
ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਐਸਵਾਈਐਲ ਬਣਾਉਣ ਲਈ ਅਕਾਲੀ ਦਲ ਨੇ ਭਰੀ ਸੀ ਹਾਮੀ: ਸਿੱਧੂ
ਸੁਖਬੀਰ ਬਾਦਲ ਦੱਸੇ 10 ਸਾਲ ਸਤਾ ਦਾ ਸੁੱਖ ਭੋਗਣ ਸਮੇਂ ਕਾਨੂੰਨ ਦੀ ਧਾਰਾ 5 ਖ਼ਤਮ ਕਿਉਂ ਨਹੀਂ ਕੀਤੀ: ਸਿੱਧੂ
ਅਕਾਲੀ ਦਲ ਨੇ 2007 ਦੀ ਚੋਣ ਸਮੇਂ ਧਾਰਾ ਖ਼ਤਮ ਕਰਨ ਦਾ ਕੀਤਾ ਸੀ ਵਾਅਦਾ
ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਰਿਆਈ ਪਾਣੀਆਂ ਦੇ ਸਮਝੌਤੇ ਰੱਦ ਕਰਨ ਦੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਲੋਕਾਂ ਨੂੰ ਇਹ ਦੱਸਣ ਕਿ ਦਸ ਸਾਲ ਸਤਾ ਦਾ ਨਿੱਘਾ ਮਾਣਨ ਸਮੇਂ ਅਕਾਲੀ ਸਰਕਾਰ ਨੇ ਕਾਂਗਰਸ ਸਰਕਾਰ ਵੱਲੋਂ 2004 ਵਿੱਚ ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਬਣਾਏ ਗਏ ਕਾਨੂੰਨ ਦੀ ਧਾਰਾ 5 ਕਿਉਂ ਨਹੀਂ ਖ਼ਤਮ ਕੀਤੀ?
ਭਾਜਪਾ ਆਗੂ ਨੇ ਕਿਹਾ ਕਿ ਦਰਅਸਲ ਜਦੋਂ ਅਕਾਲੀ ਦਲ ਵਿਰੋਧੀ ਧਿਰ ਵਿੱਚ ਹੁੰਦਾ ਹੈ ਤਾਂ ਉਨ੍ਹਾਂ ਨੂੰ ਪੰਜਾਬ ਦੀਆਂ ਮੰਗਾਂ ਅਤੇ ਮਸਲੇ ਚੇਤੇ ਆਉਂਦੇ ਹਨ ਜਦੋਂ ਸਤਾ ਵਿੱਚ ਹੁੰਦੇ ਹਨ, ਤੱਦ ਉਨ੍ਹਾਂ ਨੂੰ ਕੋਈ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਬਿਨਾਂ ਕੁੱਝ ਨਜ਼ਰ ਨਹੀਂ ਆਉਂਦਾ ਹੈ। ਉਨ੍ਹਾਂ ਸੁਖਬੀਰ ਨੂੰ ਇਹ ਵੀ ਚੇਤੇ ਕਰਵਾਇਆ ਕਿ 1985 ਵਿੱਚ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਸਤਲੁਜ-ਜਮਨਾ ਲਿੰਕ ਨਹਿਰ ਬਣਾਉਣ ਲਈ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਨੇ ਹਾਮੀ ਭਰੀ ਸੀ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਐਸਵਾਈਐਲ ਦਾ ਸਰਵੇਖਣ ਅਤੇ ਜ਼ਮੀਨ ਗ੍ਰਹਿਣ ਕਰਨ ਦਾ ਪਹਿਲਾ ਨੋਟੀਫ਼ਿਕੇਸ਼ਨ, ਉਹ ਵੀ ਐਮਰਜੈਂਸੀ ਕਲਾਜ ਤਹਿਤ ਅਕਾਲੀ ਸਰਕਾਰ ਵੇਲੇ 1978 ਵਿੱਚ ਜਾਰੀ ਕੀਤਾ ਗਿਆ ਸੀ।
