
ਅਕਾਲੀ ਆਗੂ ਕਮਲਜੀਤ ਰੂਬੀ ਅਤੇ ਕੌਂਸਲਰ ਹਰਜਿੰਦਰ ਕੌਰ ਵੱਲੋਂ ਪਰਵਿੰਦਰ ਸੋਹਾਣਾ ਦੇ ਹੱਕ ਵਿੱਚ ਚੋਣ ਪ੍ਰਚਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਅਤੇ ਨਗਰ ਨਿਗਮ ਦੀ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਵੱਲੋਂ ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਮੁਹਾਲੀ ਵਿੱਚ ਵੱਖ-ਵੱਖ ਥਾਈਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਰੂਬੀ ਅਤੇ ਬੀਬੀ ਹਰਜਿੰਦਰ ਕੌਰ ਸੋਹਾਣਾ ਨੇ ਕਿਹਾ ਕਿ ਸ਼ਹਿਰ ਮੋਹਾਲੀ ਵਿੱਚ ਫੈਲ ਚੁੱਕੀ ਸਿਆਸੀ ਗੁੰਡਾਗਰਦੀ ਨੂੰ ਨਕੇਲ ਪਾਉਣ ਲਈ ਅਤੇ ਹਲਕਾ ਮੁਹਾਲੀ ਨੂੰ ਵਿਕਾਸ ਦੇ ਰਾਹ ਉਤੇ ਚਲਾਉਣ ਲਈ ਜ਼ਰੂਰੀ ਹੋ ਗਿਆ ਹੈ ਕਿ ਇਸ ਵਾਰ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਵਾਲੀ ਸਰਕਾਰ ਬਣਾਈ ਜਾਵੇ ਅਤੇ ਪੰਜਾਬ ਦੀ ਕਮਾਂਡ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਭਾਲੀ ਜਾਵੇ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਨ। ਕਦੇ ਗਮਾਡਾ ਦੇ ਸੈਕਟਰਾਂ ਵਿੱਚ ਪਾਣੀ ਦੇ ਪੰਜ ਗੁਣਾਂ ਵਧਾਏ ਰੇਟ ਅਤੇ ਕਦੇ ਨਗਰ ਨਿਗਮ ਦਾ ਮੇਅਰ ਆਪਣੇ ਭਰਾ ਨੂੰ ਬਣਾਉਣ ਲਈ ਚੋਣਾਂ ਵਿੱਚ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਨੂੰ ਮੁਹਾਲੀ ਸ਼ਹਿਰ ਦੇ ਲੋਕ ਹਾਲੇ ਭੁੱਲੇ ਨਹੀਂ ਹਨ ਅਤੇ ਇਨ੍ਹਾਂ ਧੱਕੇਸ਼ਾਹੀਆਂ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਠੱਲ੍ਹ ਪਾਉਣ ਲਈ ਇਸ ਵਾਰ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਲਿਆਉਣੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਵੋਟਾਂ ਪਾ ਕੇ ਨੌਜਵਾਨ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ ਕਾਮਯਾਬ ਬਣਾਓ।