
ਅਕਾਲੀ ਸਰਕਾਰ ਦੌਰਾਨ ਪੰਜਾਬ ਦੇ ਨੁਕਸਾਨ ਦੀ ਜਾਂਚ ਲਈ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਬਣੇ: ਬੱਬੀ ਬਾਦਲ
ਬੱਬੀ ਬਾਦਲ ਨੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਤੇ ਮਜੀਠੀਆ ਖ਼ਿਲਾਫ਼ ਖੋਲ੍ਹਿਆ ਮੋਰਚਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਇੱਥੋਂ ਦੇ ਨੇੜਲੇ ਪਿੰਡ ਪ੍ਰੇਮਗੜ੍ਹ ਵਿੱਚ ਲੋਕਾਂ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਸਰਕਾਰ ਦੌਰਾਨ ਪੰਜਾਬ ਦੇ ਹੋਏ ਨੁਕਸਾਨ ਦੀ ਜਾਂਚ ਲਈ ਹਾਈ ਕੋਰਟ ਦੇ ਕਿਸੇ ਸੀਨੀਅਰ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਕਾਇਮ ਕੀਤਾ ਜਾਵੇ ਤਾਂ ਜੋ ਬਾਦਲ ਰਾਜ ਵਿੱਚ ਅਕਾਲੀ ਆਗੂਆਂ ਵੱਲੋਂ ਕਥਿਤ ਤੌਰ ’ਤੇ ਕੀਤੀਆਂ ਗਈਆਂ ਲੁੱਟਾਂ-ਖਸੁੱਟਾਂ ਦਾ ਪਤਾ ਲੱਗ ਸਕੇ। ਇਸ ਤਰ੍ਹਾਂ ਬੱਬੀ ਬਾਦਲ ਨੇ ਆਪਣੇ ਤਾਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਭਰਾ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਭਾਵੇਂ ਕਹਿਣ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਪ੍ਰੰਤੂ ਸਰਕਾਰ ਨੂੰ ਚਲਾਉਣ ਵਾਲੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਅਤੇ ਪਾਰਟੀ ਨੂੰ ਨਿੱਜੀ ਕੰਪਨੀ ਵਾਂਗ ਚਲਾਉਂਦਿਆਂ ਪੰਜਾਬ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰੀਕੀ ਨਾਲ ਘੋਖ ਕੀਤੀ ਜਾਵੇ ਤਾਂ ਪਤਾ ਲੱਗ ਸਕਦਾ ਹੈ ਕਿ ਕਿਸ ਹੱਦ ਤੱਕ ਸੂਬੇ ਦੀਆਂ ਜ਼ਮੀਨਾਂ ਗਹਿਣੇ ਰੱਖੀਆਂ ਗਈਆਂ ਹਨ। ਇੱਥੋਂ ਤੱਕ ਕਿ ਵੱਡੀਆਂ ਸਰਕਾਰੀ ਇਮਾਰਤਾਂ ਵੀ ਗਹਿਣੇ ਰੱਖੀਆਂ ਹੋਈਆਂ ਹਨ। ਨਵੀਆਂ ਸੜਕਾਂ ’ਤੇ ਟੋਲ ਟੈਕਸ ਲਗਾਏ। ਇੱਥੋਂ ਤੱਕ ਕਿ ਸੂਬੇ ਨੂੰ ਬਿਜਲੀ ਸਰਪਲੱਸ ਕਹਿਣ ਵਾਲੇ ਬਾਦਲ ਦਲ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀ-ਭਗਤ ਕਰ ਕੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਦਿੱਤੇ ਅਤੇ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੱਦੋਂ ਮਹਿੰਗੇ ਮਾਰੂ ਸ਼ਰਤਾਂ ਵਾਲੇ ਸਮਝੌਤੇ ਕਰ ਕੇ ਸੂਬੇ ਵਿੱਚ ਬਿਜਲੀ ਮਾਫ਼ੀਆ ਦਾ ਮੁੱਢ ਬੰਨ੍ਹਿਆ ਹੈ। ਜਿਸ ਦਾ ਸਿੱਧਾ-ਸਿੱਧਾ ਲਾਭ ਬਾਦਲ ਦਲ ਨੂੰ ਹੋਇਆ ਹੈ। ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਦੀ ਬਜਾਏ ਕਾਂਗਰਸ ਸਰਕਾਰ ਨੇ ਇਨ੍ਹਾਂ ਕੰਪਨੀਆਂ ਤੋਂ ਕਥਿਤ ਤੌਰ ’ਤੇ ਮੋਟੇ ਪੈਸੇ ਲੈ ਕੇ ਲੋਕਾਂ ਲਈ ਬਿਜਲੀ ਮਹਿੰਗੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਥਿਕ ਮੰਦੀ ਵੱਲ ਧੱਕਣ ਵਾਲੇ ਬਾਦਲ ਦਲੀਏ ਹੁਣ ਸਿਰਫ਼ ਸਿਆਸੀ ਲਾਹਾ ਲੈਣ ਲਈ ਰੋਸ ਮੁਜ਼ਾਹਰੇ ਕਰਨ ਦਾ ਡਰਾਮਾਂ ਕਰ ਰਹੇ ਹਨ।
ਇਸ ਮੌਕੇ ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਰਣਧੀਰ ਸਿੰਘ, ਸੁੱਚਾ ਸਿੰਘ, ਜਗਜੋਤ ਸਿੰਘ, ਕਮਲਜੀਤ ਸਿੰਘ, ਇਕਬਾਲ ਸਿੰਘ, ਬਾਬਾ ਨਰਿੰਦਰ ਸਿੰਘ, ਜਸਵੰਤ ਸਿੰਘ, ਸੋਮ ਪ੍ਰਕਾਸ਼, ਹਰਤੇਸ਼ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ, ਸੁਰਮੁੱਖ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਗਨਪ੍ਰੀਤ ਸਿੰਘ, ਰੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
(ਬਾਕਸ ਆਈਟਮ)
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੱਬੀ ਬਾਦਲ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ। ਫਿਰ ਦੂਜਿਆਂ ’ਤੇ ਉਂਗਲ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਕੰਮਾਂ ਦੀ ਜਾਂਚ ਲਈ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਕਾਇਮ ਕਰਨ ਦੀ ਮੰਗ ਕਰਨ ਵਾਲਾ ਬੱਬੀ ਬਾਦਲ ਪਹਿਲਾਂ ਪੂਰੀ ਇਮਾਨਦਾਰੀ ਨਾਲ ਆਪਣਾ ਹਿਸਾਬ ਕਿਤਾਬ ਦੱਸੇ ਕਿ ਉਸ ਨੇ ਬਾਦਲਾਂ ਦਾ ਨਾਂ ਵਰਤ ਕੇ ਅਕਾਲੀ ਸਰਕਾਰ ਦੌਰਾਨ ਅਤੇ ਹੁਣ ਤੱਕ ਕਿੰਨੀਆਂ ਕੁ ਠੱਗੀਆਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ ਅਤੇ ਪਿਛਲੇ 10 ਸਾਲਾਂ ਵਿੱਚ ਪੰਜਾਬ ਦਾ ਜਿੰਨਾਂ ਵਿਕਾਸ ਹੋਇਆ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ ਹੈ।