ਸ੍ਰੀ ਸਿੱਧੂ ਨੇ ਸੁਖਬੀਰ ਨੂੰ ਇਹ ਵੀ ਯਾਦ ਕਰਵਾਇਆ ਕਿ 2007 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਮੇਤ ਹਰੇਕ ਅਕਾਲੀ ਆਗੂ ਨੇ ਹਰ ਸਟੇਜ ਤੋਂ ਇਹ ਐਲਾਨ ਕੀਤੇ ਕਿ ਅਕਾਲੀ ਸਰਕਾਰ ਬਣਨ ਤੋਂ ਬਾਅਦ ਅਮਰਿੰਦਰ ਸਰਕਾਰ ਵੱਲੋਂ ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਬਣਾਏ ਗਏ ਕਾਨੂੰਨ ਦੀ ਧਾਰਾ 5 ਖ਼ਤਮ ਕੀਤੀ ਜਾਵੇਗੀ ਕਿਉਂਕਿ ‘ਇਹ ਧਾਰਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣ ਦਾ ਰਾਹ ਖੋਲ੍ਹਦੀ ਹੈ।’ ਉਸ ਸਮੇਂ ਵੱਡੇ ਬਾਦਲ ਨੇ ਅਕਾਲੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਅਤੇ ਵਿਧਾਨ ਸਭਾ ਦੇ ਪਹਿਲੇ ਇਜਲਾਸ ਵਿੱਚ ‘ਪੰਜਾਬ ਵਿਰੋਧੀ’ ਇਹ ਧਾਰਾ ਰੱਦ ਕਰਨ ਦਾ ਐਲਾਨ ਕੀਤਾ ਸੀ। ਵੱਡੇ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਅਤੇ 2007 ਤੋਂ ਬਾਅਦ ਲਗਾਤਾਰ 10 ਸਾਲ ਸਤਾ ਵਿੱਚ ਰਹੇ ਪਰ ਅਕਾਲੀ ਦਲ ਨੇ ਆਪਣਾ ਚੋਣ ਵਾਅਦਾ ਪੂਰਾ ਨਹੀਂ ਕੀਤਾ।
ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਤਾਂ ਦਰਿਆਈ ਪਾਣੀਆਂ ਦੇ ਮਾਮਲੇ ਉੱਤੇ ਪੰਜਾਬ ਨਾਲ ਧੱਕੇਸ਼ਾਹੀ ਤੇ ਬੇਇਨਸਾਫ਼ੀ ਕੀਤੀ ਹੈ ਪਰ ਅਕਾਲੀ ਦਲ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ 1982 ਵਿੱਚ ਲਾਏ ਗਏ ਧਰਮ-ਯੁੱਧ ਮੋਰਚੇ ਦਾ ਅਰੰਭ ਕਪੂਰੀ ਤੋਂ ਐਸਵਾਈਐਲ ਰੋਕਣ ਤੋਂ ਹੋਇਆ ਸੀ ਪਰ ਲੱਖਾਂ ਲੋਕਾਂ ਨੂੰ ਮਹੀਨਿਆਂਬੱਧੀ ਕੈਦ ਕਰਵਾਉਣ ਅਤੇ ਸੈਂਕੜੇ ਲੋਕਾਂ ਨੂੰ ਮਰਵਾਉਣ ਤੋਂ ਬਾਅਦ 1985 ਵਿੱਚ ਅਕਾਲੀ ਦਲ ਕੇਂਦਰ ਸਰਕਾਰ ਕੋਲ ਲਿਖਤੀ ਰੂਪ ਵਿੱਚ ਮੰਨਿਆ ਕਿ ਸਾਲ ਦੇ ਅੰਦਰ ਅੰਦਰ ਨਹਿਰ ਬਣਾਈ ਜਾਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਅਜਿਹੇ ਜ਼ਜਬਾਤੀ ਬਿਆਨਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਕੇ ਆਪਣੀ ਅਤੇ ਪਾਰਟੀ ਦੀ ਗੁਆਚੀ ਸਾਖ ਬਹਾਲ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਲੋਕਾਂ ਨੂੰ ਹੁਣ ਸਭ ਭੁੱਲ ਭੁਲਾਅ ਗਿਆ ਹੋਵੇਗਾ ਪਰ ਪੰਜਾਬ ਦੇ ਸੂਝਵਾਨ ਲੋਕ ਹੁਣ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।