇਹ ਸਰਕਾਰੀ ਕੋਸ਼ਿਸ਼ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਵੇਗੀ ਅਤੇ ਜਨਤਾ ਦੀ ਕਚਿਹਰੀ ਵਿੱਚ ਸੱਚ ਦਾ ਨਿਤਾਰਾ ਜ਼ਰੂਰ ਹੋਵੇਗਾ।
ਉਧਰ, ਦੂਜੇ ਪਾਸੇ ਪਾਰਟੀ ’ਚੋਂ ਬਾਹਰ ਕੀਤੇ ਗਏ ਸੀਨੀਅਰ ਕੌਂਸਲਰ ਭਾਰਤ ਭੂਸ਼ਣ ਮੈਣੀ ਨੇ ਇਸ ਸੰਬੰਧੀ ਸੰਪਰਕ ਕਰਨ ’ਤੇ ਕਿਹਾ ਕਿ ਉਹਨਾਂ ਵੱਲੋਂ ਮੀਟਿੰਗ ਵਿੱਚ ਕੀਤੀ ਗਈ ਕਾਰਵਾਈ ਨੂੰ ਅਨੁਸ਼ਾਸ਼ਨਹੀਨਤਾ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਸ ਸਬੰਧੀ ਪਾਰਟੀ ਵੱਲੋਂ ਅਕਾਲੀ ਕੌਂਸਲਰਾਂ ਨੂੰ ਕੋਈ ਹਦਾਇਤ ਨਹੀਂ ਦਿੱਤੀ ਗਈ ਸੀ ਅਤੇ ਨਾ ਹੀ ਮੀਟਿੰਗ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਜਾਂ ਮੇਅਰ ਵੱਲੋਂ ਹੀ ਅਕਾਲੀ ਦਲ ਦੇ ਕੌਂਸਲਰਾਂ ਨਾਲ ਇਸ ਸਬੰਧੀ ਕੋਈ ਸਲਾਹ ਮਸ਼ਵਰਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਮੰਤਰੀ ਦੇ ਖ਼ਿਲਾਫ਼ ਪਾਏ ਨਿਖੇਧੀ ਮਤੇ ਦੀ ਖਿਲਾਫਤ ਇਸ ਲਈ ਕੀਤੀ ਸੀ ਕਿਉਂਕਿ ਕਾਰਨ ਦੱਸੋ ਨੋਟਿਸ ਨੂੰ ਸਜਾ ਨਹੀਂ ਮੰਨਿਆ ਜਾ ਸਕਦਾ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਨੂੰ ਭਾਵੇਂ ਉਹਨਾਂ ਖ਼ਿਲਾਫ਼ ਕਾਰਵਾਈ ਦਾ ਅਧਿਕਾਰ ਹੈ ਪਰੰਤੂ ਉਹਨਾਂ ਨੂੰ ਇਸ ਸਬੰਧੀ ਕੋਈ ਅਗਾਊਂ ਨੋਟਿਸ ਨਹੀਂ ਦਿੱਤਾ ਗਿਆ, ਜੋ ਕਿ ਨਿਯਮਾਂ ਮੁਤਾਬਕ ਦਿੱਤਾ ਜਾਣਾ ਬਣਦਾ ਸੀ। ਉਹਨਾਂ ਇਹ ਵੀ ਕਿਹਾ ਕਿ ਬਾਦਲ ਵਜ਼ਾਰਤ ਵੇਲੇ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਵਿਕਾਸ ਏਜੰਡੇ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀ ਅਤੇ ਅੱਜ ਵੀ ਸ੍ਰ. ਬਾਦਲ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…