nabaz-e-punjab.com

ਅਕਾਲੀ ਦਲ ਦੇ ਪ੍ਰਧਾਨ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਭਲਕ ਦੀ ਬਹਿਸ ’ਚ ਸ਼ਾਮਲ ਹੋਣ ਦੀ ਚੁਣੌਤੀ

ਮੁੱਖ ਮੰਤਰੀ ਰਿਹਾਇਸ਼ ’ਤੇ ਬਲਜੀਤ ਸਿੰਘ ਦਾਦੂਵਾਲ ਦੀ ਮੌਜੂਦਗੀ ਬਾਰੇ ਸੁਖਬੀਰ ਦੇ ਦੋਸ਼ਾਂ ਦੀ ਜਾਂਚ ਵਿਧਾਨ ਸਭਾ ਤੋਂ ਕਰਵਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਅਗਸਤ:
ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਰਾਤ ਮੁੱਖ ਮੰਤਰੀ ਰਿਹਾਇਸ਼ ’ਤੇ ਉਨ੍ਹਾਂ ਵੱਲੋਂ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਸਬੰਧੀ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਨਿਰਆਧਾਰ ਦੋਸ਼ਾਂ ’ਤੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਬੇਬੁਨਿਆਦ ਦੋਸ਼ਾਂ ਨਾਲ ਸਦਨ ਨੂੰ ਗੁੰਮਰਾਹ ਦੀ ਕੋਸ਼ਿਸ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਰਾਹੀਂ ਸੁਖਬੀਰ ਬਾਦਲ ਦੇ ਝੂਠਾਂ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।
ਬੇਅਦਬੀ ਮਾਮਲਿਆਂ ਸਬੰਧੀ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸਰਕਾਰ ਵੱਲੋਂ ਸਦਨ ਵਿੱਚ ਪੇਸ਼ ਕਰਨ ਤੋਂ ਤੁਰੰਤ ਬਾਅਦ ਸੁਖਬੀਰ ਬਾਦਲ ਨੇ ਇਹ ਦੋਸ਼ ਲਾਏ। ਮੁੱਖ ਮੰਤਰੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਸ ਰਿਪੋਰਟ ਨੂੰ ਕਾਰਵਾਈ ਰਿਪੋਰਟ (ਐਕਸ਼ਨ ਟੇਕਨ ਰਿਪੋਰਟ) ਨਾਲ ਪ੍ਰਵਾਨ ਕਰਦਿਆਂ ਇਸ ਨੂੰ ਸਦਨ ਵਿੱਚ ਪੇਸ਼ ਕਰਨ ਦੀ ਸਹਿਮਤੀ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਕਦੀ ਵੀ ਬਲਜੀਤ ਸਿੰਘ ਦਾਦੂਵਾਲ ਨੂੰ ਨਹੀਂ ਮਿਲੇ ਅਤੇ ਨਾ ਹੀ ਉਨ੍ਹਾਂ ਨੂੰ ਪਛਾਣਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੁਲੀਸ ਗੋਲੀਬਾਰੀ ਤੋਂ ਬਾਅਦ ਉਹ ਬਰਗਾੜੀ ਗਏ ਸਨ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਸਿੱਖ ਪ੍ਰਚਾਰਕ ਵੀ ਬੈਠੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸਿੱਖ ਪ੍ਰਚਾਰਕ ਨੂੰ ਦੇਖਿਆ ਹੈ ਤਾਂ ਨਾ ਹੀ ਨਿੱਜੀ ਤੌਰ ’ਤੇ ਮਿਲੇ ਹਨ।
ਮੁੱਖ ਮੰਤਰੀ ਰਿਹਾਇਸ਼ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰੇ ਅਧੀਨ ਹੋਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ’ਚ ਆਖਿਆ ਕਿ ਸੀ.ਸੀ.ਟੀ.ਵੀਜ਼ ਦੀ ਵੀਡੀਓਜ਼ ਰਾਹੀਂ ਸੁਖਬੀਰ ਦੇ ਕੋਰੇ ਝੂਠ ਦਾ ਭਾਂਡਾ ਸੌਖਿਆ ਹੀ ਭੰਨਿਆ ਜਾ ਸਕਦਾ ਹੈ।
ਸੁਖਬੀਰ ਨੇ ਦੋਸ਼ ਲਾਏ ਸਨ ਕਿ ਬੇਅਦਬੀ ਮਾਮਲਿਆਂ ’ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਦਨ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸਾਜ਼ਿਸ਼ ਘੜਨ ਲਈ ਮੁੱਖ ਮੰਤਰੀ ਨੇ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਬੇਅਦਬੀ ਘਟਨਾਵਾਂ ’ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ ਜਿਨ੍ਹਾਂ ਘਟਨਾਵਾਂ ਨੇ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੁੱਖ ਮੰਤਰੀ ਨੇ ਸਪੀਕਰ ਨੂੰ ਪਵਿੱਤਰ ਸਦਨ ਵਿੱਚ ਝੂਠ ਬੋਲਣ ਲਈ ਵਿਧਾਇਕ ਖਿਲਾਫ਼ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਕੀਤੇ ਮਾੜੇ ਕੰਮਾਂ ਖਾਸ ਕਰਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹਿਣ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਕਾਲੀ ਇਹ ਢਕਵੰਜ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰਾਂ ਨੂੰ ਰਿਪੋਰਟ ’ਤੇ ਭਲਕੇ ਹੋਣ ਵਾਲੀ ਬਹਿਸ ਤੋਂ ਭੱਜਣ ਦੀ ਬਜਾਏ ਇਸ ਵਿੱਚ ਸ਼ਾਮਲ ਦੀ ਚੁਣੌਤੀ ਦਿੱਤੀ ਹੈ ਕਿਉਂ ਜੋ ਅਕਾਲੀ ਮੁੱਖ ਮੁੱਦਿਆਂ ਤੋਂ ਪਹਿਲਾਂ ਵੀ ਭੱਜਦੇ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…