Nabaz-e-punjab.com

ਅਕਾਲੀ ਜਥੇਦਾਰ ਗੁਰਮੀਤ ਸਿੰਘ ਸ਼ਾਮਪੁਰ 4 ਸਾਲ ਪੁਰਾਣੇ ਖ਼ੁਦਕੁਸ਼ੀ ਕੇਸ ਵਿੱਚ ਗ੍ਰਿਫ਼ਤਾਰ, ਜੇਲ੍ਹ ਭੇਜਿਆ

ਪਿੰਡ ਧੀਰਪੁਰ ਦੇ ਵਸਨੀਕ ਬਲਵਿੰਦਰ ਸਿੰਘ ਨੇ 1 ਮਈ 2015 ਨੂੰ ਕੀਤੀ ਸੀ ਖ਼ੁਦਕੁਸ਼ੀ, ਜਥੇਦਾਰ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼

ਖ਼ੁਦਕੁਸ਼ੀ ਦੇ ਮਾਮਲੇ ਵਿੱਚ ਹਾਈ ਕੋਰਟ ਦੀ ਹਦਾਇਤ ’ਤੇ ਸੁਸਾਈਡ ਨੋਟ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਪੁਲੀਸ ਨੇ ਦਰਜ ਕੀਤਾ ਸੀ ਕੇਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਸੋਹਾਣਾ ਪੁਲੀਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਸ਼ਾਮਪੁਰ ਨੂੰ ਅੱਜ ਸਵੇਰੇ ਤੜਕੇ ਗ੍ਰਿਫ਼ਤਾਰ ਕਰ ਲਿਆ। ਅਕਾਲੀ ਆਗੂ ਦੇ ਖ਼ਿਲਾਫ਼ ਪਿੰਡ ਧੀਰਪੁਰ ਦੇ ਬਲਵਿੰਦਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਹੈ। ਬਲਵਿੰਦਰ ਨੇ 1 ਮਈ 2015 ਨੂੰ ਖ਼ੁਦਕੁਸ਼ੀ ਕੀਤੀ ਸੀ। ਇਸ ਸਬੰਧੀ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਅਕਾਲੀ ਜਥੇਦਾਰ ਦੇ ਖ਼ਿਲਾਫ਼ ਮ੍ਰਿਤਕ ਦੇ ਸਪੁੱਤਰ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਧਾਰਾ 306 ਦਾ ਕੇਸ ਦਰਜ ਕੀਤਾ ਗਿਆ ਸੀ।
ਉਧਰ, ਜਥੇਦਾਰ ਸ਼ਾਮਪੁਰ ਦੀ ਗ੍ਰਿਫ਼ਤਾਰ ਨੂੰ ਲੈ ਕੇ ਮੁਹਾਲੀ ਦੇ ਅਕਾਲੀ ਆਗੂ ਤੇ ਵਰਕਰ ਵਿਰੋਧ ਪ੍ਰਦਰਸ਼ਨ ’ਤੇ ਉੱਤਰ ਆਏ ਹਨ। ਇਸ ਸਬੰਧੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦਾ ਉੱਚ ਪੱਧਰੀ ਵਫ਼ਦ ਅੱਜ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੂੰ ਮਿਲਿਆ ਅਤੇ ਅਕਾਲੀ ਜਥੇਦਾਰ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਦਬਾਅ ਕਾਰਨ ਪੁਲੀਸ ਨੇ ਜਥੇਦਾਰ ਸ਼ਾਮਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮੌਕੇ ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਸਿਮਰਨਜੀਤ ਸਿੰਘ ਚੰਦੂਮਾਜਰਾ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸੁਰਿੰਦਰ ਸਿੰਘ ਰੋਡਾ ਅਤੇ ਹਰਮਨਪ੍ਰੀਤ ਸਿੰਘ ਪ੍ਰਿੰਸ਼ ਨੇ ਜ਼ਿਲ੍ਹਾ ਪੁਲੀਸ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸ਼ਾਮਪੁਰ ਖ਼ਿਲਾਫ਼ ਝੂਠਾ ਕੇਸ ਤੁਰੰਤ ਰੱਦ ਨਹੀਂ ਕੀਤਾ ਗਿਆ ਤਾਂ ਅਕਾਲੀ ਦਲ ਵੱਲੋਂ ਸੜਕਾਂ ’ਤੇ ਚੱਕਾ ਜਾਮ ਕਰਕੇ ਰੋਸ ਵਿਖਾਵੇ ਕੀਤੇ ਜਾਣਗੇ। ਅਕਾਲੀ ਆਗੂਆਂ ਨੇ ਪੁਲੀਸ ਅਤੇ ਮੀਡੀਆ ਨੂੰ ਉਹ ਸਾਰੇ ਦਸਤਾਵੇਜ਼ ਵੀ ਦਿਖਾਏ। ਜਿਸ ਵਿੱਚ ਪੁਲੀਸ ਅਧਿਕਾਰੀ ਦਾ ਹਲਫ਼ਨਾਮਾ ਅਤੇ ਦੋਵਾਂ ਧਿਰਾਂ ਵਿੱਚ ਹੋਇਆ ਸਮਝੌਤਾ ਅਤੇ ਪੁਲੀਸ ਦੀ ਜਾਂਚ ਰਿਪੋਰਟ ਵੀ ਸ਼ਾਮਲ ਹੈ। ਯੂਥ ਆਗੂ ਪਰਵਿੰਦਰ ਸਿੰਘ ਨੇ ਦੱਸਿਆ ਕਿ ਡੀਐਸਪੀ ਨੇ ਖ਼ੁਦ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਇਹ ਗੱਲ ਆਖੀ ਸੀ ਕਿ ਅਕਾਲੀ ਆਗੂ ਦੇ ਖ਼ਿਲਾਫ਼ ਧਾਰਾ 306 ਦਾ ਕੇਸ ਨਹੀਂ ਬਣਦਾ ਹੈ।
ਉਧਰ, ਇਸ ਸਬੰਧੀ ਚਾਰ ਸਾਲ ਪਹਿਲਾਂ ਪਿੰਡ ਧੀਰਪੁਰ ਦੇ ਵਸਨੀਕ ਅਮਨਦੀਪ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਅਕਾਲੀ ਆਗੂ ਗੁਰਮੀਤ ਸਿੰਘ ਸ਼ਾਮਪੁਰ ਵੱਲੋਂ ਉਸਦੇ ਪਿਤਾ ਬਲਵਿੰਦਰ ਸਿੰਘ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ, ਜ਼ਮੀਨ ਹੜੱਪਣ ਅਤੇ ਧਮਕੀਆਂ ਦੇ ਕੇ ਖ਼ੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਸੀ। ਜਿਸ ਕਾਰਨ ਮਜਬੂਰ ਹੋ ਕੇ ਉਸ ਦੇ ਪਿਤਾ ਨੇ 1 ਮਈ 2015 ਨੂੰ ਖ਼ੁਦਕੁਸ਼ੀ ਕਰ ਲਈ ਸੀ। ਉਦੋਂ ਵੀ ਇਹ ਮਾਮਲਾ ਮੀਡੀਆ ਦੀਆਂ ਸੁਰੱਖਿਆ ਵਿੱਚ ਆਇਆ ਸੀ।
(ਬਾਕਸ ਆਈਟਮ)
ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਅਕਾਲੀ ਆਗੂਆਂ ਵੱਲੋਂ ਸਿਆਸੀ ਦਬਾਅ ਹੇਠ ਅਕਾਲੀ ਆਗੂ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼ ਸਾਰੀ ਕਾਰਵਾਈ ਤੱਥਾਂ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਹੱਥ ਲਿਖਤ ਖ਼ੁਦਕੁਸ਼ੀ ਨੋਟ ਦੀ ਫੋਰੈਂਸਿਕ ਜਾਂਚ ਕਰਵਾਈ ਗਈ ਹੈ ਅਤੇ ਤਾਜ਼ਾ ਰਿਪੋਰਟ ਵਿੱਚ ਸਪੱਸ਼ਟ ਹੋ ਗਿਆ ਹੈ ਕਿ ਖ਼ੁਦਕੁਸ਼ੀ ਨੋਟ ’ਤੇ ਮਰਨ ਵਾਲੇ ਬਲਵਿੰਦਰ ਸਿੰਘ ਦੇ ਹੀ ਦਸਖ਼ਤ ਹਨ। ਐਸਪੀ ਨੇ ਦੱਸਿਆ ਕਿ ਇਸ ਸਬੰਧੀ ਡੀਏ ਲੀਗਲ ਤੋਂ ਕਾਨੂੰਨੀ ਰਾਇ ਲੈਣ ਮਗਰੋਂ ਗੁਰਮੀਤ ਸਿੰਘ ਦੇ ਖ਼ਿਲਾਫ਼ ਧਾਰਾ 306 ਦਾ ਨਵਾਂ ਪਰਚਾ ਦਰਜ ਕਰਕੇ ਅੱਜ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂਕਿ ਪੁਲੀਸ ਅਧਿਕਾਰੀ ਨੂੰ ਹਾਈ ਕੋਰਟ ਵਿੱਚ ਦਾਇਰ ਹਲਫ਼ਨਾਮੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਤਤਕਾਲੀ ਡੀਐਸਪੀ ਨੇ ਉਦੋਂ ਸਿਰਫ਼ ਕੇਸ ਦੀ ਸਟੇਟਸ ਰਿਪੋਰਟ ਪੇਸ਼ ਕੀਤੀ ਸੀ ਅਤੇ ਉਸ ਸਮੇਂ ਪੁਲੀਸ ਨੂੰ ਖ਼ੁਦਕੁਸ਼ੀ ਨੋਟ ਦੀ ਫੋਰੈਂਸਿਕ ਰਿਪੋਰਟ ਵੀ ਨਹੀਂ ਮਿਲੀ ਸੀ।
(ਬਾਕਸ ਆਈਟਮ)
ਥਾਣਾ ਸੋਹਾਣਾ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਕਾਲੀ ਆਗੂ ਗੁਰਮੀਤ ਸਿੰਘ ਸ਼ਾਮਪੁਰ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ 10 ਜੁਲਾਈ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ ਮਹਿਲਾ ਪ੍ਰੋਫ਼ੈਸਰਾਂ ਸਮ…