Nabaz-e-punjab.com

ਮੁਹਾਲੀ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ: ਯੂਥ ਆਗੂ ਤੇ ਮਹਿਲਾ ਕੌਂਸਲਰ ਨੇ ਕਾਂਗਰਸ ਦਾ ਹੱਥ ਫੜਿਆ

ਅਕਾਲੀ ਦਲ (ਬਾਦਲ) ਸਰਮਾਏਦਾਰਾਂ ਤੇ ਬਿਲਡਰਾਂ ਦੀ ਪਾਰਟੀ ਬਣੀ, ਵਫ਼ਾਦਾਰ ਵਰਕਰਾਂ ਦੀ ਪੁੱਛ ਪ੍ਰਤੀਤ ਘਟੀ: ਰਾਜਾ ਮੁਹਾਲੀ

ਹਾਈ ਕਮਾਂਡ ਦੀ ਅਣਦੇਖੀ ਕਾਰਨ ਕਈ ਟਕਸਾਲੀ ਪਰਿਵਾਰ ਪਹਿਲਾਂ ਹੀ ਛੱਡ ਚੁੱਕੇ ਹਨ ਪਾਰਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅੱਜ ਮੁਹਾਲੀ ਵਿੱਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਟਕਸਾਲੀ ਜਥੇਦਾਰ ਅਮਰੀਕ ਸਿੰਘ ਮੁਹਾਲੀ ਦੇ ਪੁੱਤਰ ਅਤੇ ਨੂੰਹ ਨੇ ਪਾਰਟੀ ਨੂੰ ਅਲਵਿਦਾ ਆਖਦਿਆਂ ਕਾਂਗਰਸ ਦਾ ਹੱਥ ਫੜ ਲਿਆ। ਜਥੇਦਾਰ ਦੀ ਨੂੰਹ ਬੀਬਾ ਜਸਪ੍ਰੀਤ ਕੌਰ ਅਤੇ ਯੂਥ ਆਗੂ ਰਾਜਾ ਕੰਵਰਜੋਤ ਸਿੰਘ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਦੋਂਕਿ ਜਥੇਦਾਰ ਅਮਰੀਕ ਸਿੰਘ ਨੇ ਹਾਲੇ ਵੀ ਪਾਰਟੀ ਪ੍ਰਤੀ ਮੋਹ ਨਹੀਂ ਤਿਆਗਿਆ ਹੈ। ਇਹ ਪਰਿਵਾਰ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ ਅਤੇ ਅਕਾਲੀ ਦਲ ਲਈ ਬੜੀ ਸਰਗਰਮੀ ਨਾਲ ਕੰਮ ਕੀਤਾ ਪ੍ਰੰਤੂ ਪਿਛਲੇ ਕੁਝ ਸਮੇਂ ਇਹ ਪਰਿਵਾਰ ਆਪਣਿਆਂ ਦੀ ਅਣਦੇਖੀ ਦਾ ਸ਼ਿਕਾਰ ਸੀ।
ਬੀਬਾ ਜਸਪ੍ਰੀਤ ਕੌਰ ਨੇ ਪਹਿਲੀ ਵਾਰ ਨਗਰ ਨਿਗਮ ਦੀ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਜਦੋਂਕਿ ਰਾਜਾ ਕੰਵਰਜੋਤ ਸਿੰਘ ਯੂਥ ਅਕਾਲੀ ਦਲ (ਬ) ਵਿੱਚ ਸੂਬਾਈ ਜਨਰਲ ਸਕੱਤਰ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਅੱਜ ਦੇਰ ਸ਼ਾਮ ਕਰੀਬ 7:30 ਵਜੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਇੱਥੋਂ ਦੇ ਫੇਜ਼-2 ਵਿੱਚ ਅਕਾਲੀ ਜਥੇਦਾਰ ਦੇ ਘਰ ਪਹੁੰਚੇ ਅਤੇ ਚਾਹ ਪਾਣੀ ਪੀਂਦਿਆਂ ਜਥੇਦਾਰ ਦੇ ਪੁੱਤ ਅਤੇ ਨੂੰਹ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਕਰ ਲਿਆ। ਇਸ ਮਗਰੋਂ ਮਨੀਸ਼ ਵਿਤਾੜੀ ਉਨ੍ਹਾਂ ਨੂੰ ਆਪਣੇ ਨਾਲ ਚੋਣ ਰੈਲੀ ਵਿੱਚ ਲੈ ਕੇ ਗਏ। ਜਿੱਥੇ ਉਨ੍ਹਾਂ ਨੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ ਹੋਣ ਦਾ ਰਸਮੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਕੰਵਰਜੋਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਵਫ਼ਾਦਾਰ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਉਨ੍ਹਾਂ ਸੀਨੀਅਰ ਲੀਡਰਸ਼ਿਪ ’ਤੇ ਆਪਣੇ ਪਰਿਵਾਰ ਦੀ ਅਣਦੇਖੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਕਾਲੀ ਦਲ ਮਹਿਜ਼ ਸਰਮਾਏਦਾਰਾਂ ਅਤੇ ਬਿਲਡਰਾਂ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਜਥੇਦਾਰ ਤੇ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਸੀਨੀਅਰ ਯੂਥ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ, ਸਾਹਿਬ ਸਿੰਘ ਬਡਾਲੀ ਅਤੇ ਹੋਰ ਪ੍ਰਮੁੱਖ ਆਗੂ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ ਅਤੇ ਇਨ੍ਹਾਂ ਸਿਰਕੱਢ ਆਗੂਆਂ ਦੇ ਪਾਰਟੀ ਛੱਡਣ ਨਾਲ ਬਾਦਲ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਉਨ੍ਹਾਂ ਦੀ ਧੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪਾਰਟੀ ਛੱਡ ਦਿੱਤੀ ਸੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…