Nabaz-e-punjab.com

ਅਕਾਲੀ ਦਲ ਦੇ ਸੰਸਦ ਮੈਂਬਰ ਚੰਦੂਮਾਜਰਾ ਵੱਲੋਂ ਆਪਣੇ ਪੁੱਤਰਾਂ ਦੀ ਜ਼ਮੀਨ ਤੱਕ ਪੱਕੀ ਸੜਕ ਬਣਾਉਣ ਲਈ ਚਾਰਾਜੋਈ

ਬੀਡੀਪੀਓ ’ਤੇ ਗਰਾਮ ਪੰਚਾਇਤ ਕੋਲੋਂ ਖੇਤਾਂ ਤੱਕ ਪੱਕੀ ਸੜਕ ਬਣਾਉਣ ਲਈ ਮਤਾ ਪਾਸ ਕਰਵਾਉਣ ਦਾ ਦੋਸ਼

ਪਿੰਡ ਵਾਸੀਆਂ ਨੇ ਬੀਰਦਵਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਸਾਰਾ ਮਾਮਲਾ

ਬੀਰਦਵਿੰਦਰ ਸਿੰਘ ਨੇ ਡੀਸੀ ਨੂੰ ਭੇਜੀ ਲਿਖਤੀ ਸ਼ਿਕਾਇਤ, ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ, ਸਖ਼ਤ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇੱਥੋਂ ਦੇ ਇਤਿਹਾਸਕ ਪਿੰਡ ਚੱਪੜਚਿੜੀ ਵਿੱਚ ਆਪਣੇ ਪੁੱਤਰਾਂ (ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਵਕੀਲ ਸਿਮਰਨਜੀਤ ਸਿੰਘ ਚੰਦੂਮਾਜਰਾ) ਦੇ ਨਾਂ ’ਤੇ ਖਰੀਦੀ ਜ਼ਮੀਨ ਤੱਕ ਨਿਯਮਾਂ ਦੇ ਉਲਟ ਪੱਕੀ ਸੜਕ ਬਣਾਉਣ ਲਈ ਚਾਰਾਜੋਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚੱਪੜਚਿੜੀ ਦੇ ਵਸਨੀਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਲਿਖਤੀ ਸ਼ਿਕਾਇਤ ’ਤੇ ਕਾਫੀ ਲੋਕਾਂ ਦੇ ਦਸਖ਼ਤ ਕੀਤੇ ਹੋਏ ਹਨ।
ਉਧਰ, ਬੀਰਦਵਿੰਦਰ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਨੂੰ ਈਮੇਲ ’ਤੇ ਭੇਜੀ ਸ਼ਿਕਾਇਤ ਵਿੱਚ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੱਸਿਆ ਗਿਆ ਹੈ ਕਿ ਸ੍ਰੀ ਚੰਦੂਮਾਜਰਾ ਨੇ ਆਪਣੇ ਦੋਵੇਂ ਪੁੱਤਰਾਂ ਦੇ ਨਾਂ ’ਤੇ ਚੱਪੜਚਿੜੀ ਦੀ ਹੱਦ ਵਿੱਚ ਕਰੀਬ ਸਾਢੇ ਤਿੰਨ ਏਕੜ ਜ਼ਮੀਨ ਖਰੀਦੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਚੰਦੂਮਾਜਰਾ ਨੇ ਚੱਪੜਚਿੜੀ ਪੰਚਾਇਤ ਨੂੰ ਐਮਪੀ ਲੈਂਡ ਫੰਡ ’ਚੋਂ 10 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ। ਹੁਣ ਅਕਾਲੀ ਆਗੂ ਇਸ ਰਾਸ਼ੀ ’ਚੋਂ ਕਥਿਤ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਖੇਤਾਂ ਤੱਕ ਪੱਕੀ ਬਣਾਉਣ ਲਈ ਦਬਾਅ ਪਾ ਰਹੇ ਹਨ। ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਬੂਰਾ ਮਨਾਉਂਦਿਆਂ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਲੇਕਿਨ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਹੀ ਨਹੀਂ ਬੀਡੀਪੀਓ ਨੇ ਪੰਚਾਇਤ ਕੋਲੋਂ ਅਕਾਲੀ ਆਗੂ ਦੇ ਖੇਤਾਂ ਤੱਕ ਪੱਕੀ ਸੜਕ ਬਣਾਉਣ ਦਾ ਮਤਾ ਪਾਸ ਕਰਵਾ ਦਿੱਤਾ।
ਬੀਰਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਚੰਦੂਮਾਜਰਾ ਗਰਾਂਟ ਦੀ ਦੁਰਵਰਤੋਂ ਕਰਕੇ ਆਪਣੀ ਜ਼ਮੀਨ ਤੱਕ ਸੜਕ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੰਸਦ ਮੈਂਬਰ ਵੱਲੋਂ ਜਿਸ ਮੰਤਵ ਲਈ ਗਰਾਂਟ ਦਿੱਤੀ ਗਈ ਹੈ, ਉਸ ਨੂੰ ਸਬੰਧਤ ਕਾਰਜਾਂ ਲਈ ਵਰਤਿਆ ਜਾਵੇ ਅਤੇ ਇਸ ਸਮੁੱਚੇ ਮਾਮਲੇ ਦੀ ਪੜਤਾਲ ਕਰਵਾਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੇਕਰ ਗਰਾਮ ਪੰਚਾਇਤ ਨੇ ਨਿਯਮਾਂ ਦੇ ਖ਼ਿਲਾਫ਼ ਜਾ ਕੇ ਗਲਤ ਮਤੇ ਪਾਸ ਕੀਤੇ ਹਨ ਤਾਂ ਪੰਚਾਇਤ ਦਾ ਸਮੁੱਚਾ ਰਿਕਾਰਡ ਤਲਬ ਕੀਤਾ ਜਾਵੇ ਅਤੇ ਬੀਡੀਪੀਓ ਦੀ ਭੂਮਿਕਾ ਸਮੇਤ ਸਰਪੰਚ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਗਰਾਂਟ ਨੂੰ ਨਿੱਜੀ ਹਿੱਤਾਂ ਲਈ ਨਹੀਂ ਵਰਤ ਸਕਦੇ ਹਨ। ਇਹ ਰੂਲਾਂ ਅਤੇ ਕਾਨੂੰਨ ਦੀ ਉਲੰਘਣਾ ਹੈ। ਇਸ ਸਬੰਧੀ ਜਲਦੀ ਹੀ ਭਾਰਤ ਦੇ ਮੁੱਖ ਚੋਣ ਕਮਿਸ਼ਨ ਅਤੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਜਾ ਰਹੀ ਹੈ।
(ਬਾਕਸ ਆਈਟਮ)
ਉਧਰ, ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਕੋਈ ਵੀ ਸੰਸਦ ਮੈਂਬਰ ਜਾਂ ਅਧਿਕਾਰੀ ਐਮਪੀ ਲੈਂਡ ਫੰਡ ਨੂੰ ਗਾਈਡ ਲਾਈਨ ਤੋਂ ਬਿਨਾਂ ਖਰਚ ਨਹੀਂ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਦੌਰਾਨ ਪੰਜਾਬ ਭਰ ਵਿੱਚ ਖੇਤਾਂ ਵਿੱਚ ਬਣੇ ਡੇਰਿਆਂ ਅਤੇ ਘਰਾਂ ਤੱਕ ਪੱਕੀ ਸੜਕਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਵੀ ਲੋਕ ਹਿੱਤ ਵਿੱਚ ਚੱਪੜਚਿੜੀ ਦੇ ਖੇਤਾਂ ਵਿੱਚ ਰਹਿੰਦੇ ਲੋਕਾਂ ਅਤੇ ਡੇਰਿਆਂ ਤੱਕ ਪੱਕੀ ਬਣਾਉਣ ਲਈ 10 ਲੱਖ ਦੀ ਗਰਾਂਟ ਦਿੱਤੀ ਗਈ ਸੀ। ਹੁਣ ਜੇਕਰ ਰਸਤੇ ਵਿੱਚ ਉਨ੍ਹਾਂ ਦੇ ਖੇਤ ਆਉਂਦੇ ਹਨ ਤਾਂ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ। ਕਿਉਂਕਿ ਸੜਕ ਤਾਂ ਅੱਗੇ ਲੋਕਾਂ ਦੇ ਘਰਾਂ ਅਤੇ ਡੇਰਿਆਂ ਤੱਕ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੀਰਦਵਿੰਦਰ ਸਿੰਘ ਨੂੰ ਵੀ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਹੈ।
(ਬਾਕਸ ਆਈਟਮ)
ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਇਸ ਸਬੰਧੀ ਹਾਲੇ ਤੱਕ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ’ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…