
ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਕੌਂਸਲਰਾਂ ਵੱਲੋਂ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦ ਚੋਣਾਂ ਲੜਨ ਦਾ ਐਲਾਨ
ਮੁਹਾਲੀ ਵਾਸੀਆਂ ਤੋਂ ਸਵੱਛ ਪ੍ਰਸ਼ਾਸਨ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਬਦਲੇ ਸਮਰਥਨ ਮੰਗਿਆ
ਸੀਨੀਅਰ ਲੀਡਰਸ਼ਿਪ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਅਣਗੌਲਿਆ ਕਰਨ ਦੀ ਦੂਜੀ ਵਾਰ ਕੀਤੀ ਵੱਡੀ ਗਲਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਜ਼ਬਰਦਸਤ ਝਟਕਾ ਲੱਗਿਆ ਜਦੋਂ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਸਾਬਕਾ ਕੌਂਸਲਰ ਅਤੇ ਸੀਨੀਅਰ ਆਗੂਆਂ ਨੇ ਪਾਰਟੀ ਟਿਕਟ ਦੀ ਥਾਂ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਬੀਤੇ ਦਿਨੀਂ ਸਾਬਕਾ ਸੰਸਦ ਮੈਂਬਰ ਅਤੇ ਨਗਰ ਨਿਗਮ ਚੋਣਾਂ ਸਬੰਧੀ ਗਠਿਤ ਵਿਸ਼ੇਸ਼ 5 ਮੈਂਬਰੀ ਕਮੇਟੀ ਦੇ ਚੇਅਰਮੈਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਕਈ ਸਮਰਥਕਾਂ ਸਮੇਤ ਪਾਰਟੀ ਦੇ ਕਈ ਹੋਰ ਸੀਨੀਅਰ ਆਗੂਆਂ ਨੂੰ ਅਣਗੌਲਿਆ ਕਰਕੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਸਾਬਕਾ ਕੌਂਸਲਰ ਅਤੇ ਉਮੀਦਵਾਰ ਸਾਬਕਾ ਮੇਅਰ ਦੀ ਆਜ਼ਾਦ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਸਥਾਨਕ ਆਗੂਆਂ ਨੇ ਅੱਜ ਪਾਰਟੀ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਕੁਲਵੰਤ ਸਿੰਘ ਦੀ ਅਗਵਾਈ ਹੇਠ ਨਿਗਮ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਜਿਸ ਕਾਰਨ ਮੁਹਾਲੀ ਵਿੱਚ ਨਿਗਮ ਚੋਣਾਂ ਨੂੰ ਲੈ ਕੇ ਨਵੇਂ ਸਿਆਸੀ ਸਮੀਕਰਨ ਪੈਦਾ ਹੋ ਗਏ ਹਨ। ਪਿਛਲੀ ਵਾਰ ਵੀ ਸਾਬਕਾ ਮੇਅਰ ਅਤੇ ਹੋਰ ਸੀਨੀਅਰ ਆਗੂਆਂ ਨੂੰ ਅਣਗੌਲਿਆ ਕੀਤੇ ਜਾਣ ਕਾਰਨ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦ ਚੋਣ ਲੜੀ ਗਈ ਸੀ ਅਤੇ ਪੰਜ ਸਾਲ ਬਾਅਦ ਫਿਰ ਤੋਂ ਪੁਰਾਣਾ ਇਤਿਹਾਸ ਦੁਹਰਾਇਆ ਗਿਆ ਹੈ। ਉਧਰ, ਸੂਤਰਾਂ ਦੇ ਹਵਾਲੇ ਨਾਲ ਮੁਹਾਲੀ ਦੀ ਸਿਆਸਤ ਵਿੱਚ ਉੱਥਲ ਪੁਥਲ ਨੂੰ ਲੈ ਕੇ ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਤਿੰਨ ਸੀਨੀਅਰ ਆਗੂਆਂ ਦੇ ਆਪਸ ਵਿੱਚ ਬਹਿਸਣ ਬਾਰੇ ਪਤਾ ਲੱਗਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਜ਼ਿਆਦਾਤਰ ਸਾਬਕਾ ਕੌਂਸਲਰਾਂ ਨੇ ਪਹਿਲਾਂ ਹੀ ਹਾਈ ਕਮਾਂਡ ਨੂੰ ਅਪੀਲ ਕੀਤੀ ਗਈ ਸੀ ਕਿ ਉਮੀਦਵਾਰਾਂ ਦੀ ਚੋਣ ਸਮੇਤ ਨਿਗਮ ਚੋਣਾਂ ਦੀ ਕਮਾਂਡ ਕੁਲਵੰਤ ਸਿੰਘ ਦੇ ਹੱਥਾਂ ਵਿੱਚ ਦਿੱਤੀ ਜਾਵੇ, ਪ੍ਰੰਤੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਦੂਮਾਜਰਾ ਦੀ ਅਗਵਾਈ ’ਚ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਨਾਲ ਸਥਾਨਕ ਆਗੂ ਅੰਦਰਖਾਤੇ ਨਾਰਾਜ਼ ਚੱਲ ਰਹੇ ਸੀ ਅਤੇ ਹੁਣ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਕਈ ਸਾਬਕਾ ਕੌਂਸਲਰਾਂ ਨੇ ਕਿਸਾਨ ਅੰਦੋਲਨ ਦੇ ਚੱਲਦਿਆਂ ਐਤਕੀਂ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਲੜਨ ਦੀ ਥਾਂ ਆਜ਼ਾਦ ਚੋਣਾਂ ਲੜਨ ਦਾ ਸੁਝਾਅ ਦਿੱਤਾ ਸੀ ਪ੍ਰੰਤੂ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਦੀ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ।
ਅੱਜ ਇੱਥੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਬੀਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਫੂਲਰਾਜ ਸਿੰਘ, ਆਰਪੀ ਸ਼ਰਮਾ, ਗੁਰਮੀਤ ਸਿੰਘ ਵਾਲੀਆ, ਉਪਿੰਦਰਪ੍ਰੀਤ ਕੌਰ ਗਿੱਲ, ਰਜਿੰਦਰ ਕੌਰ ਕੁੰਭੜਾ, ਰਮਨਪ੍ਰੀਤ ਕੌਰ, ਸਰਬਜੀਤ ਸਿੰਘ ਸਮਾਣਾ, ਰਵਿੰਦਰ ਸਿੰਘ ਬਿੰਦਰਾ, ਰਜਨੀ ਗੋਇਲ, ਜਸਬੀਰ ਕੌਰ ਅੱਤਲੀ, ਗੁਰਮੀਤ ਕੌਰ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ, ਹਰਪਾਲ ਸਿੰਘ ਚੰਨਾ (ਸਾਰੇ ਸਾਬਕਾ ਕੌਂਸਲਰ), ਯੂਥ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ, ਸੀਨੀਅਰ ਆਗੂ ਅਵਤਾਰ ਸਿੰਘ ਵਾਲੀਆ, ਜਸਪਾਲ ਸਿੰਘ ਮਟੌਰ, ਹਰਮੇਸ਼ ਸਿੰਘ ਕੁੰਭੜਾ, ਹਰਬਿੰਦਰ ਸਿੰਘ, ਅਰੁਣ ਗੋਇਲ ਹਾਜ਼ਰ ਸਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਨਿਗਮ ਚੋਣ ਵਿਕਾਸ ਦੇ ਮੁੱਦੇ ’ਤੇ ਲੜੀ ਜਾਵੇਗੀ ਹੈ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪਿਛਲੇ ਪੰਜ ਸਾਲ ਬਿਨਾਂ ਕਿਸੇ ਪੱਖਪਾਤ ਤੋਂ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਗਿਆ। ਸਾਬਕਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਬਾਰੇ ਇਹ ਕਿਹਾ ਗਿਆ ਕਿ ਉਹ ਬਿਮਾਰ ਹੋਣ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਹਨ ਪ੍ਰੰਤੂ ਉਨ੍ਹਾਂ ਅਤੇ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਰਮੇਸ਼ ਪ੍ਰਕਾਸ਼ ਕੰਬੋਜ ਨੇ ਸਾਬਕਾ ਮੇਅਰ ਦੀ ਅਗਵਾਈ ਵਿੱਚ ਚੋਣ ਲੜਨ ਸਬੰਧੀ ਆਪਣੀ ਲਿਖਤੀ ਸਹਿਮਤੀ ਭੇਜ ਦਿੱਤੀ ਗਈ ਹੈ।
ਸਾਬਕਾ ਕੌਂਸਲਰਾਂ ਨੇ ਕਿਹਾ ਕਿ ਮੁਹਾਲੀ ਵਿੱਚ ਇਸ ਸਮੇਂ ਮਾਫੀਆ ਰਾਜ ਹੈ ਅਤੇ ਕੈਬਨਿਟ ਮੰਤਰੀ ਆਪਣੇ ਛੋਟੇ ਭਰਾ ਨੂੰ ਮੇਅਰ ਬਣਾਉਣ ਲਈ ਹਰ ਹੀਲਾ ਵਰਤ ਰਹੇ ਹਨ। ਇਹੀ ਇਕ ਪ੍ਰਮੁੱਖ ਕਾਰਨ ਹੈ ਕਿ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਦੇ ਪੁਰਾਣੇ ਵਾਰਡਾਂ ਦੇ ਖੇਤਰਫਲ ਦੀ ਜਾਣਬੁੱਝ ਕੇ ਭੰਨਤੋੜ ਕਰਕੇ ਗਲਤ ਤਰੀਕੇ ਨਾਲ ਵਾਰਡਬੰਦੀ ਕੀਤੀ ਗਈ ਅਤੇ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਨੂੰ ਨਿਆਂ ਪ੍ਰਣਾਲੀ ਤੋਂ ਇਨਸਾਫ਼ ਮਿਲਣ ਦੀ ਪੂਰੀ ਆਸ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਹੁਕਮਰਾਨਾਂ ਨੇ ਨਗਰ ਨਿਗਮ ਵਿੱਚ ਸ਼ਹਿਰ ਦੇ ਵਿਕਾਸ ਲਈ ਪਾਸ ਕੀਤੇ ਬਹੁਤ ਸਾਰੇ ਮਤਿਆਂ ਨੂੰ ਪ੍ਰਵਾਨਗੀ ਦੇਣ ਦੀ ਥਾਂ ਜਾਣਬੁੱਝ ਕੇ ਰੋਕ ਲਗਾਈ ਰੱਖੀ ਤਾਂ ਜੋ ਨਗਰ ਨਿਗਮ ਭੰਗ ਹੋਣ ਤੋਂ ਬਾਅਦ ਇਹ ਕੰਮ ਸ਼ੁਰੂ ਕਰਵਾ ਕੇ ਸਿਆਸੀ ਲਾਹਾ ਲਿਆ ਜਾ ਸਕੇ। ਮੌਜੂਦਾ ਸਮੇਂ ਵਿੱਚ ਅਜਿਹਾ ਹੀ ਕੁੱਝ ਹੋ ਰਿਹਾ ਹੈ।
ਸਾਬਕਾ ਕੌਂਸਲਰਾਂ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਪੂਰੀ ਇਮਾਨਦਾਰੀ ਅਤੇ ਬਿਨ੍ਹਾਂ ਕਿਸੇ ਪੱਖਪਤਾ ਨਾਲ ਮੁਹਾਲੀ ਸ਼ਹਿਰ ਦੀ ਪਿਛਲੇ ਲੰਮੇਂ ਸਮੇਂ ਤੋਂ ਵਾਰਡਾਂ ਦਾ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੀਤੀ ਗਈ ਸੇਵਾ ਤੋਂ ਸ਼ਹਿਰ ਦਾ ਬੱਚਾ ਬੱਚਾ ਵਾਕਿਫ਼ ਹੈ ਅਤੇ ਉਹ ਸਾਰੇ ਸਾਬਕਾ ਕੌਂਸਲਰ ਸਿਰਫ਼ ਤੇ ਸਿਰਫ਼ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੀ ਚੋਣਾਂ ਲੜਨ ਦੀ ਵਚਨਬੱਧਤਾ ਪ੍ਰਗਟ ਕਰਦੇ ਹਨ।