nabaz-e-punjab.com

ਖੇਤੀ ਆਰਡੀਨੈਂਸ: ਅਕਾਲੀ ਦਲ ਵੀਰਵਾਰ ਨੂੰ ਕਰੇਗਾ ਸੁਖਬੀਰ ਤੇ ਬੀਬੀ ਬਾਦਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ

ਬੀਬਾ ਬਾਦਲ ਦਾ ਹਵਾਈ ਅੱਡਾ ਚੌਂਕ ਨੇੜੇ ਜ਼ੀਰਕਪੁਰ-ਪਟਿਆਲਾ ਸੜਕ ’ਤੇ ਕੀਤਾ ਜਾਵੇਗਾ ਗਰਮਜੋਸ਼ੀ ਸਵਾਗਤ

ਸੁਖਬੀਰ ਬਾਦਲ ਤੇ ਚੰਦੂਮਾਜਰਾ ਨਿਊ ਚੰਡੀਗੜ੍ਹ ਦੇ ਰਸਤੇ ਰਾਹੀਂ ਚੰਡੀਗੜ੍ਹ ਵੱਲ ਕਰਨਗੇ ਕੂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਕਿਸਾਨੀ ਵਿਰੋਧੀ ਖੇਤੀ ਬਿੱਲਾਂ ਦੇ ਮੁੱਦੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਭਲਕੇ 1 ਅਕਤੂਬਰ ਨੂੰ ‘ਕਿਸਾਨ ਮਾਰਚ’ ਦੇ ਬੈਨਰ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਮਾਰਚ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਆਗੂਆਂ ਨੇ ਇਲਾਕੇ ਦੇ ਕਿਸਾਨਾਂ ਅਤੇ ਪਾਰਟੀ ਵਰਕਰਾਂ ਦੀ ਲਾਮਬੰਦੀ ਕੀਤੀ ਗਈ। ਜ਼ਿਲ੍ਹਾ ਯੂਥ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਅਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਤਲਵੰਡੀ ਸਾਬੋ ਤੋਂ ਪਾਰਟੀ ਵਰਕਰਾਂ ਅਤੇ ਕਿਸਾਨਾਂ ਦਾ ਵੱਡਾ ਕਾਫ਼ਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਦੁਪਹਿਰ ਸਾਢੇ 12 ਵਜੇ ਮੁਹਾਲੀ ਦੀ ਹੱਦ ਵਿੱਚ ਪਹੁੰਚੇਗਾ।
ਆਗੂਆਂ ਨੇ ਦੱਸਿਆ ਕਿ ਮੁਹਾਲੀ ਕੌਮਾਂਤਰੀ ਹਵਾਈ ਅੱਡਾ ਚੌਂਕ ਨੇੜੇ ਪਿੰਡ ਛੱਤ ਸਥਿਤ ਟਰੈਫ਼ਿਕ ਲਾਈਟ ਪੁਆਇੰਟ ’ਤੇ ਮੁਹਾਲੀ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਬੀਬਾ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਇਹ ਕਾਫ਼ਲਾ ਜ਼ੀਰਕਪੁਰ ਦੇ ਰਸਤੇ ਚੰਡੀਗੜ੍ਹ ਵੱਲ ਕੂਚ ਕਰੇਗਾ। ਜ਼ੀਰਕਪੁਰ ਫਲਾਈਓਵਰ ਦੇ ਥੱਲੇ ਅਕਾਲੀ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਐਨ.ਕੇ. ਸ਼ਰਮਾ ਦੀ ਅਗਵਾਈ ਹੇਠ ਵਰਕਰ ਇਸ ਕਾਫ਼ਲੇ ਵਿੱਚ ਸ਼ਾਮਲ ਹੋਣਗੇ।
ਉਧਰ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਕੇ ਚੰਡੀਗੜ੍ਹ ਵੱਲ ਕੂਚ ਕਰਨਗੇ ਜਦੋਂਕਿ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਸੀਨੀਅਰ ਆਗੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਤੋਂ ਕਿਸਾਨਾਂ ਅਤੇ ਪਾਰਟੀ ਵਰਕਰਾਂ ਦੇ ਕਾਫ਼ਲੇ ਨਾਲ ਮਾਜਰਾ ਪਹੁੰਚਣਗੇ। ਇੱਥੋਂ ਸੁਖਬੀਰ ਬਾਦਲ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਨਿਊ ਚੰਡੀਗੜ੍ਹ ਦੇ ਰਸਤੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਕੂਚ ਕਰਨਗੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…