
ਮੁਹਾਲੀ ਵਿੱਚ ਬਣਨ ਵਾਲੇ ਵਿਸ਼ਵ ਪੱਧਰੀ ਹਸਪਤਾਲ ਲਈ ਜ਼ਮੀਨ ਦੇਣ ਦੇ ਰਾਹ ’ਚ ਅੜਿੱਕੇ ਡਾਹ ਰਿਹੈ ਅਕਾਲੀ ਦਲ: ਸਿੱਧੂ
ਚੰਦੂਮਾਜਰਾ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਤੇ ਨਿੱਜੀ ਗ਼ਰਜ਼ਾਂ ਦੀ ਪੂਰਤੀ ਲਈ ਜ਼ਮੀਨ ਦੇਣ ਦੇ ਮਾਮਲੇ ਨੂੰ ਤੂਲ ਦਿੱਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਸਾਬਕਾ ਸਿਹਤ ਮੰਤਰੀ ਅਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਪੂੰਜੀ ਨਿਵੇਸ਼ ਲਈ 26 ਤੇ 27 ਅਕਤੂਬਰ ਨੂੰ ਵਿਸ਼ਵ ਪੱਧਰੀ ਸੰਮੇਲਨ ਕਰਵਾਇਆ ਜਾ ਰਿਹਾ ਹੈ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਪੂੰਜੀਪਤੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਮਨਸ਼ਾ ਨਾਲ ਗਲਤ ਹਾੱਥ ਕੰਢੇ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਹਵਾਈ ਅੱਡੇ ਨੇੜੇ 650 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਿਸ਼ਵ ਪੱਧਰੀ ਦਿਲ ਦੇ ਰੋਗਾਂ ਦੇ ਹਸਪਤਾਲ ਲਈ ਸ਼ਾਮਲਾਤ ਜ਼ਮੀਨ ਦੇਣ ਦੇ ਮੁੱਦੇ ’ਤੇ ਪੂੰਜੀਪਤੀਆਂ ਨੂੰ ਭਜਾਉਣ ਲਈ ਗਲਤ ਅਤੇ ਗੁੰਮਰਾਹਕੁਨ ਪ੍ਰਚਾਰ ’ਤੇ ਲੱਕ ਬੰਨ੍ਹ ਲਿਆ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਦਿਲ ਦੇ ਰੋਗਾਂ ਦੇ ਸੰਸਾਰ ਪ੍ਰਸਿੱਧ ਮਾਹਰ ਡਾ. ਟੀਐਸ ਕਲੇਰ ਨੂੰ ਵਿਸ਼ਵ ਪੱਧਰੀ ਹਸਪਤਾਲ ਲਈ ਸ਼ਾਮਲਾਤ ਜ਼ਮੀਨ ਦੇਣ ਲਈ ਰੱਖੀ ਗਈ ਬੋਲੀ ਦਾ ਪੰਜਾਬ ਸਰਕਾਰ ਦੇ ਪੂੰਜੀ ਨਿਵੇਸ਼ ਸਮਾਗਮ ਤੋਂ ਇੱਕ ਦਿਨ ਪਹਿਲਾਂ ਵਿਰੋਧ ਕਰਕੇ ਅਕਾਲੀ ਦਲ ਦੇ ਆਗੂ ਇਸ ਸੰਮੇਲਨ ਵਿੱਚ ਆਉਣ ਵਾਲੇ ਪੂੰਜੀ ਨਿਵੇਸ਼ਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਪੰਜਾਬ ਵਿੱਚ ਪੂੰਜੀਕਾਰਾਂ ਲਈ ਮਾਹੌਲ ਸਾਜ਼ਗਾਰ ਨਹੀਂ ਹੈ। ਅਕਾਲੀ ਆਗੂ ਇੱਥੇ ਆਉਣ ਵਾਲੇ ਕੌਮੀ ਤੇ ਕੌਮਾਂਤਰੀ ਕੰਪਨੀਆਂ ਦੇ ਮਾਲਕਾਂ ਅਤੇ ਅਧਿਕਾਰੀਆਂ ਦੇ ਮਨਾਂ ਵਿੱਚ ਭੰਬਲਭੂਸਾ ਖੜ੍ਹਾ ਕਰਨ ਲਈ ਕੂੜ ਪ੍ਰਚਾਰ ਕਰ ਰਹੇ ਹਨ।
ਸਾਬਕਾ ਮੰਤਰੀ ਨੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ’ਤੇ ਦੋਸ਼ ਲਾਇਆ ਕਿ ਉਸ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਅਤੇ ਨਿੱਜੀ ਗਰਜ਼ਾਂ ਦੀ ਪੂਰਤੀ ਲਈ ਪਹਿਲਾਂ ਪਿੰਡ ਦੇ ਵਿਅਕਤੀਆਂ ਨੂੰ ਉਕਸਾ ਕੇ ਉਨ੍ਹਾਂ ਤੋਂ ਜ਼ਮੀਨ ਦੇਣ ਦੇ ਮਾਮਲੇ ਨੂੰ ਤੂਲ ਦਿੱਤਾ ਅਤੇ ਸੁਖਬੀਰ ਬਾਦਲ ਨੂੰ ਗੁੰਮਰਾਹ ਕਰ ਕੇ ਸੋਮਵਾਰ ਨੂੰ ਸ਼ਾਮਲਾਤ ਜ਼ਮੀਨ ਦੀ ਰੱਖੀ ਗਈ ਖੱੁਲ੍ਹੀ ਬੋਲੀ ਦਾ ਵਿਰੋਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਕਲੇਰ ਦੀ ਥਾਂ ਕੋਈ ਵੀ ਵਿਅਕਤੀ ਵੱਧ ਬੋਲੀ ਦੇ ਸਕਦਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੂੰ ਮੁਹਾਲੀ ਹਲਕੇ ਵਿੱਚ ਉਨ੍ਹਾਂ ਦੇ ਮੁਕਾਬਲੇ ਕੋਈ ਯੋਗ ਉਮੀਦਵਾਰ ਵੀ ਨਹੀਂ ਮਿਲਿਆ ਹੈ। ਜਿਸ ਕਾਰਨ ਚੋਣਾਂ ਵਿੱਚ ਹਾਰ ਬੁਖਲਾਏ ਅਕਾਲੀ ਆਗੂਆਂ ਨੇ ਇਹ ਸੀਟ ਬਸਪਾ ਨੂੰ ਦੇ ਕੇ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ, ਡਾਕਟਰ ਕਲੇਰ ਨੂੰ ਹਸਪਤਾਲ ਪ੍ਰਾਜੈਕਟ ਲਈ ਜ਼ਮੀਨ ਦੇਣ ਸਬੰਧੀ ਕਥਿਤ ਬਲੈਕ ਮੇਲ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ, ਪੰਚਾਇਤ ਵਿਭਾਗ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਇਸ ਪ੍ਰਾਜੈਕਟ ਲਈ ਰੱਖੀ ਖੱੁਲ੍ਹੀ ਬੋਲੀ ਹਰ ਹਾਲਤ ਕਰਵਾਉਣ ਤਾਂ ਜੋ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨ ਵਾਲਿਆਂ ਨੂੰ ਚੰਗਾ ਸੁਨੇਹਾ ਜਾਵੇ।