
ਮਿੱਡੂਖੇੜਾ ਪਰਿਵਾਰ ਨੂੰ ਇਨਸਾਫ਼ ਮਿਲਣਾ ਯਕੀਨੀ ਬਣਾਏਗਾ ‘ਅਕਾਲੀ ਦਲ’: ਚੰਦੂਮਾਜਰਾ
ਕਿਹਾ ਵਿੱਕੀ ਮਿੱਡੂਖੇੜਾ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ, ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਵਿਗੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਐਸਓਆਈ) ਕੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦੀ ਰਿਹਾਇਸ਼ੀ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਅਕਾਲੀ ਦਲ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਤੋਂ ਇਹ ਸਪੱਸ਼ਟ ਹੈ ਕਿ ਨੌਜਵਾਨ ਦਾ ਮਿੱਥ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਹਮਲਾਵਰਾਂ ਨੇ ਭੀੜ ਭਾੜ ਵਾਲੇ ਇਲਾਕੇ ਵਿੱਚ ਸ਼ਰ੍ਹੇਆਮ ਬੇਖ਼ੌਫ਼ ਮਿੱਡੂਖੇੜਾ ਦਾ ਕਤਲ ਕਰ ਦਿੱਤਾ। ਇਸ ਤੋਂ ਪੰਜਾਬ ਵਿੱਚ ਅਮਨ ਕਾਨੂੰਨ ਦੇ ਹਾਲਾਤਾਂ ਦਾ ਪਤਾ ਚਲਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਨ ਦੌਰਾਨ ਪੰਜਾਬ ਵਿੱਚ ਜੰਗਲ ਰਾਜ ਦਾ ਬੋਲਬਾਲਾ ਹੈ।
ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਸੂਬੇ ’ਤੇ ਗੈਂਗਸਟਰਾਂ ਦਾ ਕਬਜ਼ਾ ਹੋ ਗਿਆ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਵਿੱਚ ਹੀ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਲਗਾਤਾਰ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਇਕ ਹਫ਼ਤੇ ਵਿੱਚ ਹੀ ਇਹ ਤੀਜਾ ਕਤਲ ਹੈ। ਚੰਦੂਮਾਜਰਾ ਨੇ ਐਸਐਸਪੀ ਨਾਲ ਵੀ ਗੱਲਬਾਤ ਕੀਤੀ ਅਤੇ ਹਮਲਾਵਰਾਂ ਨੂੰ ਫੜ ਕੇ ਸਖ਼ਤ ਸਜਾਵਾਂ ਦਿਵਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਪੁਲੀਸ ਵੱਲੋਂ ਸ਼ਹਿਰ ਵਿਚ ਢਿੱਲ ਮੱਠ ਛੱਡਣ ਦੀ ਵੀ ਨਿਖੇਧੀ ਕੀਤੀਤੇ ਕਿਹਾ ਕਿ ਸ਼ਹਿਰ ਵਿਚ ਗੈਂਗਸਟਰਾਂ ਦਾ ਖੁੱਲ੍ਹੇਆਮ ਖੁੱਲ੍ਹਾਂ ਹੀ ਮੁਹਾਲੀ ਪੁਲਿਸ ਤੇ ਇਸ ਵੱਲੋਂ ਨਿਭਾਈ ਜਾ ਰਹੀ ਜ਼ਿੰਮੇਵਾਰੀ ਵਿੱਚ ਖਾਮੀ ਦਾ ਸਬੂਤ ਹੈ। ਅਕਾਲੀ ਆਗੂ ਨੇ ਪੀੜਤ ਪਰਿਵਾਰ ਨਾਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਾਰਟੀ ਇਸ ਕੇਸ ਵਿਚ ਪਰਿਵਾਰ ਨੂੰ ਨਿਆਂ ਦੁਆਉਣ ਲਈ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਨੇ ਮਿੱਡੂਖੇੜਾ ਪਰਿਵਾਰ ਨੂੰ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਪਾਰਟੀ ਡਟ ਕੇ ਖੜੀ ਹੈ।