ਖਰੜ ਨਗਰ ਕੌਂਸਲ ’ਤੇ ਅਕਾਲੀ ਦਲ ਦਾ ਕਬਜ਼ਾ, ਕਾਂਗਰਸ ਆਊਟ

ਖਰੜ ਹਲਕੇ ਵਿੱਚ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਦੇ ਹੱਥ ਮਜ਼ਬੂਤ ਹੋਏ

ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਜੂਨ:
ਆਖਰਕਾਰ ਲੰਮੀ ਉਡੀਕ ਤੋਂ ਬਾਅਦ ਅੱਜ ਖਰੜ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ ਦਾ ਕੰਮ ਨੇਪਰੇ ਚੜ੍ਹ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਪੂਰਨ ਰੂਪ ਵਿੱਚ ਖਰੜ ਕੌਂਸਲ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਅਕਾਲੀ ਦਲ ਦੀ ਕੌਂਸਲਰ ਬੀਬੀ ਜਸਪ੍ਰੀਤ ਕੌਰ ਲੌਂਗੀਆਂ ਨੂੰ ਨਗਰ ਕੌਂਸਲ ਖਰੜ ਦਾ ਪ੍ਰਧਾਨ ਚੁਣਿਆ ਗਿਆ ਹੈ ਜਦੋਂਕਿ ਬੀਬੀ ਗੁਰਦੀਪ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸਵੀਰ ਰਾਣਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਜਦੋਂਕਿ ਇਸ ਚੋਣ ਵਿੱਚ ਕਾਂਗਰਸ ਪੂਰੀ ਤਰ੍ਹਾਂ ਆਊਟ ਹੋ ਗਈ ਹੈ। ਹਾਲਾਂਕਿ ਹੁਕਮਰਾਨ ਪਾਰਟੀ ਦੇ ਆਗੂ ਕਿਸੇ ਕਾਂਗਰਸੀ ਕੌਂਸਲਰ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਪ੍ਰੰਤੂ ਮੈਂਬਰ ਘੱਟ ਹੋਣ ਕਾਰਨ ਕਾਂਗਰਸ ਆਪਣਾ ਪ੍ਰਧਾਨ ਬਣਾਉਣ ਤੋਂ ਖੁੰਝ ਗਈ। ਇਹੀ ਨਹੀਂ ਕਾਂਗਰਸ ਕੰਧ ’ਤੇ ਲਿਖੀ ਆਪਣੀ ਨਮੋਸ਼ੀ ਭਰੀ ਹਾਰ ਨੂੰ ਦੇਖਦੇ ਹੋਏ ਕਰੋਨਾ ਮਹਾਮਾਰੀ ਦੀ ਆੜ ਵਿੱਚ ਲਗਾਤਾਰ ਖਰੜ ਕੌਂਸਲ ਦੀ ਚੋਣ ਨੂੰ ਹੋਰ ਅੱਗੇ ਲਮਕਾਉਂਦੀ ਆ ਰਹੀ ਸੀ ਅਤੇ ਮਾਮਲਾ ਹਾਈ ਕੋਰਟ ਵਿੰਚ ਪਹੁੰਚ ਗਿਆ ਸੀ ਪਰ ਕਹਿੰਦੇ ਨੇ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਹੈ। ਇਹ ਕਹਾਵਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ’ਤੇ ਹੂਬਹੂ ਢੁਕਦੀ ਹੈ। ਖਰੜ ਕੌਂਸਲ ’ਤੇ ਅਕਾਲੀ ਦਲ ਦਾ ਕਬਜ਼ਾ ਹੋਣ ਨਾਲ ਇਲਾਕੇ ਵਿੱਚ ਰਣਜੀਤ ਸਿੰਘ ਗਿੱਲ ਦਾ ਕੱਦ ਹੋਰ ਵੀ ਜ਼ਿਆਦਾ ਵਧ ਗਿਆ ਹੈ ਅਤੇ ਇਸ ਚੋਣ ਦਾ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਉੱਤੇ ਵੀ ਸਿੱਧਾ ਪਵੇਗਾ।
ਜਾਣਕਾਰੀ ਅਨੁਸਾਰ ਖਰੜ ਨਗਰ ਕੌਂਸਲ ਦੇ ਕੁੱਲ 27 ਵਾਰਡਾਂ ਤੋਂ ਕੌਂਸਲਰ ਚੁਣੇ ਗਏ ਸਨ। ਹਾਲਾਂਕਿ ਅੱਜ ਬਾਅਦ ਦੁਪਹਿਰ 4 ਵਜੇ ਐਸਡੀਐਮ ਦੀ ਨਿਗਰਾਨੀ ਵਿੱਚ ਹੋਈ ਨਗਰ ਕੌਂਸਲ ਦੀ ਚੋਣ ਸਮੇਂ ਕਾਂਗਰਸ ਪਾਰਟੀ ਨੂੰ ਪੂਰੀ ਉਮੀਦ ਸੀ ਕਿ ਪ੍ਰਧਾਨ ਉਨ੍ਹਾਂ ਦਾ ਬਣੇਗਾ। ਵੈਸੇ ਵੀ ਕਾਂਗਰਸੀ ਧੜਾ ਦੋ ਆਜ਼ਾਦ ਮੈਂਬਰਾਂ ਸਮੇਤ 15 ਕੌਂਸਲਰਾਂ ਨਾਲ ਮੀਟਿੰਗ ਹਾਲ ਵਿੱਚ ਇਕੱਠੇ ਦਾਖ਼ਲ ਹੋਏ ਸੀ ਪਰ ਚੋਣ ਦੇ ਐਨ ਮੌਕੇ ਦੋ ਆਜ਼ਾਦ ਉਮੀਦਵਾਰਾਂ ਨੇ ਪਲਟੀ ਮਾਰ ਕੇ ਅਕਾਲੀ ਦਲ ਦੇ ਹੱਕ ਵਿੱਚ ਵੋਟ ਦਿੱਤਾ। ਇਨ੍ਹਾਂ ਦੋਵੇਂ ਆਜ਼ਾਦ ਕੌਂਸਲਰਾਂ ਨੇ ਅੱਜ ਕਾਂਗਰਸ ਦੇ ਮਨਸੂਬਿਆਂ ’ਤੇ ਉਸ ਸਮੇਂ ਪਾਣੀ ਫੇਰ ਦਿੱਤਾ ਜਦੋਂਕਿ ਐਸਡੀਐਮ ਦੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਹੱਥ ਖੜੇ ਕਰਕੇ ਵੋਟ ਪਾਉਣ ਲਈ ਆਵਾਜ਼ ਮਾਰੀ ਤਾਂ ਕਾਂਗਰਸੀ ਧੜੇ ਦੇ 15 ਮੈਂਬਰਾਂ ’ਚੋਂ ਸਿਰਫ਼ 13 ਮੈਂਬਰਾਂ ਨੇ ਹੀ ਹੱਥ ਖੜੇ ਕਰਕੇ ਸਮਰਥਨ ਦਿੱਤਾ। ਇਸ ਮਗਰੋਂ ਅਧਿਕਾਰੀ ਨੇ ਅਕਾਲੀ ਦਲ ਦੀ ਉਮੀਦਵਾਰ ਦੇ ਹੱਕ ਵਿੱਚ ਹੱਥ ਖੜੇ ਕਰਕੇ ਵੋਟ ਪਾਉਣ ਲਈ ਕਿਹਾ ਗਿਆ ਤਾਂ ਇਨ੍ਹਾਂ ਦੋਵੇਂ ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਦੀ ਉਮੀਦਵਾਰ ਦੇ ਹੱਕ ਵਿੱਚ ਆਪਣੇ ਹੱਥ ਖੜੇ ਕੀਤੇ ਗਏ।

ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਮੇਂ ਵਿੱਚ ਅਜਿਹਾ ਹੀ ਕੁੱਝ ਹੋਇਆ। ਇਸ ਤਰ੍ਹਾਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਤਿੰਨੇ ਅਹੁਦੇ ਅਕਾਲੀ ਦਲ ਦੀ ਝੋਲੀ ਵਿੱਚ ਪੈ ਗਏ ਹਨ। ਜਦੋਂਕਿ ਸਿਆਸੀ ਸਮੀਕਰਨ ਬਦਲਣ ਵਾਲੇ ਉਕਤ ਦੋਵੇਂ ਆਜ਼ਾਦ ਕੌਂਸਲਰ ਕਾਂਗਰਸੀ ਧੜੇ ਨਾਲ ਪਹਿਲਾਂ ਕਸੌਲੀ ਘੁੰਮਦੇ ਰਹੇ ਅਤੇ ਅੱਜ ਦੁਪਹਿਰ ਦਾ ਭੋਜਣ ਵੀ ਉਨ੍ਹਾਂ ਨੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਫਾਰਮ ਹਾਊਸ ਨੇ ਕਾਂਗਰਸੀ ਕੌਂਸਲਰਾਂ ਨਾਲ ਇਕੱਠਿਆਂ ਕੀਤਾ ਸੀ ਪਰ ਆਪਣਾ ਸਮਰਥਨ ਅਕਾਲੀ ਦਲ ਨੂੰ ਦੇ ਕੇ ਹੁਕਮਰਾਨ ਪਾਰਟੀ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…